ਵਾਸ਼ਿੰਗਟਨ ਸੁੰਦਰ ਨੇ ‘ਇੰਪੈਕਟ ਫੀਲਡਰ’ ਐਵਾਰਡ ਜਿੱਤਿਆ
ਹੈਦਰਾਬਾਦ, 13 ਅਕਤੂਬਰ
ਭਾਰਤ ਦੇ ਹਰਫਨਮੌਲਾ ਖਿਡਾਰੀ ਵਾਸ਼ਿੰਗਟਨ ਸੁੰਦਰ ਨੇ ਬੰਗਲਾਦੇਸ਼ ਖ਼ਿਲਾਫ਼ ਹਾਲ ਹੀ ’ਚ ਖ਼ਤਮ ਹੋਈ ਟੀ-20 ਲੜੀ ’ਚ ਸ਼ਾਨਦਾਰ ਫੀਲਡਿੰਗ ਕਰਨ ਲਈ ਭਾਰਤੀ ਕ੍ਰਿਕਟ ਟੀਮ ਦਾ ‘ਇੰਪੈਕਟ ਫੀਲਡਰ’ ਐਵਾਰਡ ਜਿੱਤਿਆ। ਵਾਸ਼ਿੰਗਟਨ ਨੇ ਇਸ ਪੁਰਸਕਾਰ ਦੀ ਦੌੜ ਵਿੱਚ ਹਾਰਦਿਕ ਪੰਡਿਆ ਅਤੇ ਰਿਆਨ ਪਰਾਗ ਨੂੰ ਪਛਾੜਿਆ। ਭਾਰਤ ਦੇ ਫੀਲਡਿੰਗ ਕੋਚ ਟੀ ਦਿਲੀਪ ਨੇ ਵਾਸ਼ਿੰਗਟਨ ਦੀ ਫੀਲਡਿੰਗ ਵਿੱਚ ਸੁਧਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਫੀਲਡਿੰਗ ਕਰਦੇ ਸਮੇਂ ਇਕ ਵੱਖਰੀ ਕਿਸਮ ਦਾ ਖਿਡਾਰੀ ਨਜ਼ਰ ਆਇਆ। ਸੰਜੂ ਸੈਮਸਨ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਸ਼ਨਿਚਰਵਾਰ ਨੂੰ ਇੱਥੇ ਖੇਡੇ ਗਏ ਤੀਜੇ ਮੈਚ ’ਚ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾ ਕੇ ਟੀ-20 ਲੜੀ 3-0 ਨਾਲ ਜਿੱਤ ਲਈ। ਦਿਲੀਪ ਲਈ ਐਵਾਰਡ ਦਾ ਪਹਿਲਾ ਦਾਅਵੇਦਾਰ ਪੰਡਿਆ ਸੀ। ਫੀਲਡਿੰਗ ਕੋਚ ਨੇ ਮੈਦਾਨ ’ਤੇ ਖਿਡਾਰੀਆਂ ਦੀ ਊਰਜਾ ਦੀ ਤੁਲਨਾ ‘ਫਾਰਮੂਲਾ ਵਨ ਕਾਰ’ ਨਾਲ ਕੀਤੀ। ਪਰਾਗ ਔਖੇ ਕੈਚ ਨੂੰ ਵੀ ਆਸਾਨ ਬਣਾਉਣ ਕਰਕੇ ਦੂਜਾ ਦਾਅਵੇਦਾਰ ਸੀ ਪਰ ਵਾਸ਼ਿੰਗਟਨ ਨੇ ਬਾਊਂਡਰੀ ਲਾਈਨ ’ਤੇ ਸਟੀਕ ਫੀਲਡਿੰਗ ਦੇ ਦਮ ’ਤੇ ਦੋਵਾਂ ਨੂੰ ਪਿੱਛੇ ਛੱਡ ਦਿੱਤਾ। -ਪੀਟੀਆਈ
ਦਬਾਅ ਹੇਠ ਖੇਡਣਾ ਸਿੱਖ ਲਿਆ ਹੈ: ਸੰਜੂ ਸੈਮਸਨ
ਹੈਦਰਾਬਾਦ: ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਕਿਹਾ ਕਿ ਉਸ ਨੇ ਕ੍ਰਿਕਟ ਵਿੱਚ ਦਬਾਅ ਤੇ ਨਾਕਾਮੀਅਆਂ ਨਾਲ ਨਜਿੱਠਣਾ ਸਿੱਖ ਲਿਆ ਹੈ। ਉਸ ਨੇ ਮੁਸ਼ਕਲ ਹਾਲਾਤ ’ਚੋਂ ਨਿਕਲਣ ਤੇ ਖੁਦ ਨੂੰ ਸਾਬਤ ਕਰਨ ਦਾ ਇੱਕ ਹੋਰ ਮੌਕਾ ਦੇਣ ਲਈ ਟੀਮ ਪ੍ਰਬੰਧਨ ਦਾ ਧੰਨਵਾਦ ਕੀਤਾ। ਸੈਮਸਨ ਨੇ ਬੀਤੇ ਦਿਨ ਇੱਥੇ ਬੰਗਲਾਦੇਸ਼ ਖ਼ਿਲਾਫ਼ ਟੀ-20 ਲੜੀ ’ਚ ਆਪਣਾ ਪਹਿਲਾ ਸੈਂਕੜਾ ਜੜਿਆ। ਸੈਮਸਨ ਨੇ ਮੈਚ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘ਸ੍ਰੀਲੰਕਾ ਖ਼ਿਲਾਫ਼ ਦੋ ਮੈਚਾਂ ’ਚ ਖਾਤਾ ਨਾ ਖੋਲ੍ਹਣ ਮਗਰੋਂ ਮੈਨੂੰ ਅਗਲੀ ਲੜੀ ’ਚ ਮੌਕਾ ਮਿਲਣ ’ਤੇ ਥੋੜ੍ਹਾ ਸ਼ੱਕ ਸੀ। ਪਰ ਉਨ੍ਹਾਂ (ਕੋਚਿੰਗ ਸਟਾਫ਼ ਤੇ ਕਪਤਾਨ) ਨੇ ਮੇਰੇ ’ਤੇ ਭਰੋਸਾ ਰੱਖਿਆ। ਮੈਨੂੰ ਲੱਗਦਾ ਹੈ ਕਿ ਮੈਂ ਦਬਾਅ ਹੇਠ ਖੇਡਣ ਨਾਲ ਨਜਿੱਠਣਾ ਸਿੱਖ ਲਿਆ ਹੈ।’ -ਪੀਟੀਆਈ