ਠੰਢ ਕਾਰਨ ਚੌਕੀਦਾਰ ਦੀ ਮੌਤ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜਨਵਰੀ
ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੰਜਾਬ ਅੰਦਰ ਠੰਢ ਵੀ ਵਧਣੀ ਸ਼ੁਰੂ ਹੋ ਗਈ ਹੈ ਤੇ ਠੰਢ ਵਧਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹਸਪਤਾਲਾਂ ਵਿਚ ਠੰਢ ਲੱਗਣ ਕਾਰਨ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ ਜਿਸ ਸਬੰਧੀ ਸਿਹਤ ਵਿਭਾਗ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੌਸਮ ਵਿਭਾਗ ਵੱਲੋਂ ਵੀ ਪੰਜਾਬ ਅੰਦਰ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਸਲੱਮ ਖੇਤਰ ਵਿਚ ਰਾਤ ਸਮੇਂ ਦੁਕਾਨਾਂ ਉੱਤੇ ਚੌਕੀਦਾਰ ਤਰਸੇਮ ਸਿੰਘ ਉਰਫ਼ ਰਾਣਾ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਥਾਣਾ ਸਿਟੀ ਦੱਖਣੀ ਦੇ ਜਾਂਚ ਅਧਿਕਾਰੀ ਏਐੱਸਆਈ ਹਰਜਿੰਦਰ ਸਿੰਘ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 52 ਸਾਲ ਸੀ। ਇਥੇ ਸਿਹਤ ਵਿਭਾਗ ਨੇ ਵਧ ਰਹੀ ਠੰਢ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਗਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸੀਤ ਲਹਿਰ ਦੌਰਾਨ ਬਜ਼ੁਰਗ ਅਤੇ ਰੋਗਾਂ ਤੋਂ ਪੀੜਤ ਮਰੀਜ਼ ਸਵੇਰ ਅਤੇ ਦੇਰ ਸ਼ਾਮ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰ ਕੱਜ ਕੇ ਰੱਖਣ। ਉਨ੍ਹਾਂ ਕਿਹਾ ਕਿ ਦਮਾ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਵੀ ਠੰਢ ਤੋਂ ਬਚਾਅ ਰੱਖਣ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਮਲ ਕਰਨ। ਉਨ੍ਹਾਂ ਕਿਹਾ ਹੈ ਕਿ ਇਸ ਸਮੇਂ ਦੌਰਾਨ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਜਾਂ ਲੋੜ ਅਨੁਸਾਰ ਕੋਸਾ ਪਾਣੀ ਪੀਤਾ ਜਾਵੇ। ਉਨ੍ਹਾਂ ਕਿਹਾ ਕਿ ਸੀਤ ਲਹਿਰ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਆਕਸੀਜਨ ਦੀ ਕਮੀ ਹੋਣ ਨਾਲ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।