ਵਿਧਾਇਕ ਕੋਹਲੀ ਵੱਲੋਂ ਮਾਣਹਾਨੀ ਕੇਸ ਦੀ ਚਿਤਾਵਨੀ
ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਗਸਤ
ਪਿੰਡ ਅਲੀਪੁਰ ਅਰਾਈਆਂ ਵਿਚ ਸਥਿਤ ਮਕਾਨ ’ਤੇ ਕਬਜ਼ੇ ਸਬੰਧੀ ਜਾਰੀ ਵਿਵਾਦ ਦੌਰਾਨ ਇਕ ਧਿਰ ਵੱਲੋਂ ਆਪਣਾ ਨਾਮ ਘਸੀਟੇ ਜਾਣ ਦਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਗੰਭੀਰ ਨੋਟਿਸ ਲਿਆ ਹੈ। ਪੰਜਾਬ ਸਰਕਾਰ ਦੇ ਅਦਾਰੇ ‘ਲੋਕ ਸੰਪਰਕ ਵਿਭਾਗ’ ਰਾਹੀਂ ਮੀਡੀਆ ਨੂੰ ਭਿਜਵਾਏ ਗਏ ਆਪਣੇ ਬਿਆਨ ’ਚ ਉਨ੍ਹਾਂ ਕਿਹਾ ਕਿ ਅਜਿਹੇ ਇਲਜ਼ਾਮ ਲਾਉਣ ਵਾਲੇ ਆਗੂ ਪੰਦਰਾਂ ਦਿਨਾ ’ਚ ਸਬੂਤਾਂ ਸਹਿਤ ਇਲਜ਼ਾਮ ਸਾਬਤ ਕਰਨ ਜਾਂ ਫੇਰ ਮੁਆਫ਼ੀ ਮੰਗਣ। ਅਜਿਹਾ ਨਾ ਕਰਨ ਦੀ ਸੂਰਤ ’ਚ ਉਹ ਇੱਕ ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਵਿਧਾਇਕ ਨੇ ਹੋਰ ਕਿਹਾ ਕਿ ਇਸ ਵਿਵਾਦ ਨਾਲ਼ ਤਾਂ ਕੀ, ਉਨ੍ਹਾਂ ਦਾ ਕਿਸੇ ਤਰ੍ਹਾਂ ਦੇ ਵੀ ਕਬਜ਼ੇ ਜਾਂ ਅਜਿਹੇ ਮਾਮਲਿਆਂ ਨਾਲ ਕਦੇ ਵੀ ਕੋਈ ਵਾਸਤਾ ਨਹੀਂ ਰਿਹਾ। ਗੌਰਤਲਬ ਹੈ ਕਿ ਟਕਸਾਲੀ ਕਾਂਗਰਸੀ ਆਗੂ ਸੁਰਜੀਤ ਸਿੰਘ ਲੰਗ ਨੇ ਪਿਛਲੇ ਦਿਨੀਂ ਦੋਸ਼ ਲਾਏ ਸਨ ਕਿ ਵਿਧਾਇਕ ਅਜੀਤਪਾਲ ਕੋਹਲੀ ਅਤੇ ਕੁਝ ਹੋਰਾਂ ਦੀ ਮਦਦ ਨਾਲ ਕੁਝ ਵਿਅਕਤੀਆਂ ਨੇ ਉਸ ਦੀ ਕੋਠੀ ’ਤੇ ਕਬਜ਼ਾ ਕਰ ਲਿਆ ਹੈ। ਅਜਿਹੇ ਹੀ ਦੋਸ਼ ਸੁਰਜੀਤ ਲੰਗ ਨੇ ਫੇਰ ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਦੀ ਮੌਜੂਦਗੀ ਵਿਚ ਵੀ ਦੁਹਰਾਏ।