For the best experience, open
https://m.punjabitribuneonline.com
on your mobile browser.
Advertisement

ਕੂੜਾ ਪ੍ਰਬੰਧਨ: ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਪ੍ਰਾਜੈਕਟ ਪ੍ਰਮੋਟਰਾਂ ਨਾਲ ਮੀਟਿੰਗ

06:53 AM Jun 30, 2024 IST
ਕੂੜਾ ਪ੍ਰਬੰਧਨ  ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਪ੍ਰਾਜੈਕਟ ਪ੍ਰਮੋਟਰਾਂ ਨਾਲ ਮੀਟਿੰਗ
ਕੂੜਾ ਪ੍ਰਬੰਧਨ ਦੇ ਮੁੱਦੇ ’ਤੇ ਪ੍ਰਮੋਟਰਾਂ ਨਾਲ ਚਰਚਾ ਕਰਦੇ ਹੋਏ ਗਮਾਡਾ ਦੇ ਮੁੱਖ ਪ੍ਰਸ਼ਾਸਕ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਜੂਨ
ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਥੋਂ ਦੇ ਸਨਅਤੀ ਏਰੀਆ ਫੇਜ਼-8ਬੀ ਸਥਿਤ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ’ਤੇ ਪਾਬੰਦੀ ਲਗਾਉਣ ਨਾਲ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਵੇਂ ਸ਼ਹਿਰੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਪਰ ਇਸ ਸਮੱਸਿਆ ਦੇ ਹੱਲ ਲਈ ਮੁਹਾਲੀ ਪ੍ਰਸ਼ਾਸਨ, ਨਗਰ ਨਿਗਮ ਅਤੇ ਗਮਾਡਾ ਬੇਵੱਸ ਨਜ਼ਰ ਆ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਗਮਾਡਾ ਵੀ ਹੁਣ ਕੂੜੀ ਨੀਂਦ ਤੋਂ ਜਾਗ ਪਿਆ ਹੈ। ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਨੇ ਆਪਣੀ ਚੁੱਪੀ ਤੋੜਦਿਆਂ ਕੂੜੇ ਦੇ ਨਿਬੇਡੇ ਸਬੰਧੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਰੀਅਲ ਅਸਟੇਟ ਪ੍ਰਾਜੈਕਟਾਂ ਦੇ ਪ੍ਰਮੋਟਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪ੍ਰਮੋਟਰਾਂ ਨੂੰ ਦੱਸਿਆ ਕਿ ਪਹਿਲਾਂ ਸ਼ਹਿਰ ਦਾ ਕੂੜਾ ਉਦਯੋਗਿਕ ਏਰੀਆ ਫੇਜ਼-8ਬੀ ਸਥਿਤ ਲੈਂਡ-ਫਿਲ ਵੇਸਟ ਡੰਪਿੰਗ ਸਾਈਟ ’ਤੇ ਸੁੱਟਿਆ ਜਾਂਦਾ ਸੀ ਪਰ ਹੁਣ ਹਾਈ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਬਾਇਓਮੈਡੀਏਸ਼ਨ ਉਪਾਅ ਅਪਣਾਉਣ ਦੇ ਹੁਕਮਾਂ ਦੇ ਮੱਦੇਨਜ਼ਰ ਇੱਥੇ ਕੂੜਾ ਸੁੱਟਣਾ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ।
ਗਮਾਡਾ ਨੇ ਪ੍ਰਮੋਟਰਾਂ ਨੂੰ ਆਪਣੇ ਪ੍ਰਾਜੈਕਟਾਂ ਵਿੱਚ ਵੀ ਕੂੜਾ ਪ੍ਰਬੰਧਨ ਲਈ ਪਹਿਲ ਦੇ ਆਧਾਰ ’ਤੇ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਐਰੋਸਿਟੀ ਅਤੇ ਸੈਕਟਰ-88 ਅਤੇ ਸੈਕਟਰ-89 ਵਿੱਚ 2 ਰਿਸੋਰਸ ਮੈਨੇਜਮੈਂਟ ਸੈਂਟਰਾਂ (ਆਰਐਮਸੀ) ਦੀ ਉਸਾਰੀ ਕੀਤੀ ਜਾ ਰਹੀ ਹੈ ਜਦੋਂਕਿ ਆਈਟੀ ਸਿਟੀ ਵਿੱਚ ਇੱਕ ਹੋਰ ਆਰਐਮਸੀ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।
ਮੁੱਖ ਪ੍ਰਸ਼ਾਸਕ ਨੇ ਮੀਟਿੰਗ ਵਿੱਚ ਹਾਜ਼ਰ ਪ੍ਰਮੋਟਰਾਂ ਨੂੰ ਘਰੋਂ-ਘਰ ਕੂੜਾ ਇਕੱਠਾ ਕਰਨ, ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਥਲੱਗ ਕਰਨ ਸਣੇ ਲੈਂਡ ਫਿਲ ਸਾਈਟ ’ਤੇ ਇਸ ਦੇ ਨਿਬੇੜੇ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ। ਪ੍ਰਮੋਟਰਾਂ ਨੂੰ ਵੈਂਡਰਾਂ ਨਾਲ ਗੱਲ ਕਰਨ ਦਾ ਸੁਝਾਅ ਵੀ ਦਿੱਤਾ, ਜੋ ਪਹਿਲਾਂ ਹੀ ਕੂੜੇ ਦੇ ਨਿਬੇੜੇ ਦਾ ਕੰਮ ਕਰ ਰਹੇ ਹਨ। ਮੋਨੀਸ਼ ਕੁਮਾਰ ਨੇ ਪ੍ਰਮੋਟਰਾਂ ਨੂੰ ਇਹ ਵੀ ਸੁਚੇਤ ਕੀਤਾ ਕਿ ਉਹ ਕੂੜਾ-ਕਰਕਟ ਨੂੰ ਨੀਵੇਂ ਸਥਾਨਾਂ ਵਿੱਚ ਜਾਂ ਕਿਸੇ ਚੋਅ ਜਾਂ ਆਲੇ ਦੁਆਲੇ ਸੁੱਟਣ ਤੋਂ ਗੁਰੇਜ਼ ਕਰਨ। ਇਸ ਨਾਲ ਚੋਅ ਦੀ ਗੰਦਗੀ ਦੇ ਨਾਲ-ਨਾਲ ਮਹਾਂਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੇ ਟੋਇਆਂ ਜਾਂ ਚੋਅ ਵਿੱਚ ਕੂੜਾ ਸੁੱਟਣ ’ਤੇ ਸਬੰਧਤ ਨੂੰ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਪ੍ਰਮੋਟਰਾਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਅਥਾਰਟੀ ਕੂੜੇ ਦੇ ਨਿਬੇੜੇ ਬਾਰੇ ਕਿਸੇ ਵੀ ਸੁਝਾਅ ਲਈ ਤਿਆਰ ਹੈ।
ਮੁੱਖ ਪ੍ਰਸ਼ਾਸਕ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਇਸ ਸਮੱਸਿਆ ਦੇ ਹੱਲ ਲਈ ਗਮਾਡਾ ਨੂੰ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੂੜੇ ਨਾਲ ਸ਼ਹਿਰ ਦਾ ਅਕਸ ਖ਼ਰਾਬ ਹੁੰਦਾ ਹੈ ਅਤੇ ਇਹ ਗਮਾਡਾ ਅਤੇ ਪ੍ਰਮੋਟਰਾਂ ਦਾ ਫਰਜ਼ ਬਣਦਾ ਹੈ ਕਿ ਇਲਾਕੇ ਨੂੰ ਰਹਿਣ ਯੋਗ ਬਣਾਇਆ ਜਾਵੇ।

Advertisement

Advertisement
Author Image

Advertisement
Advertisement
×