ਮੰਡੀਆਂ ’ਚ ਤੈਅ ਨਮੀ ’ਤੇ ਵੀ ਕੱਟ ਲਗਾਉਣ ਖਿਲਾਫ਼ ਸੰਘਰਸ਼ ਦੀ ਚਿਤਾਵਨੀ
ਪੱਤਰ ਪ੍ਰੇਰਕ
ਮੁਕੇਰੀਆਂ, 24 ਅਕਤੂਬਰ
ਸਰਕਾਰ ਵਲੋਂ ਤੈਅ 17 ਫੀਸਦੀ ਨਮੀ ਹੋਣ ਦੇ ਬਾਵਜੂਦ ਆੜ੍ਹਤੀਆਂ ਵੱਲੋਂ ਝੋਨੇ ’ਤੇ ਲਗਾਏ ਜਾ ਰਹੇ ਕਥਿਤ 5 ਕਿਲੋ ਦੇ ਕੱਟ ਦਾ ਕਿਸਾਨ-ਮਜ਼ਦੂਰ ਹਿੱਤਕਾਰੀ ਸਭਾ ਨੇ ਵਿਰੋਧ ਕਰਦਿਆਂ ਐੱਸਡੀਐੱਮ ਅਸ਼ਵਨੀ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਹੈ। ਵਫ਼ਦ ਦੀ ਅਗਵਾਈ ਸਭਾ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੀਨੀਅਰ ਪ੍ਰਿੰਸੀਪਲ ਬਲਵੀਰ ਸਿੰਘ, ਨਰਿੰਦਰ ਸਿੰਘ ਨਾਹਰਪੁਰ, ਕੁਲਵਿੰਦਰ ਸਿੰਘ ਮੰਜਪੁਰ ਅਤੇ ਸੂਬੇਦਾਰ ਰਾਜਿੰਦਰ ਸਿੰਘ ਪੰਡੋਰੀ ਨੇ ਕੀਤੀ। ਅਧਿਕਾਰੀ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਹ ਖਰੀਦ ਅਧਿਕਾਰੀਆਂ ਨੂੰ ਜਾਂਚ ਕਰਕੇ ਸਬੰਧਤ ਆੜ੍ਹਤੀਆਂ ਖਿਲਾਫ਼ ਬਣਦੀ ਕਾਰਵਾਈ ਦੀ ਹਦਾਇਤ ਕਰਨਗੇ।
ਕਿਸਾਨ ਆਗੂਆਂ ਨੇ ਪ੍ਰਸਾਸ਼ਨਿਕ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਮੰਡੀਕਰਨ ਨਿਯਮਾਂ ਅਨੁਸਾਰ ਸਰਕਾਰ ਵਲੋਂ ਤੈਅ ਕੀਤੀ 17 ਫੀਸਦੀ ਨਮੀ ਉੱਤੇ ਝੋਨੇ ਨੂੰ ਕੋਈ ਕੱਟ ਨਹੀਂ ਲਗਾਇਆ ਜਾ ਸਕਦਾ। ਪਰ ਮੰਡੀਆਂ ਵਿੱਚ ਇਸ ਤੋਂ ਵੀ ਘੱਟ ਨਮੀ ਵਾਲੇ ਝੋਨੇ ਨੂੰ 5 ਕਿਲੋ ਪ੍ਰਤੀ ਕੁਇੰਟਲ ਕੱਟ ਲਗਾਇਆ ਜਾ ਰਿਹਾ ਹੈ। ਇਲਾਕੇ ਦੀ ਕੌਲਪੁਰ, ਮਨਸੂਰਪੁਰ, ਭੰਗਾਲਾ, ਨੁਸ਼ਹਿਰਾ ਪੱਤਣ, ਬਹਿਬਲਮੰਜ, ਖੁੰਦਪੁਰ ਆਦਿਕ ਮੰਡੀਆਂ ਵਿੱਚੋਂ ਕਿਸਾਨਾਂ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ। ਐਮਾਂ ਮਾਂਗਟ ਮੰਡੀ ਵਿੱਚ ਆਪਣੀ ਫਸਲ ਵੇਚ ਕੇ ਆਏ ਕਿਸਾਨ ਦਲਵੀਰ ਸਿੰਘ ਸਹੋਤਾ ਨੇ ਦੱਸਿਆ ਕਿ ਆੜ੍ਹਤੀਏ ਵਲੋਂ ਉਸਦੀ 100 ਬੋਰੀ ਦਾਣਿਆਂ ਦੀ ਭਰਕੇ 90 ਬੋਰੀਆਂ ਦੀ ਕੱਚੀ ਪਰਚੀ ਦਿੱਤੀ ਗਈ ਹੈ। ਉਸ ਨੂੰ 10 ਬੋਰੀਆਂ ਦਾ ਕੱਟ ਲਗਾਇਆ ਗਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵਲੋਂ ਲਗਾਏ ਜਾ ਰਹੇ ਗੈਰ ਕਨੂੰਨੀ ਕੱਟ ਨੂੰ ਬੰਦ ਕਰਵਾ ਕੇ ਕਿਸਾਨਾਂ ਦੀ ਆਰਥਿਕ ਲੁੱਟ ਬੰਦੀ ਕਰਵਾਈ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਬੰਦ ਨਾ ਹੋਈ ਤਾਂ ਉਹ ਤਿੱਖਾ ਸੰਘਰਸ਼ ਅਰੰਭ ਦੇਣਗੇ। ਇਸ ਮੌਕੇ ਹਰਜਿੰਦਰ ਸਿੰਘ ਫੌਜੀ ਮੰਜਪੁਰ, ਜੋਗਿੰਦਰ ਸਿੰਘ ਗੁਰਦਾਸਪੁਰ, ਰਾਜਕੁਮਾਰ ਜੰਡਵਾਲ ਅਤੇ ਜਥੇਦਾਰ ਹਰਦੀਪ ਸਿੰਘ ਕਾਲਾਮੰਜ ਆਦਿ ਵੀ ਹਾਜ਼ਰ ਸਨ।