For the best experience, open
https://m.punjabitribuneonline.com
on your mobile browser.
Advertisement

ਪਿੰਡ ਚਹਿਲਾਂ ਦਾ ਮਿਡਲ ਸਕੂਲ ਬੰਦ ਕਰ ਕੇ ਸੰਘਰਸ਼ ਵਿੱਢਣ ਦੀ ਚਿਤਾਵਨੀ

07:18 AM Jul 25, 2024 IST
ਪਿੰਡ ਚਹਿਲਾਂ ਦਾ ਮਿਡਲ ਸਕੂਲ ਬੰਦ ਕਰ ਕੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਸਿੱਖਿਆ ਅਧਿਕਾਰੀ ਨੂੰ ਮਿਲਣ ਮੌਕੇ ਪਿੰਡ ਚਹਿਲਾਂ ਅਤੇ ਅਧਿਆਪਕ ਜਥੇਬੰਦੀ ਦੇ ਨੁਮਾਇੰਦੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਆਪਣੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਕੀਤੇ ਗਏ ਫ਼ਰਮਾਨਾਂ ਅਤੇ ਡੈਪੂਟੇਸ਼ਨ ’ਤੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਣ ਦੇ ਮਾਮਲੇ ਸਬੰਧੀ ਪਿੰਡ ਚਹਿਲਾਂ ਦੇ ਸਰਪੰਚ ਜਗਦੀਪ ਸਿੰਘ, ਪੰਚ ਨਰਿੰਦਰਪਾਲ ਸਿੰਘ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ।
ਇਸ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੂੰ ਦੱਸਿਆ ਕਿ ਸਿੰਗਲ ਟੀਚਰ ਸਕੂਲ ਸਰਕਾਰੀ ਮਿਡਲ ਸਕੂਲ ਚਹਿਲਾਂ ਸਮਰਾਲਾ ਵਿੱਚ 87 ਵਿਦਿਆਰਥੀ ਹਨ। ਬੀਤੀ 20 ਜੁਲਾਈ ਤੱਕ ਦੋ ਅਧਿਆਪਕ ਡੈਪੂਟੇਸ਼ਨ ਉੱਤੇ ਭੇਜ ਕੇ ਸਕੂਲ ਦਾ ਕੰਮ ਚਲਾਇਆ ਜਾ ਰਿਹਾ ਸੀ, ਪਰ ਹੁਣ ਉਨ੍ਹਾਂ ਨੂੰ ਆਰਜ਼ੀ ਪ੍ਰਬੰਧ ਰੱਦ ਕਰਨ ਬਾਬਤ ਜਾਰੀ ਇੱਕ ਪੱਤਰ ਤੋਂ ਬਾਅਦ ਵਾਪਸ ਪਿੱਤਰੀ ਸਕੂਲ ਭੇਜ ਦਿੱਤਾ ਗਿਆ ਹੈ। ਇਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਸਕੂਲ ਨੂੰ ਬੰਦ ਕਰ ਕੇ ਸਿੱਖਿਆ ਵਿਭਾਗ ਵਿਰੁੱਧ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਵਫ਼ਦ ਦਾ ਕਹਿਣਾ ਹੈ ਕਿ ਸਿੱਖਿਆ ਅਧਿਕਾਰੀ ਨੇ ਉਨ੍ਹਾਂ ਨੂੰ ਦੋ ਦਿਨ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸਦੇ ਨਾਲ ਹੀ ਵਫ਼ਦ ਡੀਈਓ ਪ੍ਰਾਇਮਰੀ ਨਾਲ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸਬੰਧੀ ਮਿਲਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਉਹ, ਅਧਿਆਪਕਾਂ ਨੂੰ ਪਰਵਾਸੀ ਵਿਦਿਆਰਥੀਆਂ ਆਦਿ ਦੇ ਸਰਵੇਖਣ ਦੇ ਅਵੱਲੇ ਕਾਰਜ ਵਿੱਚ ਧੱਕਣ ਦੀ ਥਾਂ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਇਹ ਆਵਾਜ਼ ਪਹੁੰਚਦੀ ਕਰਨ ਕਿ ਸਰਕਾਰ, ਦਾਖਲੇ ਲਈ ਪ੍ਰੇਰਿਤ ਕਰਨ ਦਾ ਕੰਮ ਆਪਣੇ ਲੋਕ ਸੰਪਰਕ ਮਹਿਕਮੇ ਦੇ ਅਧਿਕਾਰੀਆਂ ਅਤੇ ਅਮਲੇ ਰਾਹੀਂ ਕਰੇ ਜਦਕਿ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦਿੱਤਾ ਜਾਵੇ। ਇਸ ਮੌਕੇ ਡੀਟੀਐੱਫ ਦੇ ਆਗੂ ਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਚੰਗਾ ਹੋਵੇ ਜੇਕਰ ਸਰਕਾਰ, ਸਰਕਾਰੀ ਸਕੀਮਾਂ ਦਾ ਲਾਹਾ ਲੈ ਰਹੇ ਲੋਕਾਂ ਨੂੰ ਆਪਣੇ ਬੱਚੇ, ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਾਉਣ ਲਈ ਪ੍ਰੇਰਿਤ ਜਾਂ ਪਾਬੰਦ ਕਰੇ।

Advertisement

Advertisement
Advertisement
Author Image

Advertisement