ਕੀ ਦਾਭੋਲਕਰ, ਪਨਸਾਰੇ, ਲੰਕੇਸ਼ ਤੇ ਕਲਬੁਰਗੀ ਦੀਆਂ ਹੱਤਿਆਵਾਂ ’ਚ ਕੋਈ ਸਾਂਝ ਸੀ: ਸੁਪਰੀਮ ਕੋਰਟ
ਨਵੀਂ ਦਿੱਲੀ, 18 ਅਗਸਤ
ਸੁਪਰੀਮ ਕੋਰਟ ਨੇ ਅੱਜ ਸੀਬੀਆਈ ਨੂੰ ਸਵਾਲ ਕੀਤਾ ਕਿ ਕੀ ਤਰਕਸ਼ੀਲ ਨਰੇਂਦਰ ਦਾਭੋਲਕਰ, ਸੀਪੀਆਈ ਆਗੂ ਗੋਵਿੰਦ ਪਨਸਾਰੇ, ਸਮਾਜਕ ਕਾਰਕੁਨ ਤੇ ਪੱਤਰਕਾਰ ਗੌਰੀ ਲੰਕੇਸ਼ ਅਤੇ ਵਿਦਵਾਨ ਐੱਮਐੱਮ ਕਲਬੁਰਗੀ ਦੀਆਂ ਹੱਤਿਆਵਾਂ ’ਚ ਕੋਈ ਸਾਂਝੀ ਗੱਲ ਸੀ। ਅੰਧ-ਵਿਸ਼ਵਾਸ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਦਾਭੋਲਕਰ ਦੀ 20 ਅਗਸਤ 2013 ਨੂੰ ਪੁਣੇ ’ਚ ਸਵੇਰੇ ਦੀ ਸੈਰ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਪਨਸਾਰੇ ਦੀ ਹੱਤਿਆ 20 ਫਰਵਰੀ 2015 ਨੂੰ ਹੋਈ ਸੀ ਜਦਕਿ ਲੰਕੇਸ਼ ਦੀ ਹੱਤਿਆ 5 ਸਤੰਬਰ 2017 ਨੂੰ ਹੋਈ ਸੀ। ਕਲਬੁਰਗੀ ਨੂੰ 30 ਅਗਸਤ 2015 ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਨਰੇਂਦਰ ਦਾਭੋਲਕਰ ਦੀ ਧੀ ਮੁਕਤਾ ਦਾਭੋਲਕਰ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੀਬੀਆਈ ਨੂੰ ਇਹ ਸਵਾਲ ਕੀਤਾ ਜਿਸ ਵਿੱਚ ਉਸ ਨੇ ਆਪਣੇ ਪਿਤਾ ਦੀ ਹੱਤਿਆ ਦੀ ਜਾਂਚ ਦੀ ਨਿਗਰਾਨੀ ਰੱਖਣ ਤੋਂ ਇਨਕਾਰ ਕਰਨ ਦੇ ਬੰਬੇ ਹਾਈ ਕੋਰਟ ਦੇ ਇਸ ਸਾਲ 18 ਅਪਰੈਲ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਬੈਂਚ ਨੇ ਏਐੱਸਜੀ ਨੂੰ ਉਪਰੋਕਤ ਮੁੱਦੇ ਦੀ ਜਾਂਚ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਨੂੰ ਅੱਠ ਹਫ਼ਤੇ ਮਗਰੋਂ ਸੂਚੀਬੱਧ ਕਰਨ ਦਾ ਹੁਕਮ ਦਿੱਤਾ। ਮੁਕਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਨੰਦ ਗਰੋਵਰ ਨੇ ਕਿਹਾ ਕਿ ਚਾਰੇ ਹੱਤਿਆਵਾਂ ਪਿੱਛੇ ਵੱਡੀ ਸਾਜ਼ਿਸ਼ ਸੀ। -ਪੀਟੀਆਈ