‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ ਦਾ ਵੱਖ-ਵੱਖ ਥਾਈਂ ਨਿੱਘਾ ਸਵਾਗਤ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਅਗਸਤ
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦਾ ਮਸ਼ਾਲ ਮਾਰਚ ਹੁਸ਼ਿਆਰਪੁਰ ਪਹੁੰਚਣ ’ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਮੇਅਰ ਸੁਰਿੰਦਰ ਕੁਮਾਰ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਮਸ਼ਾਲ ਮਾਰਚ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੇ ਹੋਏ ਇੰਡੋਰ ਸਟੇਡੀਅਮ ਪਹੁੰਚਿਆ, ਜਿੱਥੇ ਇਸ ਨੂੰ ਜਲੰਧਰ ਵੱਲ ਰਵਾਨਾ ਕਰ ਦਿੱਤਾ ਗਿਆ। ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਤੋਂ ਸ਼ੁਰੂ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਮਸ਼ਾਲ ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪੁੱਜੀ। ਜਲੰਧਰ ਵਿਚ ਪਹਿਲੀ ਸਤੰਬਰ ਤੋਂ 6 ਸਤੰਬਰ ਤੱਕ ਹਾਕੀ, ਅਥਲੈਟਿਕਸ ਤੇ ਘੋੜ ਸਵਾਰੀ ਦੇ ਮੈਚ ਹੋਣਗੇ, ਜਿਸ ਲਈ ਬਰਲਟਨ ਪਾਰਕ, ਪੀ.ਏ.ਪੀ. ਤੇ ਸਪੋਰਟਸ ਕਾਲਜ ਜਲੰਧਰ ਦੀ ਚੋਣ ਕੀਤੀ ਗਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਤੋਂ ਹੁੰਦੇ ਹੋਏ ਸਵੇਰੇ ਪਹਿਲਾਂ ਆਦਮਪੁਰ ਵਿਖੇ ਮਸ਼ਾਲ ਦਾ ਸਵਾਗਤ ਕੀਤਾ ਗਿਆ ਜਿਸ ਉਪਰੰਤ ਜਲੰਧਰ ਦੇ ਸਰਕਟ ਹਾਊਸ ਵਿਖੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ ਵਲੋਂ ਮਸ਼ਾਲ ਮਾਰਚ ਦਾ ਸਵਾਗਤ ਕੀਤਾ ਗਿਆ।
ਬੰਗਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-ਦੋ ਦੀ ਮਸ਼ਾਲ ਅੱਜ ਖਟਕੜ ਕਲਾਂ ਪੁੱਜੀ। ਖਟਕੜ ਕਲਾਂ ਵਿਖੇ ਮਸ਼ਾਲ ਦਾ ਸਵਾਗਤ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਉਪ ਮੰਡਲ ਮਜਿਸਟ੍ਰੇਟ ਬੰਗਾ ਮਨਰੀਤ ਰਾਣਾ ਦੀ ਅਗਵਾਈ ਵਿੱਚ ਕੀਤਾ ਗਿਆ।
ਫਗਵਾੜਾ (ਪੱਤਰ ਪ੍ਰੇਰਕ): ਮਸ਼ਾਲ ਮਾਰਚ ਅੱਜ ਸਵੇਰੇ ਫਗਵਾੜਾ ਵਿਖੇ ਪੁੱਜਾ। ਮਾਰਚ ਦਾ ਕੌਮਾਂਤਰੀ, ਕੌਮੀ ਤੇ ਰਾਜ ਪੱਧਰੀ ਖਿਡਾਰੀਆਂ ਨੇ ਸੁਆਗਤ ਕੀਤਾ। ਮਸ਼ਾਲ ਦੇ ਪੁੱਜਣ ਤੇ ਆਪ ਆਗੂ ਜੋਗਿੰਦਰ ਸਿੰਘ ਮਾਨ, ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ, ਕੋਚ ਪ੍ਰਦੀਪ ਕੁਮਾਰ, ਕੌਮਾਂਤਰੀ ਹਾਕੀ ਖਿਡਾਰੀ ਰਿਪੂਦਮਨ ਕੁਮਾਰ ਸਿੰਘ, ਅੰਤਰ ਰਾਸ਼ਟਰੀ ਕਬੱਡੀ ਅੰਪਾਇਰ ਪ੍ਰੋ. ਅਮਰੀਕ ਸਿੰਘ, ਸੰਦੀਪ ਸਿੰਘ ਤੋਂ ਇਲਾਵਾ ਨੌਜਵਾਨ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੇ ਮਸ਼ਾਲ ਨੂੰ ਪ੍ਰਾਪਤ ਕੀਤਾ। ਇਹ ਮਸ਼ਾਲ ਬੱਸ ਸਟੈਂਡ ਵਿਖੇ ਪੁੱਜਾ ਜਿੱਥੇ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਸੁਆਗਤ ਕੀਤਾ। ਜਿੱਥੋਂ ਇਹ ਮਾਰਚ ਪੈਦਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਖੇਡ ਮੈਦਾਨ ’ਚ ਪਹੁੰਚਿਆ।