ਅਧਿਆਪਕ ਲਹਿਰ ਦਾ ਯੋਧਾ ਯੂ ਸੀ ਸਿੰਘ
ਸੁੱਚਾ ਸਿੰਘ ਗਿੱਲ
ਪ੍ਰੋਫੈਸਰ ਉਮੇਸ਼ ਚੰਦਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਯੂ ਸੀ ਸਿੰਘ ਦੇ ਨਾਮ ਨਾਲ ਜਾਣਦੇ ਸਨ। ਉਨ੍ਹਾਂ ਦਾ ਜਨਮ 28 ਅਪਰੈਲ 1942 ਨੂੰ ਪਿੰਡ ਰਾਮਨਗਰ ਜਿ਼ਲ੍ਹਾ ਦੇਵਰੀਆ ਯੂਪੀ ਦੇ ਕਿਸਾਨ ਰਾਮ ਨਰੇਸ਼ ਸਿੰਘ ਦੇ ਘਰ ਹੋਇਆ। ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਅਤੇ ਮੈਟ੍ਰਿਕ ਦੇਵਰੀਆ ਦੇ ਹਾਈ ਸਕੂਲ ਤੋਂ ਪਾਸ ਕਰਨ ਪਿੱਛੋਂ ਉਨ੍ਹਾਂ ਅਲਾਹਾਬਾਦ ਯੂਨੀਵਰਸਿਟੀ ਵਿਚ ਦਾਖਲਾ ਲਿਆ। ਇਥੋਂ ਬੀਏ ਅਤੇ ਐੱਮਏ (ਪੁਰਾਤਨ ਇਤਿਹਾਸ) ਕਰਨ ਤੋਂ ਬਾਅਦ ਐੱਮਬੀਏ ਦੀ ਡਿਗਰੀ ਹਾਸਲ ਕੀਤੀ। ਫਿਰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਚੰਡੀਗੜ੍ਹ ਵਿਚ ਨੌਕਰੀ ਕਰਨ ਲੱਗ ਪਏ। ਸਰਕਾਰੀ ਨੌਕਰੀ ਵਿਚ ਚਿੱਤ ਨਾ ਲਗਿਆ ਤਾਂ 1974 ਵਿਚ ਪੰਜਾਬੀ ਯੂਨੀਵਰਸਿਟੀ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਵਿਚ ਬਤੌਰ ਰੀਡਰ ਹਾਜ਼ਰ ਹੋ ਗਏ। ਉਸ ਵਕਤ ਯੂਨੀਵਰਸਿਟੀ ਦਾ ਅਕਾਦਮਿਕ ਅਤੇ ਪ੍ਰਬੰਧਕੀ ਮਾਹੌਲ ਕਾਫ਼ੀ ਸਰਗਰਮ ਸੀ। ਇਕ ਪਾਸੇ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਵਿਚ ਕਾਫ਼ੀ ਲੈਕਚਰ ਅਤੇ ਚਰਚਾਵਾਂ ਚਲਦੀਆਂ ਹਨ, ਦੂਜੇ ਪਾਸੇ ਪ੍ਰਬੰਧਕੀ ਮਾਹੌਲ ਦਮ ਘੁਟਵਾਂ ਸੀ। ਅਧਿਆਪਕ ਇਸ ਖਿ਼ਲਾਫ਼ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਮਜ਼ਬੂਤ ਕਰ ਕੇ ਆਪਣੇ ਮਸਲੇ ਹੱਲ ਕਰਨ ਅਤੇ ਜਮਹੂਰੀ ਮਾਹੌਲ ਉਸਾਰਨ ਦੀਆਂ ਕੋਸਿ਼ਸ਼ ਕਰ ਰਹੇ ਸਨ। ਉਸ ਵਕਤ ਦੇ ਵੀਸੀ ਪੂਟਾ ਦੀਆਂ ਸਰਗਰਮੀਆਂ ਦਾ ਵਿਰੋਧ ਜਤਾ ਰਹੇ ਸਨ। ਇਸ ਮਾਹੌਲ ਨੇ ਪ੍ਰੋਫੈਸਰ ਸਿੰਘ ਨੂੰ ਪੂਟਾ ਦੀਆਂ ਸਰਗਰਮੀਆਂ ਵੱਲ ਖਿੱਚ ਲਿਆ। ਅਧਿਆਪਕ ਲਹਿਰ ਨੂੰ ਜੋਗਿੰਦਰ ਕੌਸ਼ਲ ਅਤੇ ਰਵਿੰਦਰ ਸਿੰਘ ਰਵੀ ਅਗਵਾਈ ਦੇ ਰਹੇ ਸਨ। ਬੀਐੱਸ ਮਾਂਗਟ, ਕੇਸੀ ਸਿੰਘਲ ਅਤੇ ਅਸੀਂ ਹੋਰ ਅਧਿਆਪਕ ਉਨ੍ਹਾਂ ਦਾ ਸਮਰਥਨ ਕਰ ਰਹੇ ਸੀ। ਪ੍ਰੋਫੈਸਰ ਸਿੰਘ ਨੂੰ ਸਰਗਰਮੀ ਦੀ ਗੁੜਤੀ ਉਨ੍ਹਾਂ ਨੂੰ ਅਲਾਹਾਬਾਦ ਯੂਨੀਵਰਸਿਟੀ ਵਿਚ ਸਮਾਜਵਾਦੀ ਯੋਜਨ ਸਭਾ ਦੀਆਂ ਕਾਰਵਾਈਆਂ ਵਿਚ ਸ਼ਾਮਲ ਹੋਣ ਤੋਂ ਮਿਲੀ ਸੀ।
ਸਰਗਰਮ ਅਤੇ ਚੇਤਨ ਅਧਿਆਪਕ ਪ੍ਰੋਫੈਸਰ ਸਿੰਘ ਦੋ ਵਾਰ ਪੂਟਾ ਚੋਣਾਂ ਜਿੱਤ ਕੇ ਪ੍ਰਧਾਨ ਬਣੇ। ਜਦੋਂ ਦੇਸ਼ ਵਿਚ 1975-77 ਦੀ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਪੂਟਾ ਦੀਆਂ ਚੋਣਾਂ ਯੂਨੀਵਰਸਿਟੀ ਵਿਚ ਨਹੀਂ ਕਰਵਾਈਆਂ ਗਈਆਂ ਤਾਂ ਅਧਿਆਪਕਾਂ ਨੇ ਐਡਹਾਕ ਕਮੇਟੀ ਬਣਾਈ ਅਤੇ ਪ੍ਰੋਫੈਸਰ ਸਿੰਘ ਨੂੰ ਇਸ ਦਾ ਕਨਵੀਨਰ ਬਣਾਇਆ। ਇਨ੍ਹਾਂ ਦੀ ਅਗਵਾਈ ਵਿਚ ਵੱਡੀ ਜਦੋਜਹਿਦ ਕੀਤੀ ਗਈ ਜਿਸ ਤਹਿਤ ਕਾਫ਼ੀ ਚਿਰਾਂ ਤੋਂ ਐਡਹਾਕ ਅਧਿਆਪਕਾਂ ਨੂੰ ਰੈਗੂਲਰ ਕਰਵਾਇਆ ਅਤੇ ਅਧਿਆਪਕਾਂ ਦੇ ਕਈ ਤਰ੍ਹਾਂ ਦੇ ਅਹੁਦਿਆਂ ਵਿਚ ਇਕਸਾਰਤਾ ਲਿਆਂਦੀ। ਜਦੋਂ 1984 ਤੋਂ ਬਾਅਦ ਇੱਕ ਵਾਰ ਫਿਰ ਪੂਟਾ ਚੋਣਾਂ ’ਤੇ ਰੋਕ ਲਗਾ ਦਿੱਤੀ ਗਈ ਤਾਂ ਐਡਹਾਕ ਕਮੇਟੀ ਬਣਾਈ ਤੇ ਪ੍ਰੋਫੈਸਰ ਸਿੰਘ ਨੂੰ ਕਨਵੀਨਰ ਬਣਾਇਆ। ਉਨ੍ਹਾਂ ਹੋਰ ਅਧਿਆਪਕ ਸਾਥੀਆਂ ਨਾਲ ਮਿਲ ਕੇ ਵਿਭਾਗਾਂ ਦੇ ਪ੍ਰਬੰਧ ਵਿਚ ਜਮਹੂਰੀਕਰਨ ਵਾਸਤੇ ਮੁਖੀਆਂ ਨੂੰ ਬਦਲਣ/ਵਾਰੀ ਵਾਲੀ (ਰੋਟੇਸ਼ਨ) ਦੀ ਪ੍ਰਥਾ ਚਲਾਈ। ਵਿਭਾਗਾਂ ਵਿਚ ਅਧਿਆਪਕਾਂ ਦੇ ਇੱਕਸਾਰ ਯੂਜੀਸੀ ਸਕੇਲ ਲਾਗੂ ਕਰਵਾਏ।
ਪ੍ਰੋਫੈਸਰ ਸਿੰਘ ਭਾਵੇਂ ਯੂਪੀ ਨਾਲ ਸਬੰਧ ਰੱਖਦੇ ਸਨ ਪਰ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਕਰਮ ਭੂਮੀ ਬਣਾਇਆ ਅਤੇ ਯੂਨੀਵਰਸਿਟੀ ਦੇ ਮੂਲ ਮੰਤਵ ਨਾਲ ਖ਼ੁਦ ਨੂੰ ਜੋੜਿਆ। ਉਨ੍ਹਾਂ ਅਧਿਆਪਕਾਂ ਦਾ ਵਿਸ਼ਵਾਸ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਕੀਤੀ। ਕੈਂਪਸ ਵਿਚ ਉਨ੍ਹਾਂ ਦਾ ਘਰ ਸਰਗਰਮੀਆਂ ਦਾ ਕੇਂਦਰ ਬਣਿਆ ਰਹਿੰਦਾ। ਕਾਫ਼ੀ ਅਧਿਆਪਕ ਮੀਟਿੰਗ ਕਰਦੇ ਸਮੇਂ ਦੁਪਿਹਰ ਦਾ ਖਾਣਾ ਉਨ੍ਹਾਂ ਦੇ ਘਰ ਹੀ ਖਾਂਦੇ ਸਨ। ਉਨ੍ਹਾਂ ਦੀ ਪਤਨੀ ਡਾਕਟਰ ਸੁਧਾ ਸਿੰਘ ਜਿਹੜੇ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਚੋਂ ਰਿਟਾਇਰ ਹੋਏ ਹਨ, ਇਸ ਕੰਮ ਵਿਚ ਪ੍ਰੋਫੈਸਰ ਸਿੰਘ ਦਾ ਸਿਰਫ਼ ਸਾਥ ਹੀ ਨਹੀਂ ਦਿੰਦੇ ਸਗੋਂ ਇਸ ਨੂੰ ਚੰਗਾ ਸਮਝਦੇ ਸਨ। ਪ੍ਰੋਫੈਸਰ ਸਿੰਘ ਡੈਮੋਕ੍ਰੇਟਿਕ ਟੀਚਰ ਫਰੰਟ ਨਾਲ ਸਬੰਧਿਤ ਸਨ ਜਿਹੜਾ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਧੁਰਾ ਸੀ। ਉਹ ਪਹਿਲਾਂ ਇਸ ਗਰੁੱਪ ਵਿਚ ਸਲਾਹ ਮਸ਼ਵਰਾ ਕਰਦੇ ਅਤੇ ਦੂਜੇ ਗਰੁੱਪਾਂ ਦੇ ਨੁਮਾਇੰਦਿਆਂ ਨਾਲ ਸਹਿਮਤੀ ਬਣਾਉਣ ਤੋਂ ਬਾਅਦ ਹੀ ਪੂਟਾ ਦੀ ਜਨਰਲ ਬਾਡੀ ਤੋਂ ਗਤੀਵਿਧੀਆਂ ਪਾਸ ਕਰਵਾਉਂਦੇ। ਉਹ ਸਾਰੇ ਸੰਘਰਸ਼ਾਂ ਨੂੰ ਆਮ ਸਹਿਮਤੀ ਨਾਲ ਚਲਾਉਂਦੇ ਸਨ। ਉਨ੍ਹਾਂ ਦੀ ਸਮਝ ਸੀ ਕਿ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮਲਕੀਅਤ ਹੈ, ਇਸ ਕਰ ਕੇ ਇਨ੍ਹਾਂ ਧਿਰਾਂ ਦਾ ਫਰਜ਼ ਹੈ ਕਿ ਇਸ ਨੂੰ ਠੀਕ ਲੀਹਾਂ ’ਤੇ ਰੱਖਿਆ ਜਾਵੇ। ਉਨ੍ਹਾਂ ਲੋੜ ਪੈਣ ’ਤੇ ਇਨ੍ਹਾਂ ਤਿੰਨਾਂ ਵਰਗਾਂ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਸਾਂਝੇ ਸੰਘਰਸ਼ ਨਾਲ ਯੂਨੀਵਰਸਿਟੀ ਤੇ ਇਸ ਵਿਚ ਕਾਰਜਸ਼ੀਲ ਭਾਈਚਾਰੇ ਦੀ ਭਲਾਈ ਵਾਸਤੇ ਕੰਮ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਮਸਲਿਆਂ ਦੀ ਗੰਭੀਰਤਾ ਨੂੰ ਦੇਖਦਿਆਂ ਪਟਿਆਲਾ ਸ਼ਹਿਰ ਵਿਚ ਮੈਡੀਕਲ ਕਾਲਜ ਦੇ ਅਧਿਆਪਕਾਂ ਅਤੇ ਬਿਜਲੀ ਬੋਰਡ ਦੇ ਇੰਜਨੀਅਰਾਂ ਤੇ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਕੌਮੀ ਅਤੇ ਲੋਕਲ ਮਸਲਿਆਂ ਬਾਰੇ ਗੱਲਬਾਤ ਅਤੇ ਸਰਗਰਮੀਆਂ ਦੀ ਪ੍ਰਥਾ ਸ਼ੁਰੂ ਕੀਤੀ। ਉਨ੍ਹਾਂ ਦਾ ਵਿਚਾਰ ਸੀ ਕਿ ਹਰ ਵਿਚਾਰਧਾਰਾ ਦੇ ਵਿਅਕਤੀਆਂ ਦਾ ਜਮਹੂਰੀ ਕੰਮਾਂ ਵਿਚ ਇਕੱਠੇ ਸਰਗਰਮੀਆਂ ਕਰਨਾ ਜਿ਼ਆਦਾ ਸਫਲ ਰਹਿੰਦਾ ਹੈ। ਉਹ ਯੂਨੀਵਰਸਿਟੀ ਅਧਿਆਪਕ ਦੀ ਸੋਚ ਦੀ ਖ਼ੁਦਮੁਖ਼ਤਾਰੀ ਨੂੰ ਸਭ ਤੋਂ ਉਤਮ ਸਮਝਦੇ ਸਨ। ਇਸ ਵਾਸਤੇ ਵੱਖ ਵੱਖ ਸਮਿਆਂ ਵਿਚ ਉਨ੍ਹਾਂ ਸਪੱਸ਼ਟ ਪੈਂਤੜਾ ਮੱਲਿਆ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅਕਾਦਮਿਕ ਖ਼ੁਦਮੁਖ਼ਤਾਰੀ ਕਰ ਕੇ ਹੀ ਅਧਿਆਪਕ ਆਪਣੀ ਖੋਜ ਅਤੇ ਅਧਿਆਪਨ ਦਾ ਕੰਮ ਠੀਕ ਤਰ੍ਹਾਂ ਕਰ ਸਕਦੇ ਹਨ। ਇਸ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਉਹ ਯੂਨੀਵਰਸਿਟੀ ਅਧਿਆਪਕ ਦੇ ਚੋਣਾਂ ਵਿਚ ਹਿੱਸਾ ਲੈਣ ਦੇ ਸਮਰੱਥਕ ਸਨ। ਇਸ ਅਧਿਕਾਰ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਬਰਕਰਾਰ ਰੱਖਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।
ਪ੍ਰੋਫੈਸਰ ਸਿੰਘ ਨੇ ਯੂਨੀਵਰਸਿਟੀ ਦੇ ਮਸਲਿਆਂ ਬਾਰੇ ਸੰਘਰਸ਼ ਸਮੇਂ ਇਹ ਪ੍ਰਥਾ ਕਾਇਮ ਕਰਨ ਦੀ ਕੋਸਿ਼ਸ਼ ਕੀਤੀ ਕਿ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਕਾਰਜਾਂ ਵਿਚ ਵਿਘਨ ਨਾ ਪਾਇਆ ਜਾਵੇ। ਜੇ ਅਧਿਆਪਕਾਂ ਨੂੰ ਮਜਬੂਰਨ ਹੜਤਾਲ ਕਰਨੀ ਪੈਂਦੀ ਤਾਂ ਉਹ ਅਧਿਆਪਕਾਂ ਨੂੰ ਸਪੈਸ਼ਲ ਕਲਾਸਾਂ ਲਗਾ ਕੇ ਕੋਰਸ ਪੂਰਾ ਕਰਨ ਵਾਸਤੇ ਪ੍ਰੇਰਦੇ। ਧਰਨਿਆਂ ਵਿਚ ਸਿ਼ਰਕਤ ਕਰਨ ਸਮੇਂ ਅਧਿਆਪਕ ਆਪਣੀ ਕਲਾਸ ਪੜ੍ਹਾਉਣਾ ਜ਼ਰੂਰੀ ਸਮਝਦੇ ਸਨ। ਇਸ ਕਰ ਕੇ ਉਹ ਪੰਜਾਬੀ ਯੂਨੀਵਰਸਿਟੀ ਦੇ ਕਾਮਯਾਬ ਅਧਿਆਪਕਾਂ ਵਿਚੋਂ ਇੱਕ ਹਨ। ਜਦੋਂ ਜਸਬੀਰ ਸਿੰਘ ਆਹਲੂਵਾਲੀਆ ਨੂੰ ਪੰਜਾਬ ਦੇ ਗਵਰਨਰ ਨੇ ਬਤੌਰ ਵੀਸੀ ਡਿਸਮਿਸ ਕਰ ਕੇ ਬੀਐੱਸ ਰਤਨ ਨੂੰ ਕਾਰਜਕਾਰੀ ਵਾਇਸ ਚਾਂਸਲਰ ਲਗਾਇਆ ਤਾਂ ਪ੍ਰੋਫੈਸਰ ਸਿੰਘ ਨੂੰ ਡੀਨ ਅਕਾਦਮਿਕ ਮਾਮਲੇ ਨਿਯੁਕਤ ਕੀਤਾ ਗਿਆ। ਸਵਰਨ ਸਿੰਘ ਬੋਪਾਰਾਏ ਦੇ ਕਾਰਜਕਾਲ ਦੌਰਾਨ ਵੀ ਉਹ ਇਸ ਅਹੁਦੇ ’ਤੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਇਨਸਾਫ਼ ਦੇ ਨਜ਼ਰੀਏ ਤੋਂ ਕੰਮ ਕੀਤਾ। ਇਹ ਨਜ਼ਰੀਆ ਉਨ੍ਹਾਂ ਦੀਆਂ ਪੂਟਾ ਸਰਗਰਮੀਆਂ ਦੇ ਨਾਲ ਮੇਲ ਖਾਂਦਾ ਸੀ।
ਪ੍ਰੋਫੈਸਰ ਸਿੰਘ ਯੂ ਸੀ 31 ਜਨਵਰੀ 2005 ਨੂੰ ਯੂਨੀਵਰਸਿਟੀ ਵਿਚੋਂ ਰਿਟਾਇਰ ਹੋ ਗਏ ਅਤੇ ‘ਇਸ਼ਾਰਾ’ ਨਾਮ ਦੀ ਜਥੇਬੰਦੀ ਬਣਾ ਕੇ ਪੂਰਬੀ ਯੂਪੀ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਕੰਮ ਕਰਨ ਲੱਗੇ। ਉਨ੍ਹਾਂ ਦੇ ਪਾਏ ਪੂਰਨਿਆਂ ਦੀ ਛਾਪ ਅੱਜ ਵੀ ਯੂਨੀਵਰਸਿਟੀ ਦੀ ਫੈਕਲਟੀ ਵਿਚ ਨਜ਼ਰ ਆਉਂਦੀ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਅਤੇ 23 ਅਗਸਤ 2023 ਨੂੰ ਉਹ ਸਭ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਾਲ ਜਮਹੂਰੀ ਹਲਕਿਆਂ ਨੂੰ ਵੀ ਘਾਟਾ ਪਿਆ ਹੈ। ਇਸ ਯੋਧੇ ਦੇ ਕੰਮਾਂ ਅਤੇ ਸੋਚ ਦਾ ਅਜੋਕੇ ਸਮਿਆਂ ਵਿਚ ਉਚੇਰੀ ਸਿੱਖਿਆ ਨੂੰ ਬਚਾਉਣ ਵਿਚ ਅਹਿਮ ਰੋਲ ਹੋ ਸਕਦਾ ਹੈ।
ਸੰਪਰਕ: 98550-82857