ਦਿੱਲੀ, ਉੱਤਰਾਖੰਡ, ਯੂਪੀ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਦੀ ਚੇਤਾਵਨੀ
ਨਵੀਂ ਦਿੱਲੀ, 12 ਸਤੰਬਰ
Heavy Rain Warning: ਮੱਧ ਭਾਰਤ ਵਿੱਚ ਪੈਦਾ ਹੋਏ ਦਬਾਅ ਕਾਰਨ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅਪਡੇਟ ਅਨੁਸਾਰ ਸਿਸਟਮ (ਮੀਂਹ) ਗਵਾਲੀਅਰ ਦੇ ਨੇੜੇ ਸ਼ਹਿਰ ਦੇ ਲਗਭਗ 50 ਕਿਲੋਮੀਟਰ ਉੱਤਰ ਵਿੱਚ ਅਤੇ ਆਗਰਾ ਤੋਂ 60 ਕਿਲੋਮੀਟਰ ਦੱਖਣ-ਦੱਖਣ ਪੂਰਬ ਵਿੱਚ ਸਥਿਤ ਸੀ। ਅਗਲੇ 24 ਘੰਟਿਆਂ ਦੌਰਾਨ ਇਸ ਦੇ ਉੱਤਰ-ਪੂਰਬ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ।
ਆਈਐਮਡੀ (IMD) ਨੇ ਕਿਹਾ ਕਿ ਉੱਤਰਾਖੰਡ ਵਿੱਚ 12 ਤੋਂ 14 ਸਤੰਬਰ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਹਰਿਆਣਾ ਅਤੇ ਦਿੱਲੀ ਵਿੱਚ 12 ਤੋਂ 15 ਸਤੰਬਰ ਦੇ ਵਿਚਕਾਰ ਕਦੇ-ਕਦਾਈਂ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਦੌਰਾਨ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋ ਸਕਦੀ ਹੈ।
ਉਧਰ ਮੱਧ ਪ੍ਰਦੇਸ਼ ਵਿੱਚ 12 ਸਤੰਬਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਅਗਲੇ ਕੁਝ ਦਿਨਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਪੱਛਮੀ ਰਾਜਸਥਾਨ ਵਿੱਚ 12 ਸਤੰਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ ਅਤੇ ਪੂਰਬੀ ਰਾਜਸਥਾਨ ਵਿੱਚ 12 ਅਤੇ 13 ਸਤੰਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਵਨਾ ਹੈ।
ਮੌਸਮ ਵਿਭਾਗ ਨੇ ਕਈ ਖੇਤਰਾਂ ਖਾਸ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼, ਪੂਰਬ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੱਧਮ ਤੋਂ ਉੱਚੇ ਹੜ੍ਹਾਂ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ। ਆਈਐਮਡੀ ਨੇ ਕਿਹਾ ਕਿ ਮੀਂਹ ਦੇ ਕਾਰਨ ਨੀਵੇਂ, ਪੂਰੀ ਤਰ੍ਹਾਂ ਸੰਤ੍ਰਿਪਤ ਖੇਤਰਾਂ ਵਿੱਚ ਸਤਹ ਦਾ ਵਹਾਅ ਅਤੇ ਹੜ੍ਹ ਆ ਸਕਦੇ ਹਨ। -ਪੀਟੀਆਈ