ਨਵੇਂ ਕੌਂਸਲ ਪ੍ਰਧਾਨ ਲਈ ਕੂੜਾ ਪ੍ਰਬੰਧਨ ਵੱਡੀ ਚੁਣੌਤੀ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 10 ਅਕਤੂਬਰ
ਹਾਲ ਹੀ ਵਿੱਚ ਚੁਣੇ ਗਏ ਨਗਰ ਕੌਂਸਲ ਪ੍ਰਧਾਨ ਦੀ ਅਗਵਾਈ ਵਿੱਚ ਕੌਂਸਲਰਾਂ ਦੀ ਟੀਮ ਲਈ ਕੂੜਾ ਪ੍ਰਬੰਧਨ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿਸੇ ਵੇਲੇ ਅਹਿਮਦਗੜ੍ਹ ਨਗਰ ਕੌਂਸਲ ਨੂੰ ਸੰਗਰੂਰ ਜ਼ੋਨ ਵਿੱਚ ਸਵੱਛਤਾ ਪੱਖੋਂ ਸਭ ਤੋਂ ਉੱਤਮ ਹੋਣ ਲਈ ਸਨਮਾਨ ਮਿਲਿਆ ਸੀ।
ਵਪਾਰਕ ਇਕਾਈਆਂ, ਸਬਜ਼ੀ ਤੇ ਫਲ ਵਿਕਰੇਤਾਵਾਂ ਅਤੇ ਰੈਸਟੋਰੈਂਟਾਂ ਤੋਂ ਕੂੜਾ ਇਕੱਠਾ ਕਰਨ ਨਾਲ ਸਬੰਧਤ ਮਸਲਿਆਂ ਬਾਰੇ ਵੱਖ-ਵੱਖ ਰਾਜਨੀਤਕ ਪਾਰਟੀਆਂ ਪ੍ਰਤੀ ਵਫ਼ਾਦਾਰੀ ਵਾਲੇ ਕੌਂਸਲਰਾਂ ਵਿੱਚ ਬਹਿਸ ਆਮ ਹੁੰਦੀ ਹੈ। ਅਣਅਧਿਕਾਰਤ ਤੌਰ ’ਤੇ ਮੁੜ ਕੂੜਾ ਸੁੱਟਣ ਦੀ ਹਾਲਤ ਵਿੱਚ ਇੱਕ ਦੂਜੇ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣ ਤੋਂ ਇਲਾਵਾ, ਕੁੱਝ ਵਸਨੀਕਾਂ ਨੇ ਆਪਣੀਆਂ ਇਮਾਰਤਾਂ ਦੇ ਬਾਹਿਰ ਮੁੜ ਕੂੜਾ ਸੁੱਟਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ ਹਨ। ਉੱਧਰ ਨਗਰ ਕੌਂਸਲ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਘਟਾ ਕੇ ਕੂੜੇ ਦੀ ਮਾਤਰਾ ਘਟਾਉਣ ਲਈ ਪ੍ਰੇਰਿਤ ਕੀਤਾ ਜਾਵੇ।