For the best experience, open
https://m.punjabitribuneonline.com
on your mobile browser.
Advertisement

ਕਿਲਾ ਰਾਏਪੁਰ ਦੀਆਂ ਖੇਡਾਂ ਵੇਖਦਿਆਂ

07:18 AM Feb 11, 2024 IST
ਕਿਲਾ ਰਾਏਪੁਰ ਦੀਆਂ ਖੇਡਾਂ ਵੇਖਦਿਆਂ
ਕਿਲਾ ਰਾਏਪਰ ਦੇ ਖੇਡ ਮੇਲੇ ਵਿੱਚ ਬਾਬਿਆਂ ਦੀ ਦੌੜ।
Advertisement

Advertisement

ਪ੍ਰਿੰ. ਸਰਵਣ ਸਿੰਘ

ਐਤਕੀਂ ਕਿਲਾ ਰਾਏਪੁਰ ਦੀਆਂ ਖੇਡਾਂ 12 ਤੋਂ 14 ਫਰਵਰੀ ਤੱਕ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੀ ਸਰਪ੍ਰਸਤੀ ’ਚ ਕਰਾਈਆਂ ਜਾਣਗੀਆਂ ਜੋ ‘ਰੂਰਲ ਓਲੰਪਿਕਸ’ ਦੇ ਨਾਂ ਹੇਠ ਹੋਣਗੀਆਂ। ਇਨ੍ਹਾਂ ਵਿੱਚ ਹਾਕੀ, ਕਬੱਡੀ, ਕੁਸ਼ਤੀ, ਰੱਸਾਕਸ਼ੀ, ਛਾਲਾਂ, ਦਿਵਿਆਂਗਾਂ ਦੀਆਂ ਦੌੜਾਂ ਅਤੇ ਗਾਉਣ ਵਜਾਉਣ ਦੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਮੈਂ ਇਹ ਖੇਡਾਂ ਸੱਠ ਪੈਂਹਠ ਸਾਲਾਂ ਤੋਂ ਵੇਖਦਾ ਆ ਰਿਹਾ ਹਾਂ। ਬੜੀਆਂ ਅਭੁੱਲ ਯਾਦਾਂ ਹਨ ਇਸ ਖੇਡ ਮੇਲੇ ਦੀਆਂ।
ਇਹ ਖੇਡ ਮੇਲਾ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ ਹੈ ਜਿੱਥੇ ਖੇਡਦੇ ਮੱਲਦੇ ਤੇ ਨੱਚਦੇ ਗਾਉਂਦੇ ਪੰਜਾਬ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ, ਗੱਤਕੇ ਤੇ ਤਲ਼ੇ ਜਾਂਦੇ ਪਕੌੜਿਆਂ ਦੀ ਕਰਾਰੀ ਮਹਿਕ ਤੱਕ ਸਭ ਕੁਝ ਹੁੰਦਾ ਹੈ। ਜਲੇਬੀਆਂ ਨਿਕਲ ਰਹੀਆਂ ਹੁੰਦੀਆਂ ਅਤੇ ਮੂੰਗਫਲੀ ਭੁੰਨੀ ਜਾ ਰਹੀ ਹੁੰਦੀ ਹੈ। ਉੱਥੇ ਧੂੜਾਂ ਉੱਡਦੀਆਂ, ਮਹਿਕਾਂ ਖਿਲਰਦੀਆਂ, ਮੇਲੀ-ਗੇਲੀ ਮੇਲ੍ਹਦੇ ਤੇ ਟਹਿਲਦੇ ਮਿਲਦੇ ਹਨ। ਖਿਡਾਰੀਆਂ ਦੇ ਲਿਸ਼ਕਦੇ ਜੁੱਸੇ, ਗਿੱਧਾ ਪਾਉਂਦੀਆਂ ਮੁਟਿਆਰਾਂ ਦੇ ਹਾਰ ਸ਼ਿੰਗਾਰ, ਭੰਗੜੇ ਪਾਉਂਦੇ ਨੌਜੁਆਨਾਂ ਦੇ ਕੈਂਠੇ ਤੇ ਚਾਦਰੇ, ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ ਤੇ ਮਾਈਆਂ ਬੀਬੀਆਂ ਦੀਆਂ ਫੁਲਕਾਰੀਆਂ ਲਹਿਰਾਉਂਦੀਆਂ ਦਿਸਦੀਆਂ ਹਨ। ਉੱਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਨਜ਼ਰੀਂ ਪੈਂਦਾ ਹੈ।

ਦੰਦਾਂ ਨਾਲ ਹਲ ਚੁੱਕ ਕੇ ਕਰਤੱਬ ਦਿਖਾਉਂਦਾ ਨੌਜਵਾਨ।

ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਉਹ ਕਿਲਾ ਰਾਏਪੁਰ ਦਾ ਖੇਡ ਮੇਲਾ ਵੇਖ ਲਵੇ। ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜ਼ਾਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤਬ ਤੇ ਕੁੜੀਆਂ ਮੁੰਡਿਆਂ ਦੀ ਹਾਕੀ। ਵਿੱਚੇ ਝੂਮਰ ਪਈ ਜਾਂਦੇ ਹਨ, ਵਿੱਚੇ ਧਮਾਲਾਂ ਤੇ ਵਿੱਚੇ ਊਠਾਂ ਘੋੜੀਆਂ ਦੀ ਦੌੜ ਹੋਈ ਜਾਂਦੀ ਹੈ। ਕਿਧਰੇ ਸਾਨ੍ਹ ਤੇ ਬੰਦੇ ਦਾ ਭੇੜ ਹੁੰਦਾ ਹੈ ਤੇ ਸਿਖਾਏ ਸਿਧਾਏ ਵਹਿੜਕੇ ਮੰਜੀਆਂ ਟੱਪਦੇ ਹਨ। ਕੋਈ ਜੁਆਨ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਫੇਰੀ ਜਾਂਦਾ ਹੈ। ਉੱਥੇ ਦੌੜਾਂ ਲਾਉਣ ਵਾਲੇ ਅਥਲੀਟ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਵਿੱਚੇ ਸਾਈਕਲ ਸਵਾਰ ਘੁਕਾਟ ਪਾਈ ਜਾਂਦੇ ਹਨ, ਖੱਚਰ ਰੇਹੜੇ ਦੌੜਦੇ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ ’ਤੇ ਖੜ੍ਹਾ ਸਵਾਰ ਪਾਣੀ ਦਾ ਛੰਨਾ ਹਥੇਲੀ ਉੱਤੇ ਟਿਕਾਈ ਜਾਂਦਾ ਦਿਸਦਾ ਹੈ ਤੇ ਕਿਧਰੇ ਕੋਈ ਨਿਹੰਗ ਸਿੰਘ ਦੋ ਘੋੜਿਆਂ ਉੱਤੇ ਚੜ੍ਹਿਆ ਘੋੜਿਆਂ ਦੀ ਜੋੜੀ ਨੂੰ ਬਰਾਬਰ ਦੌੜਾਈ ਜਾਂਦਾ ਦਰਸ਼ਕਾਂ ਨੂੰ ਦੰਗ ਕਰੀ ਜਾਂਦਾ ਹੈ। ਕੋਈ ਘੰਡੀ ਦੇ ਜ਼ੋਰ ਸਰੀਆ ਦੂਹਰਾ ਕਰਦਾ, ਕੋਈ ਅੱਗ ਦੀਆਂ ਲਾਟਾਂ ਵਿਚਦੀ ਲੰਘਦਾ, ਕਿਤੇ ਸੂਲੀ ਦੀ ਛਾਲ ਲੱਗਦੀ ਤੇ ਕਿਧਰੇ ਛੱਤਰਿਆਂ ਦਾ ਭੇੜ ਹੁੰਦਾ ਹੈ। ਕਿਸੇ ਪਾਸੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾ ਖਿੱਚਦਿਆਂ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਪੀਟੀ ਜੋਗਿੰਦਰ ਸਿੰਘ ਤੇ ਦਾਰੇ ਗਰੇਵਾਲ ਹੋਰਾਂ ਦੀ ਕੁਮੈਂਟਰੀ ਗੂੰਜਦੀ ਹੈ:

  • ਲੈ ਬਈ ਮੁੰਡਿਆ ਲਾ ਛਾਲ ਕਿ ਤੈਨੂੰ ਵੀ ਕੋਈ ਢੋਲ-ਢੂਲ ਆਲਾ ਚਾਹੀਦੈ?
  • ਹੁਣ ਗਾਉਣ ਵਾਲੇ ਵੀ ਸਟਾਰਟਿੰਗ ਲਾਈਨ ’ਤੇ ਆ ਜਾਣ।
  • ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨੀ ਹਿੱਲਦਾ ਹੁਣ।
  • ਔਹ ਡਿੱਗ-ਪੀ ਝੰਡੀ। ਆਉਂਦੇ ਆ ਵਹਿੜਕੇ ’ਵਾ ਨੂੰ ਗੰਢਾਂ ਦਿੰਦੇ।
  • ਮੇਲੇ ’ਚ ਜੀਹਦਾ ਜੁਆਕ ਗੁਆਚਿਆ ਸੀ, ਲੱਭ ਗਿਆ, ਆ ਕੇ ਸਟੇਜ ’ਤੋਂ ਲੈ ਜੋ।
  • ਗੱਤਕੇ ਦੇ ਜੌਹਰ ਵਿਖਾਉਣ ਵਾਲੇ ਵੀ ਹੁਣ ਮੈਦਾਨੇ ਜੰਗ ’ਚ ਆ ਜਾਣ...

ਕਿਲਾ ਰਾਏਪੁਰ ਦਾ ਪੇਂਡੂ ਖੇਡ ਮੇਲਾ ਪਰਦੇਸਾਂ ਵਿੱਚ ਵੀ ਪ੍ਰਸਿੱਧ ਹੈ। ਮੀਡੀਆ ਨੇ ਇਸ ਨੂੰ ‘ਪੇਂਡੂ ਓਲੰਪਿਕਸ’ ਦਾ ਨਾਂ ਦਿੱਤਾ ਹੈ। ਮੇਲੇ ’ਚ ਝੰਡੇ ਝੂਲਦੇ, ਬੈਂਡ ਵੱਜਦੇ ਤੇ ਗਾਇਕਾਂ ਦਾ ਗੀਤ ਸੰਗੀਤ ਹੁੰਦਾ ਹੈ। ਜਿਮਨਾਸਟ ਆਪਣੀਆਂ ਕਲਾਬਾਜ਼ੀਆਂ ਵਿਖਾਉਂਦੇ ਤੇ ਪੈਰਾ ਸ਼ੂਟਰ ਆਸਮਾਨ ’ਚ ਤੈਰਦੇ ਹਨ। ਨਿਸ਼ਾਨਚੀ ਅੱਖਾਂ ਬੰਨ੍ਹ ਕੇ ਤੀਰ ਚਲਾਉਂਦੇ ਤੇ ਗੰਨਾਂ ਦੇ ਨਿਸ਼ਾਨੇ ਲਾਉਂਦੇ ਹਨ। ਬਾਜ਼ੀਗਰਾਂ ਦੇ ਕਰਤਬਾਂ ਦਾ ਆਪਣਾ ਨਜ਼ਾਰਾ ਹੁੰਦਾ ਹੈ। ਦੂਰ ਤੱਕ ਹਰੀ ਭਾਹ ਮਾਰਦੀਆਂ ਕਣਕਾਂ ਵਿਚਕਾਰ ਖੁੱਲ੍ਹੇ ਸਟੇਡੀਅਮ ਵਿੱਚ ਅਸਚਰਜ ਖੇਡ ਤਮਾਸ਼ੇ ਤੇ ਖੇਡ ਮੁਕਾਬਲੇ ਹੁੰਦੇ ਹਨ। ਮੇਲੀਆਂ ਦੀਆਂ ਰੰਗ ਬਰੰਗੀਆਂ ਪੱਗਾਂ ਤੇ ਬੀਬੀਆਂ ਦੀਆਂ ਰੰਗੀਨ ਚੁੰਨੀਆਂ ਨਾਲ ਗੁਲਜ਼ਾਰ ਖਿੜ ਉੱਠਦੀ ਹੈ। ਆਏ ਸਾਲ ਰੰਗਾਂ ਦੀ ਅਜਿਹੀ ਲੀਲ੍ਹਾ ਰਚੀ ਜਾਂਦੀ ਹੈ ਜੀਹਦਾ ਨਜ਼ਾਰਾ ਫੇਰ ਸਾਲ ਭਰ ਨਹੀਂ ਭੁੱਲਦਾ।
ਇਸ ਖੇਡ ਮੇਲੇ ਦੀ ਸ਼ੁਰੂਆਤ 1934 ਵਿੱਚ ਹੋਈ ਸੀ। ਪੜ੍ਹੇ ਲਿਖੇ ਗਰੇਵਾਲਾਂ ਨੇ ਦੂਰ ਦੀ ਸੋਚ ਕੇ ਬੱਚਿਆਂ ਤੇ ਨੌਜੁਆਨਾਂ ਨੂੰ ਚੰਗੇ ਪਾਸੇ ਲਾਉਣ ਲਈ ਇਹ ਖੇਡ ਮੇਲਾ ਸ਼ੁਰੂ ਕੀਤਾ ਸੀ। ਪਹਿਲੇ ਸਾਲ ਹਾਕੀ ਦੀ ਖੇਡ ਦਾ ਹੀ ਟੂਰਨਾਮੈਂਟ ਹੋਇਆ ਸੀ ਜਿਸ ਲਈ ਛੋਟਾ ਜਿਹਾ ਕੱਪ ਇਨਾਮ ਰੱਖਿਆ ਸੀ। ਉਹ ਕੱਪ ਹੁਣ ਘਸਮੈਲਾ ਹੋਇਆ ਪਿਆ ਹੈ ਜਿਸ ਨੂੰ ਅਮੁੱਲ ਵਸਤੂ ਸਮਝਦਿਆਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਹੁਣ ਤੱਕ ਸੰਭਾਲਿਆ ਹੋਇਆ ਹੈ। ਉਸ ਵਿੱਚ ਮੋਰੀ ਹੋ ਗਈ ਸੀ ਜਿਸ ਨੂੰ ਟਾਂਕਾ ਲੁਆ ਕੇ ਬੈਂਕ ਲਾਕਰ ’ਚ ਰੱਖਿਆ ਹੈ। ਅਚਾਨਕ ਨਾਰੰਗਵਾਲ ਦੇ ਪ੍ਰਹਿਲਾਦ ਸਿੰਘ ਗਰੇਵਾਲ ਦਾ ਪੁੱਤਰ ਅਫਰੀਕਾ ਵਿੱਚ ਪਾਣੀ ’ਚ ਡੁੱਬ ਕੇ ਗੁਜ਼ਰ ਗਿਆ। ਬਾਪ ਨੇ ਪੁੱਤਰ ਦੀ ਯਾਦ ਵਿੱਚ 100 ਤੋਲ਼ੇ ਸ਼ੁੱਧ ਸੋਨੇ ਦਾ ਭਗਵੰਤ ਮੈਮੋਰੀਅਲ ਕੱਪ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਭੇਟ ਕੀਤਾ। ਉਹ ਕੱਪ ਹਾਕੀ ਦੀ ਸਰਦਾਰੀ ਦਾ ਚਿੰਨ੍ਹ ਹੈ ਜਿਸ ਨੂੰ ਜਿੱਤਣ ਲਈ ਹਰ ਸਾਲ ਹਾਕੀ ਦੀਆਂ ਟੀਮਾਂ ਜੂਝਦੀਆਂ ਹਨ।

ਖੇਡ ਮੇਲੇ ’ਚ ਵੱਡੇ ਟਾਇਰ ਨੂੰ ਮੋਢਿਆਂ ਉੱਤੇ ਚੁੱਕਦਾ ਖਿਡਾਰੀ। ਫੋਟੋਆਂ: ਹਿਮਾਂਸ਼ੂ ਮਹਾਜਨ

ਪਹਿਲੇ ਸਾਲ ਹਾਕੀ ਦੇ ਟੂਰਨਾਮੈਂਟ ਨਾਲ ਵਾਲੀਬਾਲ ਦਾ ਸ਼ੋਅ ਮੈਚ ਤੇ ਕੁਝ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਸਨ। ਰਾਤ ਨੂੰ ਧਾਰਮਿਕ ਦੀਵਾਨ ਲੱਗਾ ਸੀ। ਦੂਜੇ ਸਾਲ ਬੈਲਗੱਡੀਆਂ ਦੀ ਦੌੜ ਸ਼ਾਮਲ ਕੀਤੀ ਗਈ ਜਿਸ ਨੇ ਪੇਂਡੂ ਲੋਕਾਂ ਨੂੰ ਅਜਿਹਾ ਟੁੰਬਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਿਲਾ ਰਾਏਪੁਰ ਦੀਆਂ ਖੇਡਾਂ ਵੱਲ ਖਿੱਚੇ ਜਾਣ ਲੱਗੇ। ਬੈਲਗੱਡੀਆਂ ਦੀ ਦੌੜ ਇਨ੍ਹਾਂ ਖੇਡਾਂ ਦੀ ਵਿਸ਼ੇਸ਼ ਖਿੱਚ ਬਣ ਗਈ। ਇਸ ਦੌੜ ਦਾ ਮੋਹਰੀ ਬਖਸ਼ੀਸ਼ ਸਿੰਘ ਸੀ ਜੀਹਦੇ ਬਾਰੇ ਟੱਪਾ ਪ੍ਰਚਲਤ ਹੋਇਆ- ਬਖਸ਼ੀ ਚਾਲਕ ਨੀ ਕਿਸੇ ਬਣ ਜਾਣਾ, ਘਰ ਘਰ ਪੁੱਤ ਜੰਮਦੇ।
1943 ’ਚ ਕਲਕੱਤਿਓਂ ਦਲੀਪ ਸਿੰਘ ਗਰੇਵਾਲ ਮੇਲਾ ਵੇਖਣ ਆਇਆ। ਉਹਦਾ ਟਰਾਂਸਪੋਰਟ ਦਾ ਕਾਰੋਬਾਰ ਸੀ। ਉਸ ਕੋਲ ਮਾਇਆ ਵੀ ਸੀ ਤੇ ਮਾਇਆ ਦੀ ਸੋਟ ਕਰਨ ਦਾ ਦਿਲ ਵੀ। ਉਹ ਮੇਲੇ ਵਿੱਚ ਖਿਡਾਰੀਆਂ ਉੱਤੇ ਰੁਪਈਆਂ ਦਾ ਮੀਂਹ ਵਰ੍ਹਾਉਣ ਲੱਗਾ। ਜਦੋਂ ਬਹੁਤੇ ਪੇਂਡੂਆਂ ਨੇ ਸੌ ਦਾ ਨੋਟ ਵੇਖਿਆ ਵੀ ਨਹੀਂ ਸੀ ਉਹ ਕਬੱਡੀ ਦੇ ਇੱਕ-ਇੱਕ ਪੁਆਇੰਟ ਉੱਤੇ ਸੌ-ਸੌ ਦੇ ਨੋਟ ਇਨਾਮ ਦੇਣ ਲੱਗਾ। ਸੌ ਦਾ ਪਹਿਲਾ ਨੋਟ ਕਬੱਡੀ ਦੇ ਮਸ਼ਹੂਰ ਖਿਡਾਰੀ ਬਿੱਲੂ ਰਾਜੇਆਣੀਏਂ ਨੂੰ ਮਿਲਿਆ। ਉਦੋਂ ਪੀਟੀ ਜੋਗਿੰਦਰ ਸਿੰਘ ਕੁਮੈਂਟਰੀ ਕਰਦਾ ਹੁੰਦਾ ਸੀ। ਉਹਦੇ ਹਾਸਰਸੀ ਟੋਟਕੇ ਤੇ ਲੋਕ ਗੀਤ ਦਰਸ਼ਕਾਂ ਨੂੰ ਬੰਨ੍ਹੀ ਰੱਖਦੇ ਸਨ। ਜਦੋਂ ਬਿੱਲੂ ਨੇ ਗੁੱਟ ਫੜਨਾ ਤਾਂ ਪੀਟੀ ਨੇ ਸਪੀਕਰ ਤੋਂ ਕਹਿਣਾ, ‘‘ਲੈ ਆ-ਗੀ ਘੁਲਾੜੀ ’ਚ ਬਾਂਹ। ਲੱਗਗੇ ਜਿੰਦੇ। ਭਲਾ ਘੁਲਾੜੀ ’ਚੋਂ ਬਾਂਹ ਵੀ ਕਦੇ ਨਿਕਲੀ ਐ?’’ ਬੈਲਗੱਡੀਆਂ ਦੀ ਦੌੜ ਵੇਲੇ ਉਹ ਗੱਡੀ ਨਾਲ ਸੰਬੰਧਿਤ ਲੋਕ ਗੀਤਾਂ ਦੇ ਟੱਪੇ ਸੁਣਾ ਕੇ ਮੇਲੇ ਨੂੰ ਨਿਹਾਲ ਕਰਦਾ:

  • ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ ਚਾਅ ਮੁਕਲਾਵੇ ਦਾ।
  • ਤੈਨੂੰ ਕੀ ਮੁਕਲਾਵਾ ਤਾਰੂ ਰੋਂਦੇ ਯਾਰ ਛੱਡ ਗਈ...

ਇਕੇਰਾਂ ਬੈਲਗੱਡੀਆਂ ਦੀ ਦੌੜ ’ਚ ਗੱਡੀਆਂ ਭਿੜਨ ਕਰਕੇ ਇੱਕ ਬਲਦ ਦੀ ਮੌਤ ਹੋ ਗਈ। ਕਿਲਕਾਰੀਆਂ ਮਾਰਦਾ ਮੇਲਾ ਅਫ਼ਸੋਸ ਵਿੱਚ ਡੁੱਬ ਗਿਆ। ਪੀਟੀ ਨੇ ਜਜ਼ਬਾਤੀ ਹੋ ਕੇ ਕਿਹਾ, ‘‘ਲੋਕੋ ਇਹ ਬਲਦ ਨੀ ਮਰਿਆ, ਇੱਕ ਜਹਾਜ਼ ਦਾ ਕਪਤਾਨ ਸਮੁੰਦਰੀ ਤੂਫ਼ਾਨ ਵਿੱਚ ਮਰ ਗਿਆ। ਮਗਰੋਂ ਉਹਦਾ ਪੁੱਤ ਕਪਤਾਨ ਬਣਿਆ। ਉਹਦੀ ਮੌਤ ਵੀ ਸਮੁੰਦਰੀ ਤੂਫ਼ਾਨ ’ਚ ਹੋਈ। ਪਿੱਛੋਂ ਜਦੋਂ ਉਹਦਾ ਪੋਤਾ ਜਹਾਜ਼ ਦਾ ਕਪਤਾਨ ਬਣਿਆ ਤਾਂ ਇੱਕ ਬੰਦੇ ਨੇ ਆਖਿਆ, ਤੂੰ ਜਹਾਜ਼ ਨਾ ਚਲਾ, ਤੇਰਾ ਪਿਓ ਤੇ ਦਾਦਾ ਜਹਾਜ਼ ’ਚ ਮਰੇ ਨੇ। ਪੋਤਾ ਪੁੱਛਣ ਲੱਗਾ, ਤੇਰਾ ਪਿਓ ਕਿੱਥੇ ਮਰਿਆ ਸੀ? ਜਵਾਬ ਮਿਲਿਆ, ਮੰਜੇ ਉੱਤੇ। ਤੇ ਦਾਦਾ? ਜਵਾਬ ਫੇਰ ਉਹੀ ਸੀ, ਮੰਜੇ ’ਤੇ। ਕਪਤਾਨ ਕਹਿਣ ਲੱਗਾ, ਫਿਰ ਤੁਸੀਂ ਮੰਜੇ ਕਿਉਂ ਨਹੀਂ ਛੱਡ ਦਿੰਦੇ? ਬਲਦ ਖੁਰਲੀ ’ਤੇ ਖੜ੍ਹਾ ਵੀ ਮਰ ਸਕਦਾ ਸੀ ਪਰ ਉਹਦੀਆਂ ਗੱਲਾਂ ਕਿਸੇ ਨੇ ਨਹੀਂ ਸੀ ਕਰਨੀਆਂ ਤੇ ਨਾ ਉਹਦੇ ਮਾਲਕ ਦਾ ਨਾਂ ਲੈਣਾ ਸੀ। ਵੇਖਿਓ ਗੱਡੀਆਂ ਭਜਾਉਣ ਵਾਲਿਓ! ਕਿਤੇ ਦਿਲ ਨਾ ਛੱਡ ਜਿਓ। ਆਓ ਆਪਾਂ ਬਲਦ ਦੇ ਮਾਲਕ ਦਾ ਦੁੱਖ ਵੰਡਾਈਏ।’’ ਉਸੇ ਵੇਲੇ ਮੇਲੇ ’ਚੋਂ ਏਨੇ ਪੈਸੇ ਜੁੜ ਗਏ ਜਿਸ ਨਾਲ ਇੱਕ ਦੀ ਥਾਂ ਦੋ ਬਲਦ ਲਏ ਜਾ ਸਕਦੇ ਸਨ। ਜਾਨਵਰਾਂ ਪ੍ਰਤੀ ਕਰੂਰਤਾ ਹੋਣ ਦੀਆਂ ਖ਼ਬਰਾਂ ਕਾਰਨ ਬੈਲਗੱਡੀਆਂ ਦੀ ਦੌੜ ਜਿਹੀਆਂ ਖੇਡਾਂ ਕੁਝ ਸਾਲਾਂ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਸ ਖੇਡ ਮੇਲੇ ’ਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਪ੍ਰਸਿੱਧ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਂਦੇ ਰਹੇ। ਓਲੰਪੀਅਨ ਕਰਨਲ ਗੁਰਚਰਨ ਸਿੰਘ ਤਾਂ ਸੀ ਹੀ ਕਿਲਾ ਰਾਏਪੁਰ ਦਾ। ਦੇਸ਼ ਭਰ ’ਚੋਂ ਚੋਟੀ ਦੇ ਅਥਲੀਟ ਇੱਥੇ ਟਰੈਕ ’ਚ ਦੌੜਦੇ ਰਹੇ। ਮਿਲਖਾ ਸਿੰਘ ਤੇ ਮੱਖਣ ਸਿੰਘ ਆਏ, ਪ੍ਰਦੁੱਮਣ ਸਿੰਘ ਆਇਆ, ਬਲਕਾਰ ਸਿੰਘ ਵੀ, ਗੁਰਬਚਨ ਸਿੰਘ ਰੰਧਾਵਾ ਤੇ ਪਰਵੀਨ ਕੁਮਾਰ ਵੀ। ਇੱਥੇ ਕੁਸ਼ਤੀਆਂ ਭਾਵੇਂ ਨਹੀਂ ਹੋਈਆਂ ਪਰ ਪਹਿਲਵਾਨ ਦਾਰਾ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਤੱਕ ਸਭ ਦਰਸ਼ਨ ਦਿੰਦੇ ਰਹੇ। ਜਿਵੇਂ ਪੰਜਾਬੀ ਮੂਲ ਦੇ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬੇਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ’ਚੋਂ ਸਾਈਕਲ ਦੌੜ ’ਚ ਸੋਨੇ ਦਾ ਤਮਗ਼ਾ ਜਿੱਤਿਆ। ਅਲੈਕਸੀ ਸਿੰਘ 4 ਫਰਵਰੀ 2018 ਨੂੰ ਕਿਲਾ ਰਾਏਪੁਰ ਦਾ 82ਵਾਂ ਖੇਡ ਮੇਲਾ ਵੇਖਣ ਆਇਆ।
1953 ’ਚ ਪਾਕਿਸਤਾਨੀ ਪੰਜਾਬ ਦੀ ਕਬੱਡੀ ਟੀਮ ਕਿਲਾ ਰਾਏਪੁਰ ਆਈ। 1970ਵਿਆਂ ’ਚ ਇੰਗਲੈਂਡ ਦੀ ਕਬੱਡੀ ਟੀਮ ਇੱਥੇ ਢੁੱਕੀ। ਮਾਡਰਨ ਭੰਗੜੇ ਦਾ ਬਾਨੀ ਮਨੋਹਰ ਦੀਪਕ ਇੱਥੋਂ ਦੀਆਂ ਖੇਡਾਂ ’ਚ ਭੰਗੜਾ ਪਾਉਂਦਾ ਫਿਲਮਕਾਰਾਂ ਦੀ ਨਜ਼ਰੀਂ ਚੜ੍ਹਿਆ। ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ ਤੇ ਐੱਮ.ਐੱਲ. ਕਪੂਰ ਵਰਗੇ ਪੱਤਰਕਾਰ ਇਹ ਖੇਡਾਂ ਵੇਖਦੇ ਤੇ ਅਖ਼ਬਾਰਾਂ ’ਚ ਜ਼ਿਕਰ ਕਰਦੇ। ਇੱਥੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ਼ਿਵ ਕੁਮਾਰ ਹੋਰੀਂ ਆਏ। ਜੱਸੋਵਾਲ ਤਾਂ ਸੀ ਹੀ ਘਰ ਦਾ ਬੰਦਾ।
ਮੈਂ ਅਕਸਰ ਆਖਦਾ ਹਾਂ, ਜੀਹਨੇ ਕਿਲਾ ਰਾਏਪੁਰ ਦੀਆਂ ਖੇਡਾਂ ਨਹੀਂ ਵੇਖੀਆਂ ਉਹਨੇ ਅਜੇ ਖੇਡਾਂ ਵੇਖੀਆਂ ਹੀ ਨਹੀਂ। ਇਨ੍ਹਾਂ ਖੇਡਾਂ ਨੇ ਪੰਜਾਬ ’ਚ ਸੈਂਕੜੇ ਖੇਡ ਮੇਲਿਆਂ ਨੂੰ ਜਾਗ ਲਾਈ। ਜਿਵੇਂ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦਾ ਹੈ ਉਵੇਂ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਪੰਜਾਬ ਦੇ ਖੇਡ ਮੇਲਿਆਂ ਦੀ ਮਾਂ ਕਿਹਾ ਜਾ ਸਕਦਾ ਹੈ।
ਈ-ਮੇਲ: principalsarwansingh@gmail.com

Advertisement
Author Image

Advertisement
Advertisement
×