ਸ਼ੈੱਲਰ ਮਾਲਕਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 24 ਸਤੰਬਰ
ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਰਾਜ ਕੁਮਾਰ ਰਾਜਾ ਦੀ ਪ੍ਰਧਾਨਗੀ ਹੇਠ ਕੌਮੀ ਮਾਰਗ ’ਤੇ ਸਥਿਤ ਗਰਿਲ ਹੱਟ ਵਿੱਚ ਹੋਈ ਜਿਸ ਵਿੱਚ ਸ਼ੈੱਲਰ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬਾਅਦ ਵਿੱਚ ਸ਼ੈੱਲਰ ਮਾਲਕਾਂ ਨੇ ਦੱਸਿਆ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਝੋਨੇ ਦੇ ਸ਼ੈੱਲਰਾਂ ਦੀ ਹਾਲਤ ਡਾਵਾਂਡੋਲ ਕਰ ਦਿੱਤੀ ਹੈ ਕਿਉਂਕਿ ਐੱਫਸੀਆਈ ਪਾਸ ਚੌਲ ਰੱਖਣ ਲਈ ਗੁਦਾਮਾਂ ਵਿੱਚ ਜਗ੍ਹਾ ਨਹੀਂ ਹੈ ਜਿਸ ਕਰਕੇ ਸ਼ੈੱਲਰ ਮਾਲਕਾਂ ਨੂੰ ਚੌਲ ਦੂਰ ਦੁਰਾਡੇ ਲੈ ਕੇ ਜਾਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀਆਂ ਹਾਈਬਰੀਡ ਕਿਸਮਾਂ ਘੱਟ ਸਮੇਂ ਵਿੱਚ ਪੱਕਣ ਅਤੇ ਕੰਬਾਈਨਾਂ ਨਾਲ ਝੋਨਾ ਕੱਟਣ ਨਾਲ ਇੱਕ ਕੁਇੰਟਲ ਝੋਨੇ ਵਿੱਚੋਂ ਕੇਵਲ 60-65 ਕਿਲੋ ਚੌਲ ਨਿਕਲਣ ਕਰਕੇ ਸ਼ੈੱਲਰ ਘਾਟੇ ਵਿੱਚ ਜਾ ਰਹੇ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡਰਾਇਜ਼ ਡੇਢ ਪ੍ਰਤੀਸ਼ਤ ਤੋਂ ਵਧਾ ਕੇ 2 ਪ੍ਰਤੀਸ਼ਤ ਕੀਤੀ ਜਾਵੇ, ਬਾਰਦਾਨਾ ਨਵਾਂ ਉਪਲਬਧ ਕਰਵਾਇਆ ਜਾਵੇ , ਜਿਹੜੇ ਆੜ੍ਹਤੀਏ ਦੁਆਰਾ ਆਪਣਾ ਬਾਰਦਾਨਾ ਖਰੀਦ ਕੇ ਬਿਨਾਂ ਬੋਲੀ ਤੋਂ 25 ਪ੍ਰਤੀਸ਼ਤ ਤੱਕ ਨਮੀ ਅਤੇ ਬਿਨਾਂ ਸਫਾਈ ਤੋਂ ਮਾਲ ਭਰਿਆ ਜਾਂਦਾ ਹੈ, ਉਸ ਨੂੰ ਰੋਕਿਆ ਜਾਵੇ। ਲੇਵੀ ਸਿਕਿਓਰਟੀ ਵਾਪਸ ਕੀਤੀ ਜਾਵੇ, ਝੋਨੇ ਨੂੰ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਦਾ ਪ੍ਰਬੰਧ ਕਰੇ। ਸ਼ੈੱਲਰ ਮਾਲਕਾਂ ਨੇ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸ਼ੈੱਲਰ ਮਾਲਕਾਂ ਨੇ ਸਬੰਧਤ ਵਿਭਾਗ ਨੂੰ ਮੰਗ ਪੱਤਰ ਵੀ ਭੇਜਿਆ।