ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਖ਼ਿਲਾਫ਼ ਸਰਕਾਰ ਨੂੰ ਚਿਤਾਵਨੀ
ਮਨੋਜ ਸ਼ਰਮਾ
ਬਠਿੰਡਾ, 18 ਅਗਸਤ
ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਬਠਿੰਡਾ ਵੱਲੋਂ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟਰਸਿਟੀ ਐਂਪਲਾਈਜ਼ ਐਂਡ ਇੰਜਨੀਅਰਜ਼, ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਅਤੇ ਪੰਜਾਬ, ਯੂਟੀ ਐਂਪਲਾਈਜ਼ ਅਤੇ ਪੈਨਸ਼ਨਰ ਫਰੰਟ ਦੇ ਸਾਂਝੇ ਸੱਦੇ ’ਤੇ ਥਰਮਲ ਪਲਾਂਟ ਬਠਿੰਡਾ ਦੇ ਮੇਨ ਗੇਟ ’ਤੇ ਪੰਜਾਬ ਸਰਕਾਰ ਦੇ ਵਿਰੁੱਧ ਰੈਲੀ ਕੀਤੀ ਗਈ। ਰੈਲੀ ਵਿੱਚ ਥਰਮਲ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਮੌਨਟੇਕ ਸਿੰਘ ਆਹਲੂਵਾਲੀਆ ਕਮੇਟੀ ਬਣਾ ਕੇ ਪੰਜਾਬ ਦੀ ਡਾਵਾਂਡੋਲ ਆਰਥਿਕਤਾ ਨੂੰ ਲੀਹ ਤੇ ਲਿਆਉਣ ਲਈ ਸੁਝਾਅ ਮੰਗੇ ਸਨ। ਆਹਲੂਵਾਲੀਆ ਕਮੇਟੀ ਨੇ ਜੋ ਪੰਜਾਬ ਸਰਕਾਰ ਨੂੰ ਸੁਝਾਅ ਦਿੱਤੇ ਹਨ ਉਹ ਸਾਰੇ ਪੰਜਾਬ ਦੇ ਆਮ ਲੋਕਾਂ, ਮੁਲਾਜ਼ਮਾਂ, ਮਜਦੂਰਾਂ ਤੇ ਕਿਸਾਨਾਂ ਦੇ ਹਿਤਾਂ ਦੇ ਉਲਟ ਹਨ। ਕਮੇਟੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੌਨਟੇਕ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੂੰ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਰੈਲੀ ਨੂੰ ਰਾਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਬਾਬੂ ਸਿੰਘ ਰੁਮਾਣਾ, ਰਾਜਕੁਮਾਰ, ਰਮੇਸ਼ਵਰ ਸਿੰਘ ਨੇ ਸੰਬੋਧਨ ਕੀਤਾ।