ਆਈਓਏ ਪੈਨਲ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਚਿਤਾਵਨੀ
ਨਵੀਂ ਦਿੱਲੀ, 14 ਨਵੰਬਰ
ਦੇਸ਼ ਵਿੱਚ ਕੁਸ਼ਤੀ ਦਾ ਸੰਚਾਲਨ ਕਰਨ ਵਾਲੀ ਅਸਥਾਈ ਸਮਿਤੀ ਨੇ ਮੁਅੱਤਲ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਇਕ ਸੂਬਾਈ ਸੰਘ ਨਾਲ ਸੰਪਰਕ ਕਰ ਕੇ ਭਾਰਤੀ ਓਲੰਪਿਕ ਫੈਡਰੇਸ਼ਨ (ਆਈਓਏ) ਦੇ ਚਾਰਟਰ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਸਾਕਸ਼ੀ ਮਲਿਕ ਸਣੇ ਹੋਰਨਾਂ ਮਹਿਲਾ ਭਲਵਾਨਾਂ ਨੇ ਡਬਲਿਊਐੱਫਆਈ ਦੇ ਮੁਖੀ ਬ੍ਰਜਿ ਭੂਸ਼ਨ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਆਈਓਏ ਨੇ ਦੇਸ਼ ਵਿੱਚ ਕੁਸ਼ਤੀ ਸੰਚਾਲਨ ਲਈ ਆਰਜ਼ੀ ਸਮਿਤੀ ਦਾ ਗਠਨ ਕੀਤਾ ਸੀ। ਡਬਲਿਊਐੱਫਆਈ ਦੇ ਜਨਰਲ ਸਕੱਤਰ ਵੀ. ਐੱਨ. ਪ੍ਰਸਾਦ ਨੂੰ ਭੇਜੇ ਗਏ ਪੱਤਰ ਵਿੱਚ ਸਮਿਤੀ ਦੇ ਮੈਂਬਰ ਭੁਪਿੰਦਰ ਸਿੰਘ ਬਾਜਵਾ ਨੇ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਜੋ ਕਿ ਆਈਓਏ ਦੇ ਨਿਰਦੇਸ਼ਾਂ ਦੇ ਖ਼ਿਲਾਫ਼ ਹੈ। ਸ੍ਰੀ ਬਾਜਵਾ ਨੇ ਪੱਤਰ ਵਿੱਚ ਲਿਖਿਆ, ‘‘ਸਾਡੇ ਧਿਆਨ ਵਿੱਚ ਆਇਆ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਜਨਰਲ ਸਕੱਤਰ ਵਜੋਂ ਤੁਸੀ ਡਬਲਿਊਐੱਫਆਈ ਵੱਲੋਂ ਮਾਨਤਾ ਪ੍ਰਾਪਤ ਕਈ ਇਕਾਈਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਜੋ ਕਿ ਆਈਓਏ ਦੇ ਹੁਕਮਾਂ ਦੇ ਖ਼ਿਲਾਫ਼ ਹੈ।’’ ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਤੁਹਾਡੇ ਵੱਲੋਂ ਮਹਾਰਾਸ਼ਟਰ ਕੁਸ਼ਤੀ ਫੈਡਰੇਸ਼ਨ ਨੂੰ ਸਰਕੁਲਰ ਜਾਰੀ ਕੀਤਾ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਗੈਰਸੰਵਿਧਾਨਕ ਅਤੇ ਸਥਾਪਤ ਕਾਨੂੰਨ ਦੀ ਉਲੰਘਣਾ ਹੈ। -ਪੀਟੀਆਈ