ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸੀਹਤ...

08:15 AM Oct 09, 2023 IST

ਪ੍ਰੋ. ਮੋਹਣ ਸਿੰਘ

Advertisement

ਜਦੋਂ ਤੋਂ ਅਜੋਕੀਆਂ ਤੇਜ਼ ਰਫ਼ਤਾਰ ਰੇਲ ਗੱਡੀਆਂ ਆਈਆਂ ਹਨ, ਲੋਕਾਂ ਦੇ ਸਫ਼ਰ ਕਰਨ ਦੇ ਤੌਰ ਤਰੀਕੇ ਵੀ ਬਦਲੇ ਹਨ। ਸਫ਼ਰ ਦੀ ਤਰੀਕ ਤੋਂ ਦੋ ਦੋ ਤਿੰਨ ਤਿੰਨ ਹਫ਼ਤੇ ਪਹਿਲਾਂ ਸੀਟ ਰਿਜ਼ਰਵ ਕਰਵਾਉਣੀ ਅੱਜ ਦੇ ਮੁਸਾਫ਼ਿਰ ਦੀਆਂ ਲੋੜਾਂ ਅਨੁਸਾਰ ਨਹੀਂ। ਰਾਜਧਾਨੀ ਜਾਂ ਵੰਦੇ ਭਾਰਤ ਟ੍ਰੇਨਾਂ ਵਿਚ ਸਫ਼ਰ ਤਾਂ ਕਿਸੇ ਹੱਦ ਤੱਕ ਹਵਾਈ ਜਹਾਜ਼ ਦੇ ਸਫ਼ਰ ਦਾ ਮੁਕਾਬਲਾ ਕਰਦਾ ਹੈ। ਉਹ ਜ਼ਮਾਨੇ ਗਏ ਜਦੋਂ ਮੁਸਾਫ਼ਿਰਾਂ ਦੇ ਸਮਾਨ ਵਿਚ ਦੋ ਦੋ ਟਰੰਕ, ਵੱਡਾ ਬਿਸਤਰ-ਬੰਦ, ਇੱਕ ਦੋ ਅਟੈਚੀ ਕੇਸ ਜਾਂ ਇਸ ਤਰ੍ਹਾਂ ਦਾ ਭਾਰ ਹੁੰਦਾ ਸੀ ਤੇ ਗੱਡੀ ਚੜ੍ਹਾਉਣ ਜਾਣਾ ਵੀ ਵੱਡਾ ਸਮਾਜਿਕ ਵਤੀਰਾ ਸੀ। ਚੜ੍ਹਾਉਣ ਵਾਲਿਆਂ ਦੀ ਗਿਣਤੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਜਾਣ ਵਾਲੇ ਦਾ ਸਮਾਜਿਕ ਜਾਂ ਸਿਆਸੀ ਕੱਦ ਜਾਂ ਰੁਤਬਾ ਕੀ ਹੈ ਜਾਂ ਉਹ ਕਿੰਨੀ ਕੁ ਦੂਰ ਜਾ ਰਿਹਾ ਹੈ।
ਨਿਯਮਾਂ ਅਨੁਸਾਰ ਮੁਸਾਫ਼ਿਰਾਂ ਜਾਂ ਰੇਲਵੇ ਦੇ ਮੁਲਾਜ਼ਮਾਂ ਤੋਂ ਸਵਿਾਇ ਹੋਰ ਕਿਸੇ ਨੂੰ ਪਲੈਟਫਾਰਮ ’ਤੇ ਆਉਣ ਦੀ ਇਜਾਜ਼ਤ ਨਹੀਂ। ਅਣ-ਅਧਿਕਾਰਤ ਦਾਖਲਾ ਰੋਕਣ ਲਈ ਪਲੈਟਫਾਰਮ ਟਿਕਟ ਜਾਰੀ ਹੋਈ ਜਿਸ ਦੀ ਸ਼ੁਰੂ ਸ਼ੁਰੂ ਵਿਚ ਕੀਮਤ ਇੱਕ ਆਨਾ ਹੁੰਦੀ ਸੀ, ਇਹ ਬੜੀ ਦੇਰ ਦਸ ਪੈਸੇ ਰਹੀ ਪਰ ਚੜ੍ਹਾਉਣ ਵਾਲਿਆਂ ਦੀ ਗਿਣਤੀ ਵਧਦੀ ਦੇਖ ਰੇਲਵੇ ਨੇ ਪਲੈਟਫਾਰਮ ਟਿਕਟ ਦਸ ਰੁਪਏ ਕਰ ਦਿੱਤੀ ਜੋ ਕਈ ਸਟੇਸ਼ਨਾਂ ’ਤੇ ਤੀਹ ਰੁਪਏ ਤੱਕ ਵੀ ਹੈ। ਖੈਰ... ਉਦੋਂ ਸਟੀਮ ਇੰਞਣਾਂ ਦੇ ਵੇਲੇ, ਕੋਚ ਦੀਆਂ ਖਿੜਕੀਆਂ ਚੌਰਸ ਅਤੇ ਖੁੱਲ੍ਹੀਆਂ ਹੁੰਦੀਆਂ ਸਨ। ਭੀੜ ਵਿਚ ਕਈ ਸਵਾਰੀਆਂ ਖਿੜਕੀਆਂ ਥਾਣੀ ਵੀ ਵੜ ਜਾਂਦੀਆਂ ਸਨ, ਆਪਣੇ ਟਰੰਕ/ਸੂਟਕੇਸ ਬਾਰੀ ਵਿਚੋਂ ਵਾੜ ਦੇਣੇ। ਇਸੇ ਲਈ ਰੇਲਵੇ ਨੇ ਬਾਰੀਆਂ ਅੱਗੇ ਸੀਖਾਂ ਲਾ ਦਿੱਤੀਆਂ; ਤਾਂ ਵੀ ਅੰਦਰ ਬੈਠਾ ਸ਼ਖ਼ਸ ਪਲੈਟਫਾਰਮ ’ਤੇ ਖੜ੍ਹੇ ਕਿਸੇ ਸੱਜਣ-ਮਿੱਤਰ ਨਾਲ ਗੱਲ-ਬਾਤ ਕਰ ਸਕਦਾ ਸੀ। ਅੱਜ ਕੱਲ੍ਹ ਵਾਂਗ ਮੋਟੇ ਸ਼ੀਸ਼ੇ ਨਾਲ ਬੰਦ ਬਾਰੀਆਂ ਵਿਚੋਂ ਬਾਹਰ ਦਾ ਨਜ਼ਾਰਾ ਤਾਂ ਦਿਸਦਾ ਹੈ ਪਰ ਆਵਾਜ਼ ਅੰਦਰ ਬਾਹਰ ਨਹੀਂ ਜਾ ਸਕਦੀ।
1980ਵਿਆਂ ਵਿਚ ਬਹੁਤੇ ਕੋਚ ਤੀਜੇ ਦਰਜੇ ਦੇ ਮੁਸਾਫ਼ਿਰਾਂ ਲਈ ਹੁੰਦੇ ਸਨ ਤੇ ਇੱਕ ਦੋ ਦੂਜੇ ਦਰਜੇ ਲਈ। ਕਿਸੇ ਕਿਸੇ ਟਰੇਨ ਵਿਚ ਪਹਿਲੇ ਦਰਜੇ ਦਾ ਵੀ ਡੱਬਾ ਹੁੰਦਾ ਸੀ। ਜਿਉਂ ਹੀ ਗਾਰਡ ਨੇ ਸੀਟੀ ਵਜਾ ਕੇ ਇਸ਼ਾਰਾ ਦੇਣਾ, ਨਾਲ ਹਰੀ ਝੰਡੀ ਦਿਖਾਉਣੀ, ਇੰਞਣ ਨੇ ਵੀ ਸਟਾਰਟ ਹੋਣ ਦਾ ਵਿਸਲ ਦੇਣਾ ਤੇ ਟਰੇਨ ਮਲਕੜੇ ਜਿਹੇ ਚੱਲ ਪੈਣੀ। ਬਾਹਰ ਪਲੈਟਫਾਰਮ ’ਤੇ ਚੜ੍ਹਾਉਣ ਆਏ ਲੋਕਾਂ ਨੇ ਵੀ ਟਰੇਨ ਦੇ ਨਾਲ ਨਾਲ ਕੁਝ ਕਦਮ ਤੁਰੀ ਜਾਣਾ ਅਤੇ ਜਾ ਰਹੇ ਮੁਸਾਫਿ਼ਰਾਂ ਨੂੰ ਹੱਥ ਹਿਲਾ ਹਿਲਾ ਕੇ ‘ਬਾਇ ਬਾਇ’ ਕਰਨਾ। ਕਈ ਲੇਟ-ਲਤੀਫ਼ ਤੇਜ਼ ਹੋ ਚੁੱਕੀ ਗੱਡੀ ਦੇ ਵੀ ਪਿੱਛੇ ਦੌੜਦੇ ਦੇਖੇ ਜਾ ਸਕਦੇ ਸਨ। ਟਰੇਨ ਜਾਣ ਮਗਰੋਂ ਪਲੈਟਫਾਰਮ ਦੀ ਸਾਰੀ ਰੌਣਕ ਖ਼ਤਮ ਹੋ ਜਾਂਦੀ।
ਮੈਨੂੰ ਯਾਦ ਹੈ, ਅੰਮ੍ਰਿਤਸਰ ਤੋਂ ਦਨਿ ਵੇਲੇ ਦਿੱਲੀ ਜਾਣ ਲਈ ਫਲਾਇੰਙ ਮੇਲ ਬੜੀ ਪਸੰਦੀਦਾ ਟਰੇਨ ਸੀ। ਇਹੀ ਟਰੇਨ ਇੰਞਣ ਦੂਸਰੇ ਪਾਸੇ ਲੱਗ ਕੇ ਵਾਪਸ ਆਉਂਦੀ ਸੀ। ਮੈਂ ਖ਼ਾਲਸਾ ਕਾਲਜ ਦਿੱਲੀ ਦੇ ਪ੍ਰੋਫੈਸਰ ਹਰਬਖ਼ਸ਼ ਸਿੰਘ ਹੰਸਪਾਲ ਨੂੰ ਗੱਡੀ ਚੜ੍ਹਾਉਣ ਅੰਮ੍ਰਿਤਸਰ ਸਟੇਸ਼ਨ ’ਤੇ ਜਾਣਾ ਸੀ। ਗੱਡੀ ਚੱਲਣ ਦਾ ਸਮਾਂ ਪੱਕਾ ਇੱਕ ਵਜੇ ਦੁਪਹਿਰ ਸੀ। ਅਸੀਂ ਬਹੁਤ ਪਹਿਲਾਂ ਸਵਾ ਕੁ ਬਾਰਾਂ ਵਜੇ ਹੀ ਪਲੈਟਫਾਰਮ ’ਤੇ ਪਹੁੰਚ ਗਏ ਸਾਂ।
ਥੋੜ੍ਹੀ ਦੇਰ ਬਾਅਦ ਦਿੱਲੀਓਂ ਆਉਣ ਵਾਲੀ ਟਰੇਨ ਆਈ ਤੇ ਪਲੈਟਫਾਰਮ ਭੀੜ ਨਾਲ ਭਰ ਗਿਆ। ਹੌਲੀ ਹੌਲੀ ਦਿੱਲੀ ਜਾਣ ਵਾਲੀਆਂ ਸਵਾਰੀਆਂ ਵੀ ਆਉਣ ਲੱਗੀਆਂ। ਪ੍ਰੋਫੈਸਰ ਸਾਹਿਬ ਦੀ ਸੀਟ ਰਿਜ਼ਰਵ ਸੀ, ਸਮਾਨ ਵੀ ਕੋਈ ਖਾਸ ਨਹੀਂ ਸੀ।
ਬਾਹੀ ਵਰਗਾ ਸਿਗਨਲ ਡਾਊਨ ਹੋਇਆ, ਨਾਲ ਹੀ ਬੱਤੀ ਲਾਲ ਤੋਂ ਹਰੀ ਹੋਈ। ਗਾਰਡ ਨੇ ਸੀਟੀ ਵਜਾਈ ਤੇ ਹਰੀ ਝੰਡੀ ਵੀ ਲਹਿਰਾਈ। ਇੰਞਣ ਨੇ ਵੀ ਲੰਮਾ ਸਾਰਾ ਵਿਸਲ ਦਿੱਤਾ ਤੇ ਟਰੇਨ ਤੁਰ ਪਈ। ਬਾਕੀ ਲੋਕਾਂ ਵਾਂਗ ਮੈਂ ਵੀ ਟਰੇਨ ਦੇ ਨਾਲ ਨਾਲ ਤੁਰ ਰਿਹਾ ਸਾਂ। ਹੰਸਪਾਲ ਸਾਹਿਬ ਦਰਵਾਜ਼ੇ ’ਚ ਖੜ੍ਹੇ ਆਪਣੇ ਰੁਮਾਲ-ਫੜੇ ਹੱਥ ਨਾਲ ‘ਬਾਇ ਬਾਇ’ ਪ੍ਰਵਾਨ ਕਰ ਰਹੇ ਸਨ। ਟਰੇਨ ਕੁਝ ਤੇਜ਼ ਹੋ ਗਈ। ਹੁਣ ਜਿਹੜਾ ਡੱਬਾ ਮੇਰੇ ਸਾਹਮਣੇ ਆਇਆ, ਉਸ ਦੇ ਗੇਟ ’ਤੇ ਖੜ੍ਹੀ ਕੋਈ ਔਰਤ ਚੀਕ-ਚਿਹਾੜਾ ਪਾ ਰਹੀ ਸੀ। ਕੁੱਛੜ ਉਸ ਦੇ ਬੱਚਾ ਸੀ ਤੇ ਉਹ ਚੱਲਦੀ ਗੱਡੀ ’ਚੋਂ ਉਤਰਨ ਲਈ ਤਰਲੋ-ਮੱਛੀ ਹੋ ਰਹੀ ਸੀ; ਜਵਿੇਂ ਉਸ ਨੇ ਬਾਅਦ ’ਚ ਦੱਸਿਆ, ਉਸ ਦੀ ਸਾਥਣ ਜਿਸ ਨੇ ਸਾਰੇ ਸਫ਼ਰ ਦੀ ਅਗਵਾਈ ਕਰਨੀ ਸੀ ਤੇ ਟਿਕਟਾਂ ਵੀ ਉਸੇ ਕੋਲ ਸਨ, ਸਟੇਸ਼ਨ ’ਤੇ ਨਹੀਂ ਸੀ ਆਈ। ਘਬਰਾਹਟ ਵਿਚ ਉਹ ਔਰਤ ਚੱਲਦੀ ਗੱਡੀ ਵਿਚੋਂ ਛਾਲ ਮਾਰਨ ਵਾਲੀ ਹੀ ਸੀ।
ਮੇਰੇ ਪਾਸੋਂ ਰਿਹਾ ਨਾ ਗਿਆ। ਮੈਂ ਉਸ ਦਾ ਬੱਚਾ ਫੜਿਆ ਅਤੇ ਉਹ ਕਿਸੇ ਤਰ੍ਹਾਂ ਉੱਤਰ ਗਈ। ਬੱਚਾ ਉਸ ਨੂੰ ਦੇ ਦਿੱਤਾ ਪਰ ਕੀ ਦੇਖਦੇ ਹਾਂ- ਉਸ ਦੀ ਲੇਟ ਹੋਈ ਸਾਥਣ ਭੱਜੀ ਭੱਜੀ ਆਣ ਰਲੀ। ਹੁਣ ਉਹ ਦੋਵੇਂ ਜਣੀਆਂ ਤੇਜ਼ ਹੋ ਚੁੱਕੀ ਗੱਡੀ ਵਿਚ ਚੜਂ੍ਹਾਂ ਚਾਹੁੰਦੀਆਂ ਸਨ। ਇੱਕ ਦੋ ਕੋਚ ਲੰਘ ਵੀ ਚੁੱਕੇ ਸਨ। ਜਿਹੜਾ ਕੋਚ ਸਾਹਮਣੇ ਆਇਆ, ਉਸ ਦੀ ਸਾਥਣ ਉਸ ਵਿਚ ਚੜ੍ਹ ਗਈ। ਉਸ ਦੇ ਮਗਰ ਹੀ ਉਸ ਔਰਤ ਨੇ ਬੱਚਾ ਮੈਨੂੰ ਫੜਾ ਦਿੱਤਾ ਅਤੇ ਆਪ ਵੀ ਚੜ੍ਹ ਗਈ। ਟਰੇਨ ਕੁਝ ਹੋਰ ਤੇਜ਼ ਹੋ ਗਈ। ਗੱਲ ਕੀ, ਕਾਫ਼ੀ ਦੌੜ ਕੇ ਡਿੱਗਦੇ ਡਿੱਗਦੇ ਮੈਂ ਉਸ ਦਾ ਬੱਚਾ ਉਸ ਨੂੰ ਤੇਜ਼ ਹੋ ਚੁੱਕੀ ਗੱਡੀ ਵਿਚ ਫੜਾਇਆ। ਆਖਰੀ ਕੋਚ ਦੇ ਗੇਟ ਵਿਚ ਖੜ੍ਹਾ ਗਾਰਡ ਮੇਰੇ ਲਾਗਿਓਂ ਲੰਘਿਆ। ਮੈਂ ਉਸ ਦਾ ਗੁੱਸੇ ਭਰਿਆ ਅੰਦਾਜ਼ ਸਮਝ ਸਕਦਾ ਸਾਂ।
ਖੈਰ... ਫਲਾਇੰਙ ਮੇਲ ਇੱਕ ਨੰਬਰ ਪਲੈਟਫਾਰਮ ਤੋਂ ਦਿੱਲੀ ਵੱਲ ਨਿਕਲ ਗਈ ਅਤੇ ਪਿੱਛੇ ਰਹਿ ਗਏ ਉਹ ਲੋਕ ਜੋ ਕਿਸੇ ਨਾ ਕਿਸੇ ਨੂੰ ਚੜ੍ਹਾਉਣ ਆਏ ਹੋਏ ਸਨ। ਮੈਂ ਉਨ੍ਹਾਂ ਇਸਤਰੀਆਂ ਨੂੰ ਬਿਲਕੁਲ ਨਹੀਂ ਸਾਂ ਜਾਣਦਾ ਪਰ ਸਾਰੀ ਭੀੜ, ਵਿਚੇ ਹੀ ਰੇਲਵੇ ਮੁਲਾਜ਼ਮ ਇਹੀ ਸਮਝ ਰਹੇ ਸਨ ਕਿ ਮੈਂ ਉਨ੍ਹਾਂ ਨੂੰ ਚੜ੍ਹਾਉਣ ਆਇਆ ਸਾਂ। ਪ੍ਰੋਫੈਸਰ ਹੰਸਪਾਲ ਵਾਲਾ ਡੱਬਾ ਤਾਂ ਸਟੇਸ਼ਨ ਤੋਂ ਦੂਰ ਦਿੱਲੀ ਵਾਲੇ ਪਾਸੇ ਨਿਕਲ ਚੁੱਕਾ ਸੀ ਤੇ ਉਨ੍ਹਾਂ ਨੂੰ ਬਿਲਕੁਲ ਖ਼ਬਰ ਨਹੀਂ ਸੀ ਕਿ ਇਸ ਅੱਧੇ ਕੁ ਮਿੰਟ ਵਿਚ ਕੀ ਘਟਨਾ ਕ੍ਰਮ ਵਾਪਰ ਚੁੱਕਾ ਹੈ। ਮੈਂ ਚਕਾਚੌਂਧ ਹੋਇਆ ਪਿਆ ਸਾਂ ਤੇ ਹਰ ਕੋਈ ਮੈਨੂੰ ਨਸੀਹਤਾਂ ਦੇ ਰਿਹਾ ਸੀ: ਜੇ ਦਸ ਮਿੰਟ ਪਹਿਲਾਂ ਤੁਰ ਪਓ ਤਾਂ ਇਹੋ ਜਿਹੇ ਮੌਕੇ ਨਹੀਂ ਵਾਪਰਦੇ।
ਜਦੋਂ ਸਭ ਠੰਢ-ਠੰਢੌਲਾ ਹੋਇਆ ਤਾਂ ਮੈਂ ਦੋ ਤਿੰਨ ਵਾਕਾਂ ਵਿਚ ਆਪਣਾ ਸਪੱਸ਼ਟੀਕਰਨ ਬਣਾਇਆ ਜ਼ਰੂਰ ਪਰ ਪਤਾ ਨਹੀਂ ਕਿਸੇ ਨੂੰ ਯਕੀਨ ਆਇਆ ਹੋਵੇ ਕਿ ਨਾ। ਇਸ ਤੋਂ ਬਾਅਦ ਕਿਸੇ ਨੂੰ ਗੱਡੀ ਚੜ੍ਹਾਉਣ ਜਾਣ ਦਾ ਅਵਸਰ ਨਹੀਂ ਬਣਿਆ।
ਸੰਪਰਕ: 80545-97595

Advertisement
Advertisement