ਇਸ਼ਤਿਹਾਰਾਂ ’ਚ ਦਵਾਈਆਂ ਸਬੰਧੀ ‘ਝੂਠੇ’ ਦਾਅਵਿਆਂ ਬਾਰੇ ਪਤੰਜਲੀ ਨੂੰ ਚਿਤਾਵਨੀ
ਨਵੀਂ ਦਿੱਲੀ, 21 ਨਵੰਬਰ
ਸੁਪਰੀਮ ਕੋਰਟ ਨੇ ਅੱਜ ਪਤੰਜਲੀ ਆਯੁਰਵੈਦ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਵੱਲੋਂ ਇਸ਼ਤਿਹਾਰਾਂ ਵਿਚ ਆਪਣੀਆਂ ਦਵਾਈਆਂ ਬਾਰੇ ‘ਝੂਠੇ ਤੇ ਗੁਮਰਾਹਕੁਨ’ ਦਾਅਵੇ ਨਾ ਕੀਤੇ ਜਾਣ। ਯੋਗ ਗੁਰੂ ਰਾਮਦੇਵ ਦੀ ਕੰਪਨੀ ਵੱਲੋਂ ਆਪਣੀਆਂ ਦਵਾਈਆਂ ’ਚ ਕਈ ਬਿਮਾਰੀਆਂ ਦਾ ਇਲਾਜ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਆਈਐਮਏ ਦੀ ਇਕ ਅਰਜ਼ੀ ’ਤੇ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ, ‘ਪਤੰਜਲੀ ਨੂੰ ਅਜਿਹੇ ਸਾਰੇ ਝੂਠੇ ਤੇ ਗੁਮਰਾਹਕੁਨ ਇਸ਼ਤਿਹਾਰ ਤੁਰੰਤ ਬੰਦ ਕਰ ਦੇਣੇ ਚਾਹੀਦੇ ਹਨ। ਅਦਾਲਤ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਹੁਤ ਗੰਭੀਰਤਾ ਨਾਲ ਲਏਗਾ।’ ਜ਼ਿਕਰਯੋਗ ਹੈ ਕਿ ਆਈਐਮਏ ਦੀ ਪਟੀਸ਼ਨ ’ਤੇ ਸਿਖਰਲੀ ਅਦਾਲਤ ਨੇ 23 ਅਗਸਤ, 2022 ਨੂੰ ਕੇਂਦਰੀ ਸਿਹਤ ਤੇ ਆਯੂਸ਼ ਮੰਤਰਾਲੇ ਅਤੇ ਪਤੰਜਲੀ ਆਯੁਰਵੈਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਸਨ। ਆਈਐਮਏ ਨੇ ਦੋਸ਼ ਲਾਇਆ ਸੀ ਕਿ ਰਾਮਦੇਵ ਵੱਲੋਂ ਟੀਕਾਕਰਨ ਮੁਹਿੰਮ ਤੇ ਆਧੁਨਿਕ ਦਵਾਈਆਂ ਵਿਰੁੱਧ ਮਾੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਖੇਪ ਸੁਣਵਾਈ ਦੌਰਾਨ ਬੈਂਚ ਨੇ ਪਤੰਜਲੀ ਨੂੰ ਅਜਿਹੇ ਇਸ਼ਤਿਹਾਰ ਚਲਾਉਣ ਤੇ ਗੁਮਰਾਹਕੁਨ ਦਾਅਵੇ ਨਾ ਕਰਨ ਲਈ ਕਿਹਾ ਜੋ ਦਵਾਈਆਂ ਦੀ ਆਧੁਨਿਕ ਪ੍ਰਣਾਲੀ ਦੇ ਵਿਰੁੱਧ ਹੋਣ। ਬੈਂਚ ਨੇ ਇਕ ਕਰੋੜ ਰੁਪਏ ਜੁਰਮਾਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਸ਼ੇਸ਼ ਬਿਮਾਰੀ ਦੇ ਇਲਾਜ ਬਾਰੇ ਝੂਠਾ ਦਾਅਵਾ ਕੀਤਾ ਗਿਆ ਤਾਂ ਹਰੇਕ ਉਤਪਾਦ ਉਤੇ ਜੁਰਮਾਨਾ ਲਾਇਆ ਜਾਵੇਗਾ। ਸਿਖ਼ਰਲੀ ਅਦਾਲਤ ਨੇ ਨਾਲ ਹੀ ਕੇਂਦਰ ਸਰਕਾਰ ਦੇ ਵਕੀਲ ਨੂੰ ਗੁਮਰਾਹਕੁਨ ਮੈਡੀਕਲ ਇਸ਼ਤਿਹਾਰਬਾਜ਼ੀ ਦੇ ਮੁੱਦੇ ਦਾ ਹੱਲ ਲੱਭਣ ਲਈ ਵੀ ਕਿਹਾ। ਬੈਂਚ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅਰਜ਼ੀ ’ਤੇ ਅਗਲੇ ਸਾਲ 5 ਫਰਵਰੀ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਸਿਖਰਲੀ ਅਦਾਲਤ ਨੇ ਅਰਜ਼ੀ ’ਤੇ ਨੋਟਿਸ ਜਾਰੀ ਕਰਦਿਆਂ ਐਲੋਪੈਥੀ ਤੇ ਐਲੋਪੈਥਿਕ ਡਾਕਟਰਾਂ ਦੀ ਆਲੋਚਨਾ ਕਰਨ ਲਈ ਰਾਮਦੇਵ ਦੀ ਕਰੜੀ ਆਲੋਚਨਾ ਕੀਤੀ ਸੀ। -ਪੀਟੀਆਈ