ਵੱਡੇ ਸ਼ਾਟ ਖੇਡਣ ਲਈ ਸਾਂ ਤਿਆਰ: ਰਿਜ਼ਵੀ
ਚੇਨੱਈ, 29 ਮਾਰਚ
ਆਈਪੀਐੱਲ ਮੈਚ ਵਿੱਚ ਪਿਛਲੇ ਹਫ਼ਤੇ ਚੇਨੱਈ ਸੁਪਰਕਿੰਗਜ਼ ਦੀ ਗੁਜਰਾਤ ਟਾਈਟਨਜ਼ ’ਤੇ 63 ਦੌੜਾਂ ਦੀ ਜਿੱਤ ਵਿੱਚ ਛੇ ਗੇਂਦਾਂ ’ਤੇ 14 ਦੌੜਾਂ ਦਾ ਅਹਿਮ ਯੋਗਦਾਨ ਪਾਉਣ ਵਾਲੇ ਬੱਲੇਬਾਜ਼ ਸਮੀਰ ਰਿਜ਼ਵੀ ਨੇ ਖੁਲਾਸਾ ਕੀਤਾ ਕਿ ਉਹ ਸ਼ੁਰੂ ਤੋਂ ਹੀ ਵੱਡੇ ਸ਼ਾਟ ਖੇਡਣ ਲਈ ਤਿਆਰ ਸੀ। ਇਸ ਲਈ ਉਸ ਨੇ ਮੈਦਾਨ ’ਤੇ ਉਤਰਦਿਆਂ ਹੀ ਰਾਸ਼ਿਦ ਖ਼ਾਨ ਖ਼ਿਲਾਫ਼ ਪਹਿਲੀ ਹੀ ਗੇਂਦ ’ਤੇ ਛੱਕਾ ਜੜ ਦਿੱਤਾ। ਰਿਜ਼ਵੀ ਨੇ ਚੇਨੱਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜਦੋਂ ਰਾਸ਼ਿਦ 19ਵੇਂ ਓਵਰ ਵਿੱਚ ਗੇਂਦਬਾਜ਼ੀ ਲਈ ਆਇਆ ਤਾਂ ਕੋਚ ਨੇ ਮੈਨੂੰ ਕਿਹਾ ਕਿ ਜੇਕਰ ਵਿਕਟ ਡਿਗੀ ਤਾਂ ਤੁਸੀਂ ਬੱਲੇਬਾਜ਼ੀ ਕਰੋਗੇ। ਇਸ ਲਈ ਮੇਰੇ ਦਿਮਾਗ਼ ਵਿੱਚ ਇੱਕ ਹੀ ਚੀਜ਼ ਚੱਲ ਰਹੀ ਸੀ ਕਿ ਮੈਂ ਵੱਡੇ ਸ਼ਾਟ ਖੇਡਣੇ ਹਨ।’’ ਉਸ ਨੇ ਸਪਿੰਨਰਾਂ ਖ਼ਿਲਾਫ਼ ਖੇਡਣ ਦਾ ਸਿਹਰਾ ਆਪਣੇ ਬਚਪਨ ਦੇ ਕੋਚ ਤੇ ਮਾਮਾ ਤਨਕੀਬ ਅਖ਼ਤਰ ਨੂੰ ਦਿੱਤਾ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਮੇਰੇ ਪਿਛਲੇ ਮੈਚਾਂ ’ਤੇ ਝਾਤੀ ਮਾਰੋ ਤਾਂ ਮੇਰਾ ਸਪਿੰਨਰਾਂ ਖ਼ਿਲਾਫ਼ ਪ੍ਰਦਰਸ਼ਨ ਹਮੇਸ਼ਾ ਵਧੀਆ ਰਿਹਾ ਹੈ।’’ -ਆਈਏਐੱਨਐੱਸ