ਸੱਦਾ ਪੱਤਰਾਂ ਦਾ ਨਿੱਘ
ਜਗਜੀਤ ਸਿੰਘ ਲੋਹਟਬੱਦੀ
ਪੰਜਾਬੀ ਸੱਦਾ ਪੱਤਰਾਂ ਦੇ ਸ਼ੌਕੀਨ ਨੇ...ਸਿਰੇ ਦੇ ਸ਼ੁਦਾਈ। ਜਿੱਥੇ ਬੁੱਕਲ ਖੁੱਲ੍ਹੀ ਹੋਵੇ, ਉੱਥੇ ਸੱਦੇ ਤੋਂ ਬਿਨਾਂ ਵੀ ਜਾਣ ਲਈ ਤਿਆਰ ਰਹਿੰਦੇ ਨੇ। ਬਿੜਕਾਂ ਲੈਂਦੇ ਰਹਿੰਦੇ ਨੇ ਕਿ ਕੋਈ ਰਸਮ ਇਨ੍ਹਾਂ ਦੀ ‘ਸਤਿਕਾਰਤ’ ਮੌਜੂਦਗੀ ਤੋਂ ਬਿਨਾਂ ਸੁੱਕੀ ਨਾ ਲੰਘ ਜਾਵੇ। ‘ਵਿਆਹ ’ਚ ਮੇਲਣ’ ਵਾਲਾ ਅਹਿਸਾਸ ਹੋਣਾ ਚਾਹੀਦਾ ਹੈ, ਚਾਹੇ ਵਡੇਰੇ ਦਾ ਭੋਗ ਈ ਹੋਵੇ। ਮੱਲੋ-ਮੱਲੀ ਮੇਜ਼ਬਾਨ ਨਾਲ ਨੇੜਤਾ ਦੇ ਬਾਨ੍ਹਣੂ ਬੰਨ੍ਹਣ ਲੱਗਦੇ ਨੇ। ਜਿੱਥੇ ਨਹੀਂ ਜਾਣਾ, ਉੱਥੇ ਫੁੱਫੜ ਬਣ ਕੇ ਬੈਠ ਜਾਂਦੇ ਨੇ...ਨਿਰਾ ਮਾਹਾਂ ਦਾ ਆਟਾ! ਫਿਰ ਸਭ ਅਗਲੀਆਂ ਪਿਛਲੀਆਂ ਪੁਣ ਛਾਣ ਕੇ ਕੋਈ ਘੁੰਤਰਬਾਜ਼ੀ ਮੂਹਰੇ ਲਿਆਉਣਗੇ। ਪਤਾ ਹੁੰਦੈ ਕਿ ‘ਬਲੈਕਮੇਲਿੰਗ’ ਦਾ ਮੁੱਲ ਪਊਗਾ, ਖ਼ਾਸ ਕਰ ਕੇ ‘ਮਿਲਣੀ’ ਦੇ ਸਮੇਂ।
ਸਾਡੀ ਪ੍ਰਾਹੁਣਚਾਰੀ ਵੀ ਮਿਸਾਲੀ ਐ। ਦੁਨੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਈਏ, ਪੰਜਾਬੀਆਂ ਦਾ ਚਾਹ ਵਾਲਾ ਪਤੀਲਾ ਚੁੱਲ੍ਹੇ ’ਤੇ ਚੜ੍ਹਿਆ ਈ ਰਹਿੰਦੈ। ਸ਼ਾਇਦ ਸਾਡੇ ਖੂਨ ਵਿੱਚ ਮਹਿਮਾਨ ਨਿਵਾਜ਼ੀ ਵੱਸੀ ਹੋਈ ਹੈ। ਅਸੀਂ ਗੁਰੂਆਂ ਦੀ ਦੱਸੀ ਹੋਈ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੀ ਤੰਦ ਨਾਲ ਬੱਝੇ ਹੋਏ ਹਾਂ। ਮਹਿਮਾਨ ਦਾ ਆਗਮਨ ਜਿਊਂਦੇ ਵਸਦੇ ਘਰਾਂ ਦਾ ਪ੍ਰਤੀਕ ਮੰਨਿਆ ਜਾਂਦੈ। ਕਹਾਵਤ ਹੈ, ‘ਤੱਤੇ ਪਾਣੀਆਂ ਨਾਲ ਘਰ ਨੀਂ ਫੁਕਦੇ!’ ਬੇਜ਼ੁਬਾਨਾਂ ਲਈ ਵੀ ਕਦੇ ਦਰਵਾਜ਼ੇ ਨਹੀਂ ਢੋਏ ਮਿਲਦੇ। ਅਖੇ, ਹਰੇਕ ਜੀਅ ਆਪਣੀ ਕਿਸਮਤ ਦਾ ਖੱਟਿਆ ਖਾਂਦੈ। ਲਿੱਸੇ ਘਰਾਂ ’ਚ ਵੀ ‘ਅਤਿਥੀ ਦੇਵੋ ਭਵ’ ਹੁੰਦੈ, ਸਗੋਂ ਮਿਲਣੀ ’ਚ ਜ਼ਿਆਦਾ ਨਿੱਘ ਹੁੰਦੈ। ਕਿਸੇ ਤਰ੍ਹਾਂ ਦੀ ਤੋਟ ਨੇੜੇ ਨਹੀਂ ਫੜਕਦੀ। ਅੰਤਰੀਵ ਖ਼ੁਸ਼ੀ ਦਿਲ ਟੁੰਬਦੀ ਆ ਕਿ ਜੱਗ ਜਿਊਂਦਿਆਂ ਦੇ ਮੇਲੇ ਈ ਲੱਗਦੇ ਨੇ...ਕੋਈ ਆਪਣਾ ਹੀ ਅਪਣੱਤ ਜਤਾ ਕੇ ਕੁੰਡਾ ਖੜਕਾਉਂਦੈ;
ਇਹ ਆਉਂਦੇ ਸਿਰ ਪਲੋਸਦੇ
ਤੇ ਜਾਂਦੇ ਦੇਣ ਅਸੀਸ
ਇਹ ਹਿੱਕਾਂ ਤਾਣਦੇ ਲੜਨ ਨੂੰ
ਪਰ ਮੋਹ ਵਿੱਚ ਟੇਕਣ ਸੀਸ
...ਇਹ ਨਾਨਕ ਦੇ ਪੁੱਤ ਨੇ!
ਸਿਆਣੇ ਕਹਿੰਦੇ ਨੇ, ਸੰਸਾਰ ਵਿੱਚ ਜਿਹੜੀ ਚੀਜ਼ ਮੁੱਲ ਨਹੀਂ ਖ਼ਰੀਦੀ ਜਾ ਸਕਦੀ, ਉਹ ਹਨ ਅਸੀਸਾਂ। ਪੰਜਾਬੀ ਸ਼ਾਇਦ ਆਪਣੇ ਆਪ ਨੂੰ ਅਸੀਸਾਂ ਤੋਂ ਬਿਨਾਂ ਅਧੂਰੇ ਸਮਝਦੇ ਨੇ। ਇਸੇ ਕਰਕੇ ਦਿਲਾਂ ਦੀ ਅਮੀਰੀ ਹੈ ਅਤੇ ਸੱਦਾ ਮਿਲਣ ’ਤੇ ਚਾਅ ਨਹੀਂ ਚੁੱਕਿਆ ਜਾਂਦਾ। ਪੁਰਾਤਨ ਸਮਿਆਂ ਤੋਂ ਹੀ ਖ਼ੁਸ਼ੀ ਗ਼ਮੀ ਦੇ ਸਮਾਗਮਾਂ ’ਤੇ ਸੱਦਾ ਭੇਜਣ ਦਾ ਦਸਤੂਰ ਚੱਲਿਆ ਆ ਰਿਹੈ। ਮਾਨਵ ਸਮਾਜਿਕ ਪ੍ਰਾਣੀ ਜੋ ਹੋਇਆ। ਢੰਗ ਤਰੀਕੇ ਜ਼ਰੂਰ ਬਦਲਦੇ ਰਹੇ ਨੇ। ਪ੍ਰੇਮੀਆਂ ਦਾ ਸੁਨੇਹੜਾ ਕਬੂਤਰ ਦੇ ਪੈਰਾਂ ਨਾਲ ਬੰਨ੍ਹ ਕੇ ਭੇਜਣਾ ਵੀ ਮਕਬੂਲ ਸਰੋਤ ਰਿਹੈ। ਅੱਜਕੱਲ੍ਹ ਦੇ ਕਾਰਡ ਛਪਣ ਤੋਂ ਪਹਿਲਾਂ ਸੱਦੇ, ਜ਼ੁਬਾਨੀ ਜਾਂ ਸੁਨੇਹਿਆਂ ਦੁਆਰਾ ਹੀ ਪਹੁੰਚਦੇ ਸਨ। ਪਿੰਡ ਦਾ ਕੋਈ ਲਾਗੀ, ਪਰਿਵਾਰਕ ਦੂਤ ਬਣ ਕੇ ਸਾਕ ਸਬੰਧੀਆਂ ਦੀਆਂ ਬਰੂਹਾਂ ’ਤੇ ਜਾ ਦਸਤਕ ਦਿੰਦਾ ਸੀ। ਅਨਪੜ੍ਹਤਾ ਕਾਰਨ ਬਹੁਤੇ ਸ਼ਖ਼ਸ ਕਾਰਡ ਪੜ੍ਹਣ ਤੋਂ ਸੱਖਣੇ ਹੁੰਦੇ ਸਨ।
ਸੱਦੇ ਦੀ ਸਹੀ ਭਾਵਨਾ ਨੂੰ ਦਰਸਾਉਣ ਲਈ ਕਈ ਸੰਕੇਤਕ ਕਾਰਜ ਕੀਤੇ ਜਾਂਦੇ ਸਨ। ਖ਼ੁਸ਼ੀ ਵਾਲੇ ਸੱਦੇ ਦਾ ਸੁਖਾਵਾਂ ਭਾਵ ਉਜਾਗਰ ਕਰਨ ਹਿੱਤ ਚਿੱਠੀ ਜਾਂ ਕਾਰਡ ਉੱਤੇ ਕੇਸਰ ਜਾਂ ਹਲਦੀ ਦਾ ਛਿੱਟਾ ਦਿੱਤਾ ਜਾਂਦਾ ਸੀ। ਇਹ ਰੰਗ ਹੀ ਖ਼ੁਸ਼ੀ ਦਾ ਸਬੱਬ ਬਣ ਰੂਹ ਨੂੰ ਸਕੂਨ ਬਖ਼ਸ਼ਦਾ ਸੀ। ਇਸ ਦੇ ਉਲਟ, ਸੋਗ ਦਾ ਪੱਤਰ ਥੋੜ੍ਹਾ ਪਾੜ ਕੇ ਦਿੱਤਾ ਜਾਂਦਾ ਸੀ। ਗ਼ਮ ਦਾ ਇਹ ਸੰਦੇਸ਼ ਘਰਾਂ ਵਿੱਚ ਅਣਹੋਣੀ ਦੀ ਖ਼ਬਰ ਸੁਣਾ ਸਭ ਨੂੰ ਦਿਲਗੀਰ ਕਰ ਦਿੰਦਾ ਸੀ। ਘਰਾਂ ਵਿੱਚ ਸੱਥਰ ਵਿਛ ਜਾਂਦੇ ਸਨ। ਕਈ ਵਾਰ ਕੋਈ ਘੱਟ ਪੜ੍ਹਿਆ ਡਾਕੀਆ ਵੀ ਸੋਗ ਦੀ ਲਹਿਰ ਦਾ ਕਾਰਨ ਬਣਦਾ ਸੀ ਅਤੇ ਅਸਲੀਅਤ ਪਤਾ ਲੱਗਣ ’ਤੇ ਖ਼ੁਸ਼ੀ ਦੁੱਗਣੀ ਹੋ ਨਿੱਬੜਦੀ ਸੀ।
ਪੰਜਾਬੀ ਆਪਣੀ ਭਾਸ਼ਾ ਤੋਂ ਅਵੇਸਲੇ ਨੇ। ਕਿਸੇ ਦੂਸਰੀ ਭਾਸ਼ਾ ਵਿੱਚ ਬਿਰਤਾਂਤ ਰਚਾ ਕੇ ਫੁੱਲੇ ਨ੍ਹੀਂ ਸਮਾਉਂਦੇ। ਹੀਣ ਭਾਵਨਾ ਦੇ ਸ਼ਿਕਾਰ ਨੇ। ਪੱਛਮੀ ਅਤੇ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਜਿੱਥੇ ਲੋਕ ਆਪਣੀ ਮਾਤ ਭਾਸ਼ਾ ਵਿੱਚ ਸੱਦਾ ਪੱਤਰ ਛਾਪ ਕੇ ਵੰਡਦੇ ਹਨ, ਅਸੀਂ ਪੰਜਾਬੀ, ਗੋਰਿਆਂ ਦੀ ਜ਼ੁਬਾਨ ਨੂੰ ਤਰਜੀਹ ਦਿੰਦੇ ਹਾਂ। ਦੇਖਿਆ ਗਿਐ ਕਿ ਅਨਪੜ੍ਹ ਲੋਕਾਂ ਵਿੱਚ ਇਹ ਭਾਵਨਾ ਪ੍ਰਬਲ ਹੈ ਕਿ ਅੰਗਰੇਜ਼ੀ ਵਿੱਚ ਛਪੇ ਕਾਰਡ ਦਾ ਵਾਧੂ ਰੋਅਬ ਪੈਂਦੈ! ਪੜ੍ਹੇ ਭਾਵੇਂ ਆਪ ਵੀ ਨਾ ਹੋਣ, ਪਰ ਅਸਰ ਦੂਰ ਦਰਾਡੇ ਤੱਕ ਛੱਡਣਾ ਚਾਹੁੰਦੇ ਨੇ। ਸ਼ਬਦ-ਜੋੜ ਵਿੱਚ ਬੇਤਹਾਸ਼ਾ ਗ਼ਲਤੀਆਂ ਹੁੰਦੀਆਂ ਨੇ ਕਿਉਂਕਿ ਸਿਰਫ਼ ਨਾਂ ਹੀ ਬਦਲੇ ਹੁੰਦੇ ਨੇ, ਬਾਕੀ ਤਾਂ ਪ੍ਰੈੱਸ ਵਾਲੇ ਖ਼ੁਦ ਬਖ਼ੁਦ ਛਾਪ ਦਿੰਦੇ ਨੇ। ਕਦੇ ਕਦੇ ਇਉਂ ਮਹਿਸੂਸ ਹੁੰਦੈ ਕਿ ਸ਼ਾਇਦ ਵਾਹਵਾ ਸਮਾਂ ਗੋਰਿਆਂ ਦੇ ਗ਼ੁਲਾਮ ਰਹਿਣ ਕਰ ਕੇ ਇਹ ਵਿੰਗੀ ਟੇਢੀ ਅੰਗਰੇਜ਼ੀ ਚੇਪ ਕੇ ਗੋਰਿਆਂ ਤੋਂ ‘ਬਦਲਾ’ ਲੈਣ ਦੇ ਮੂਡ ’ਚ ਨੇ! ਪੰਜਾਬੀ ਨੂੰ ਖ਼ਤਰਾ ਪੰਜਾਬੀਆਂ ਤੋਂ ਹੈ, ਕਿਸੇ ਬਿਗਾਨੇ ਤੋਂ ਨਹੀਂ। ਭੁੱਲ ਜਾਂਦੇ ਹਾਂ ਕਿ ਸਾਡੀ ਮਾਤ ਭਾਸ਼ਾ ਤਾਂ ਮਿੱਠਤ ਨਾਲ ਲਬਰੇਜ਼ ਐ! ਫਿਰ ਸ਼ਰਮ ਕਿਉਂ?
ਸੱਦਾ ਪੱਤਰਾਂ ਦੀ ਆਪਣੀ ਇੱਕ ਤਹਿਜ਼ੀਬ ਹੁੰਦੀ ਹੈ। ਸਮੇਂ ਦੇ ਨਾਲ ਇਸ ਵਿਚਲਾ ਤੱਤ ਵੀ ਬਦਲਦਾ ਰਹਿੰਦੈ। ਹੁਣ ਕੁਝ ਨਿਸ਼ਚਿਤ ਵਿਧੀ ਜਾਂ ਲੇਖਣੀ ਤੋਂ ਅੱਗੇ ਵਧ ਕੇ ਪੰਜਾਬੀਆਂ ਦਾ ਇੱਕ ਵਰਗ ਕਾਰਡਾਂ ਨੂੰ ਮਾਤ ਭਾਸ਼ਾ ਵਿੱਚ ਭੇਜਣ ਨੂੰ ਤਰਜੀਹ ਦੇਣ ਲੱਗਿਐ। ਸ਼ੁਭ ਸ਼ਗਨ ਹੈ! ਸਾਹਿਤਕ ਅਤੇ ਕਲਾਮਈ ਸੱਦਾ ਪੱਤਰਾਂ ਨੇ ਦਿਲਾਂ ਨੂੰ ਟੁੰਬਿਆ ਹੈ। ਲੋਕ ਗੀਤਾਂ ਨਾਲ ਸ਼ਿੰਗਾਰੇ ਇਨ੍ਹਾਂ ਸੁਨੇਹਿਆਂ ਦੀ ਖ਼ੂਬਸੂਰਤੀ ਕਈ ਗੁਣਾਂ ਵਧ ਜਾਂਦੀ ਐ। ਇੱਕ ਝਲਕ ਦੇਖੋ:
ਆ ਨੀਂ ਮਾਲਣੇ ਬੈਠ ਦਲੀਜ਼ੇ,
ਕਰ ਨੀਂ ਸਿਹਰੇ ਦਾ ਮੁੱਲ ਨੀਂ
ਇੱਕ ਲੱਖ ਚੰਬਾ, ਦੋ ਲੱਖ ਮਰੂਆ,
ਤਿੰਨ ਲੱਖ ਬਾਕੀ ਦੇ ਫੁੱਲ ਨੀਂ
ਲੈ ਨੀਂ ਮਾਲਣੇ ਭਰ ਭਰ ਝੋਲੀਆਂ,
ਖੁਸ਼ੀਆਂ ਤਾਂ ਅਣਮੁੱਲ ਨੀਂ
ਪੁੱਤ ਤਾਂ ਸਾਰੇ ਜਹਾਨੋਂ ਮਹਿੰਗੇ,
ਨੂੰਹਾਂ ਦੇ ਕੋਈ ਨਾ ਤੁੱਲ ਨੀਂ
ਸਰਦਾਰ ਨਿਹਾਲ ਸਿੰਘ ਅਤੇ ਸਰਦਾਰਨੀ ਜੈ ਕੌਰ ਦੇ ਪੋਤਰੇ
ਕੰਵਲ ਨੈਨ ਸਿੰਘ
ਅਤੇ
ਸੁਨੰਦਾ ਕੌਰ
(ਸਰਦਾਰ ਭਰਪੂਰ ਸਿੰਘ ਅਤੇ ਸਰਦਾਰਨੀ ਨਿਰਮਲ ਕੌਰ ਦੀ ਪੋਤਰੀ)
ਨੇ ਸੁਪਨਿਆਂ ਦੀਆਂ ਕੰਧਾਂ ਉਸਾਰੀਆਂ ਨੇ, ਮੁਹੱਬਤਾਂ ਦੀ ਤਾਰਿਆਂ ਜੜੀ ਛੱਤ ’ਤੇ ਖੁਸ਼ੀਆਂ ਦੇ ਫਾਨੂਸ ਲਟਕਾਏ ਨੇ ਤੇ ਇਸ ਤਲਿਸਮੀ ਉਸਾਰੀ ਨੂੰ ਘਰ ਕਹਿਣ ਲਈ ਸਿਰਜੇ ਵਿਆਹ ਦੇ ਸੰਜੋਗੀ ਪਲਾਂ ਵਿੱਚ ਤੁਸੀਂ ਸਾਡੇ ਚਾਅ ਦੀ ਉਂਗਲ ਫੜ ਕੇ ਇਨ੍ਹਾਂ ਸੁਪਨਿਆਂ ਦੀ ਤਾਮੀਰ ਦਾ ਹੁੰਗਾਰਾ ਭਰਿਓ।
ਸਾਡਾ ਹਰੇਕ ਸਾਹ ਤੁਹਾਡੀ ਪੈੜ ਨੂੰ ਜੀ ਆਇਆਂ ਕਹੇਗਾ
ਉਡੀਕਵਾਨ
ਨਾਨਕੇ, ਦਾਦਕੇ
ਇਸ ਵਿੱਚ ਜਿੱਥੇ ਵੱਡੇ ਪੁਰਖਿਆਂ ਦੀ ਅਸੀਸ ਦੀ ਝਲਕ ਮਿਲਦੀ ਹੈ, ਉੱਥੇ ਘਰ ਵਿੱਚ ਆਉਣ ਵਾਲੀ ਨਵੀਂ ਧੀ ਧਿਆਣੀ ਦੇ ਵਡਮੁੱਲੇ ਅਕਸ ਦਾ ਵੀ ਝਲਕਾਰਾ ਪੈਂਦਾ ਹੈ।
ਕਈ ਵਾਰੀ ਗ਼ਮਗੀਨ ਪਲਾਂ ਦੇ ਸੱਦਾ ਪੱਤਰ ਵੀ ਵਿਲੱਖਣਤਾ ਦਾ ਮੁਜ਼ਾਹਰਾ ਕਰਦੇ ਹਨ ਅਤੇ ਯਾਦਗਾਰੀ ਛਿਣਾਂ ਨੂੰ ਹੋਰ ਉਦਾਸ ਕਰ ਜਾਂਦੇ ਹਨ। ਪੰਜਾਬੀ ਦੇ ਇੱਕ ਉੱਘੇ ਲੇਖਕ ਵੱਲੋਂ ਆਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਦਿੰਦਾ ਕਾਰਡ ਦੇਖੋ:
ਸਾਡਾ ਬਿਰਧ ਸੂਰਜ
ਸਾਰੀ ਰੋਸ਼ਨੀ ਆਪਣੇ ਟੋਟਿਆਂ ਨੂੰ ਸੌਂਪ ਕੇ
ਆਪਣੇ ਆਤਸ਼ੀ ਵਜੂਦ ਸਮੇਤ ਤੁਰ ਗਿਆ ਹੈ।
ਬਾਪੂ ਜੀ ਦੇ ਅਖੰਡ ਪਾਠ ਦੀ ਅਰਦਾਸ
31 ਜੁਲਾਈ 1982 ਸ਼ਨਿੱਚਰਵਾਰ ਦੇ ਦਿਨ
ਸਾਢੇ ਬਾਰਾਂ ਵਜੇ ਹੋਵੇਗੀ।
ਤੁਸੀਂ ਸਾਡੇ ਉਦਾਸ ਨਜ਼ਮ ਵਰਗੇ
ਘਰ ਦੀਆਂ ਬਰੂਹਾਂ ਟੱਪ ਕੇ
ਸਾਡੀ ਦਿਲਬਰੀ ਬਣਿਓ।
ਇਹ ਹੁੰਗਾਰਾ
ਤੁਹਾਡੇ ਮੋਹ-ਧਰਵਾਸੇ ਦਾ ਤਲਬਗਾਰ ਹੈ।
ਸੱਦਾ ਪੱਤਰ ਸਿਰਫ਼ ਵਿਆਹਾਂ ਜਾਂ ਮਰਨਿਆਂ ਲਈ ਹੀ ਨਹੀਂ ਹੁੰਦੇ। ਜਸ਼ਨ ਦਾ ਕੋਈ ਵੀ ਸਬੱਬ ਧਮੱਚੀ ਪੱਟ ਸਕਦੈ। ਪ੍ਰੋ. ਰਵਿੰਦਰ ਭੱਠਲ ਹੁਰਾਂ ਦੇ ਫ਼ਰਜ਼ੰਦਾਂ ਦੇ ਗ੍ਰੈਜ਼ੂਏਸ਼ਨ ਪਾਸ ਕਰਨ ਦੀ ਖ਼ੁਸ਼ੀ ਵਿੱਚ ਵੰਡੇ ਸੁਨੇਹੜੇ ਵਿੱਚ ਸਨੇਹੀਆਂ ਨੂੰ ਆਉਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਕੁਝ ਸਤਰਾਂ ਹਨ:
ਸੱਦੀ ਹੋਈ ਮਿੱਤਰਾਂ ਦੀ
ਪੈਰ ਜੁੱਤੀ ਨਾ ਪਾਵਾਂ
...
ਮਿੱਤਰ!
ਵੀਹ ਜਨਵਰੀ ਐਤਵਾਰ ਨੂੰ
ਜਿਉਂ ਹੀ ਸੂਰਜ ਛਿਪੇ
ਹਨੇਰਾ ਜਿਹਾ ਉਤਰ ਆਵੇ
ਤਾਂ ਤੈਂ, ਸਿਰਫ਼ ਤੈਂ
ਆਉਣੈ, ਤੇ ਜ਼ਰੂਰ ਆਉਣੈ
ਨਰੈਣ ਸਿੰਘ ਦੇ ਅਹਾਤੇ
ਜਿੱਥੇ ਭੂਤ ਵੱਸਦੇ ਹਨ ਬੰਦਿਆਂ ਜਿਹੇ।
ਦੇਖੀਂ! ਕਿਤੇ ਪੱਛੜ ਜਾਵੇਂ
ਜਾਂ ਆਵੇਂ ਹੀ ਨਾ।
ਇਹ ਸਾਰੀ ਉਮਰ ਦਾ ਪਛਤਾਵਾ ਬਣਜੂ, ਭਰਾਵਾ!
ਉੱਥੇ ਆਪਾਂ ਮਿਲ ਬੈਠਾਂਗੇ
ਤੇ ਛੇਵੇਂ ਦਰਿਆ ਵਿੱਚ ਚੁੱਭੀ ਮਾਰਾਂਗੇ।
ਪੰਜਾਬੀਆਂ ਦੇ ਸੁਭਾਅ ਦੀ ਵਿਲੱਖਣਤਾ ਹੈ ਕਿ ‘ਸਸਤੇ’ ਸੌਦੇ ਨਹੀਂ ਕਰਦੇ। ਇਨ੍ਹਾਂ ਦੇ ‘ਇਨਵੀਟੇਸ਼ਨ ਕਾਰਡ’ ਵੀ ਮਹਿੰਗੇ ਪੁੱਗਦੇ ਨੇ। ਵੱਡੇ ਸਾਈਜ਼ ਦੇ ਮੋਟੇ ਗੱਤੇ ’ਤੇ ਸਜ-ਧਜ ਨਾਲ ਲਿਖੀ ਇਬਾਰਤ ਅਤੇ ਪੈਕ ਕੀਤੇ ਡਰਾਈਫਰੂਟ, ਮਿਸ਼ਠਾਨ ‘ਸਟੇਟਸ ਸਿੰਬਲ’ ਬਣ ਜਾਂਦੇ ਨੇ। ਇਸ ਦੇ ਉਲਟ, ਦੱਖਣੀ ਭਾਰਤੀਆਂ ਦੇ ਛੋਟੇ ਤੇ ਸੰਖੇਪ ਜਿਹੇ ਸੱਦਾ ਪੱਤਰ ਉਹੀ ਵਾਰਤਾ ਚੰਦ ਕੁ ਸ਼ਬਦਾਂ ਵਿੱਚ ਕਹਿ ਜਾਂਦੇ ਨੇ। ਮੇਰਾ ਇੱਕ ਪੰਜਾਬੀ ਮਿੱਤਰ ਹਾਸੇ ਮਜ਼ਾਕ ਵਿੱਚ ਕਹਿੰਦਾ ਹੁੰਦੈ, “ਜਿੰਨਾ ਖ਼ਰਚ ਆਪਾਂ ਵਿਆਹ ਸ਼ਾਦੀ ਵੇਲੇ ਕਾਰਡਾਂ ਅਤੇ ਡੱਬਿਆਂ ’ਤੇ ਕਰਦੇ ਆਂ, ਗੁਜਰਾਤੀ ਓਨੇ ’ਚ ਪੂਰਾ ਸਾਹਾ ਭੁਗਤਾ ਲੈਂਦੇ ਨੇ।” ਹੈ ਵੀ ਸੱਚ!
‘ਸਾਹੇ- ਚਿੱਠੀ’ ਅੱਜ ਵੀ ਸਾਡਾ ਪਿਆਰਾ ਜਿਹਾ ਸੱਦਾ ਪੱਤਰ ਐ। ਭਾਵੇਂ ਅੱਜਕੱਲ੍ਹ ਇਹ ਰਸਮੀ ਭਾਸ਼ਾ ਵਿੱਚ ਲਿਖੀ ਲਿਖਾਈ ਮਿਲ ਜਾਂਦੀ ਹੈ, ਪਰ ਜੋ ਅਪਣੱਤ, ਜੋ ਸਹਿਜਤਾ, ਜੋ ਹਲੀਮੀ ਪਿਛਲੇ ਸਮਿਆਂ ਵਿੱਚ ਇਸ ਵਿਚਲੇ ਮਿੱਠੜੇ ਸ਼ਬਦਾਂ ਵਿੱਚ ਹੁੰਦੀ ਸੀ, ਉਹ ਹੁਣ ਲੋਪ ਜਿਹਾ ਲੱਗਦੈ। ਲੜਕੀ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਪੰਚਾਇਤ ਵੱਲੋਂ ਜੋ ਬੇਨਤੀ ਇਸ ਚਿੱਠੀ ਵਿੱਚ ਲੜਕੇ ਦੇ ਪਰਿਵਾਰ ਅਤੇ ਪਤਵੰਤਿਆਂ ਨੂੰ ਬਰਾਤ ਦੇ ਢੁਕਾਅ ਲਈ ਸੱਦਾ ਪੱਤਰ ਦੇ ਰੂਪ ਵਿੱਚ ਭੇਜੀ ਜਾਂਦੀ ਸੀ, ਉਹ ਅੱਜ ਵੀ ਸਾਡੇ ਰਸਮੋ-ਰਿਵਾਜਾਂ ਦਾ ਮਾਣਮੱਤਾ ਇਤਿਹਾਸ ਐ:
ਲਿਖਤੁਮ ਪੰਚਾਇਤ ਸਰਬੱਤ ਪਿੰਡ ਬਾਲੇਵਾਲ ਦੀ
ਵਾਸਤੇ ਰੁਲੀਆ ਸਿੰਘ ਦੇ ਪਰਿਵਾਰ ਦੇ।
ਸਾਰੀ ਪੰਚਾਇਤ ਅਤੇ ਪਰਿਵਾਰ ਵੱਲੋਂ
ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਵਾਚਣੀ ਜੀ।
ਅੱਗੇ ਜੋਗ ਸਰਬੱਤ ਪੰਚਾਇਤ ਪਿੰਡ ਮਿੱਠੇਵਾਲ ਦੀ
ਘਰ ਸਾਧੂ ਸਿੰਘ ਦੇ ਚਿੱਠੀ ਪਹੁੰਚੇ ਜੀ।
ਅੱਗੇ ਸੂਰਤ ਅਹਿਵਾਲ ਇਹ ਹੈ ਕਿ
ਰੁਲੀਆ ਸਿੰਘ ਦੀ ਲੜਕੀ-‘ਮਲਕੀਤੋ’ -ਮਲਕੀਤ ਕੌਰ ਦਾ ਲਗਨ
ਸਾਧੂ ਸਿੰਘ ਦੇ ਪੁੱਤਰ ਬੁੱਕਣ ਸਿੰਘ ਨਾਲ
ਮਾਘ ਦੀ ਪੁੰਨਿਆ ਦਾ ਨਿਕਲਿਆ ਹੈ।
ਚੌਦੇਂ ਦੀ ਰੋਟੀ ਹੈ।
ਪੁੰਨਿਆ ਦੀ ਰਾਤ ਨੂੰ ਪਹਿਲੇ ਪੱਖ ਦੀਆਂ ਦੋ ਘੜੀਆਂ
ਰਾਤ ਰਹਿੰਦੀ ਦੇ ਫੇਰੇ ਨੇ
ਸੋਧੇ ਹੋਏ ਲਗਨ ਦਾ ਸ਼ਗਨ ਪ੍ਰਵਾਨ ਕਰਨਾ ਜੀ।
ਅਸੀਂ ਧੀ ਵਾਲੇ ਗ਼ਰੀਬਾਂ ਦਾ
ਤੁਹਾਡੇ ਭਗਵਾਨਾਂ ਨਾਲ ਕੋਈ ਟਾਕਰਾ ਨਹੀਂ ਜੀ।
ਗਰੀਬੀ ਦਾਅਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ
ਲੜਕੇ ਦੇ ਨਾਲ ਚਾਰ ਬੰਦੇ ਆ ਕੇ
ਭਮਾਲੀਆਂ ਲੈ ਜਾਣਾ...(ਮੇਰਾ ਪਿੰਡ: ਗਿਆਨੀ ਗੁਰਦਿੱਤ ਸਿੰਘ)
ਸੱਦਾ ਪੱਤਰ ਪੰਜਾਬ ਅਤੇ ਪੰਜਾਬੀਆਂ ਦੀ ਰੂਹ ਦਾ ਹੁਲਾਰਾ ਨੇ। ਇਨ੍ਹਾਂ ਵਿੱਚ ਸਾਡੀ ਨਬਜ਼ ਧੜਕਦੀ ਐ। ਸੱਜਣਾਂ ਦੀ ਮਾਰੀ ਹੋਈ ਮਾਖਿਉਂ ਮਿੱਠੀ ਹਾਕ ਸਾਨੂੰ ਅੰਬਰੋਂ ਆਇਆ ਰੱਬੀ ਸੁਨੇਹਾ ਲੱਗਦੈ। ਦੁੱਖ ਵਿੱਚ ਜਿੱਥੇ ਅਸੀਂ ਦਿਲ ਹੌਲਾ ਕਰਨ ਲਈ ਕਿਸੇ ਦਾ ਮੋਢਾ ਭਾਲਦੇ ਹਾਂ, ਖ਼ੁਸ਼ੀ ਦਾ ਸੁਨੇਹਾ ਸਾਨੂੰ ਅਸਮਾਨੀ ਪਾਈ ਸਤਰੰਗੀ ਪੀਂਘ ਵਰਗਾ ਜਾਪਦੈ ਅਤੇ ਸਾਡੇ ਸਾਹਾਂ ਵਿੱਚ ਮਿਸ਼ਰੀ ਘੋਲ ਦਿੰਦੈ। ਵਿਸਮਾਦ ਵਿੱਚ ਆਇਆ ਮਨ ਟਹਿਕਣ ਲੱਗ ਜਾਂਦੈ ਅਤੇ ਬੰਬੀਹੇ ਦੀ ਹੂਕ ਸੁਣਾਈ ਦਿੰਦੀ ਐ:
ਲੱਗਦੇ ਰਹਿਣ ਖ਼ੁਸ਼ੀ ਦੇ ਮੇਲੇ
ਮਿਲਦੀਆਂ ਰਹਿਣ ਵਧਾਈਆਂ!
ਸੰਪਰਕ: 89684-33500