ਪਰਾਲੀ ਸਾੜਨ ਵਾਲਿਆਂ ਕਾਰਵਾਈ ਦੀ ਚਿਤਾਵਨੀ
ਗੁਰਬਖਸ਼ਪੁਰੀ
ਤਰਨ ਤਾਰਨ, 27 ਅਕਤੂਬਰ
ਡਿਪਟੀ ਕਮਿਸ਼ਨਰ ਰਾਹੁਲ ਅੱਜ ਇਥੇ ਆਪਣੇ ਅਹੁਦੇ ਦਾ ਚਾਰਜ ਸੰਭਾਲਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਸਰਕਾਰੀ ਮੁਲਾਜ਼ਮਾਂ, ਸਰਪੰਚਾਂ, ਨੰਬਰਦਾਰਾਂ ਆਦਿ ਖਿਲਾਫ਼ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ| ਮੀਟਿੰਗ ਵਿੱਚ ਉਪ ਕਪਤਾਨ ਪੁਲਿਸ ਅਜੇਰਾਜ ਸਿੰਘ, ਸਬ ਡਵੀਜ਼ਨਲ ਮੈਜਿਸਟਰੇਟ ਤਰਨਤਾਰਨ ਅਰਵਿੰਦਰਪਾਲ ਸਿੰਘ, ਸਬ ਡਵੀਜ਼ਨਲ ਮਜਿਸਟਰੇਟ ਪੱਟੀ ਜੈ ਇੰਦਰ ਸਿੰਘ, ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪਨੂੰ, ਗੁਲਸ਼ਨ ਕੁਮਾਰ ਐਕਸੀਅਨ ਪੰਜਾਬ ਪ੍ਰਦੂਸ਼ਣ ਬੋਰਡ ਹਾਜ਼ਰ ਸਨ।
ਡੀਸੀ ਨੇ ਕਿਹਾ ਕਿ ਹਰੇਕ ਪਿੰਡ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਤੋਂ ਰੋਕਣ ਲਈ ਪੁਲੀਸ ਮੁਲਾਜ਼ਮ ਲਗਾ ਦਿੱਤੇ ਗਏ ਹਨ ਜਿਹੜੇ ਪਰਾਲੀ ਨੂੰ ਅੱਗ ਲਗਾਉਣ ਖਿਲਾਫ਼ ਕਾਰਵਾਈ ਕਰਨਗੇ। ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪਨੂੰ ਨੇ ਦੱਸਿਆ ਕਿ ਪੀ. ਆਰ. ਐਸ. ਸੀ. ਵਲੋਂ ਆ ਰਹੀਆਂ ਲੋਕੇਸ਼ਨਾਂ ਤੇ ਨਿਗਰਾਨਾਂ ਦੀ ਵਿਜ਼ਟ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਲੋਕੇਸ਼ਨਾਂ ‘ਤੇ ਅੱਗ ਲੱਗੀ ਨਹੀਂ ਪਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਕਿਸਾਨ ਨੇ ਇੰਨ ਸੀਟੂ ਵਿਧੀ ਰਾਹੀ ਕਣਕ ਬੀਜਣੀ ਹੈ ਉਹ ਸੁਪਰ ਐਸ. ਐਮ. ਐਸ ਸਿਸਟਮ ਲੱਗੀ ਕੰਬਾਈਨ ਹਾਰਵੈਸਟਰ ਨਾਲ ਹੀ ਫਸਲ ਦੀ ਕਟਾਈ ਕਰਵਾਏ ਤਾਂ ਜੋ ਸੁਪਰ ਐਸ. ਐਮ. ਐਸ. ਸਿਸਟਮ ਦੁਆਰਾ ਕੁਤਰਾ ਕੀਤੀ ਗਈ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਇਆ ਜਾ ਸਕੇਗਾ| ਇਸ ਤੋਂ ਪਹਿਲਾਂ ਡੀਸੀ ਵਜੋਂ ਅਹੁਦਾ ਸੰਭਾਲਣ ਮੌਕੇ ਰਾਹੁਲ ਨੇ ਕਿਹਾ ਕਿ ਉਹ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਣਗੇ।