ਵੜਿੰਗ ਨੇ ਮੂਸੇਵਾਲਾ ਪਰਿਵਾਰ ਨੂੰ ਚੋਣ ਲੜਾਉਣ ਦੇ ਸੰਕੇਤ ਦਿੱਤੇ
ਪੱਤਰ ਪ੍ਰੇਰਕ
ਮਾਨਸਾ, 12 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ’ਚੋਂ ਕਿਸੇ ਨੂੰ ਲੋਕ ਸਭਾ ਦੀ ਚੋਣ ਲੜਾਉਣ ਦੇ ਸੰਕੇਤ ਨਾਲ ਮਾਲਵਾ ਖੇਤਰ ਵਿੱਚ ਨਵੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਪਰ ਅਚਾਨਕ ਹੀ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਮੂਸੇਵਾਲਾ ਪਰਿਵਾਰ ਦੇ ਚੋਣ ਲੜਨ ਬਾਰੇ ਸੰਕੇਤ ਨਾਲ ਨਵੀਂ ਹਿਲਜੁਲ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਉਸ ਵੇਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਈ ਗਈ ਸੀ ਪਰ ਰਾਜ ਵਿੱਚ ‘ਆਪ’ ਦੀ ਹਨੇਰੀ ਕਾਰਨ ਮੂਸੇਵਾਲਾ ਚੋਣ ਹਾਰ ਗਏ ਸਨ। ਉਸ ਤੋਂ ਬਾਅਦ ਮੂਸੇਵਾਲਾ ਦਾ 29 ਮਈ, 2022 ਨੂੰ ਮਾਨਸਾ ਨੇੜੇ ਪਿੰਡ ਜਵਾਹਰਕੇ ਵਿਚ ਕਤਲ ਹੋ ਗਿਆ ਸੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਜੇਕਰ ਮੂਸੇਵਾਲਾ ਦਾ ਪਰਿਵਾਰ ਲੋਕ ਸਭਾ ਚੋਣ ਲੜਨ ਦਾ ਇਛੁੱਕ ਹੋਇਆ ਤਾਂ ਉਹ ਜ਼ਰੂਰ ਪਰਿਵਾਰ ਕੋਲ ਜਾ ਕੇ ਉਨ੍ਹਾਂ ਦੀ ਇੱਛਾ ਉਪਰ ਫੁੱਲ ਚੜ੍ਹਾਉਣਗੇ। ਉਨ੍ਹਾਂ ਦੇ ਮੂਸੇਵਾਲਾ ਦੇ ਪਰਿਵਾਰ ਨਾਲ ਬੜਾ ਨਜ਼ਦੀਕੀ ਰਿਸ਼ਤਾ ਹੈ।
ਉਹ ਪਰਿਵਾਰ ਵੱਲੋਂ ਚੋਣ ਲੜਨ ਦਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਮੂਸੇਵਾਲਾ ਦੇ ਮਾਤਾ ਜਾਂ ਪਿਤਾ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨਗੇ ਤਾਂ ਉਹ ਚੋਣ ਲੜਾਉਣ ਲਈ ਬਕਾਇਦਾ ਮੈਦਾਨ ’ਚ ਉਤਾਰਨਗੇ।
ਕਾਂਗਰਸੀ ਆਗੂ ਦੇ ਵਿਚਾਰਾਂ ਨੇ ਸਭ ਨੂੰ ਸ਼ਸ਼ੋਪੰਜ ਵਿੱਚ ਪਾਇਆ
ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅਜੇ ਤੱਕ ਆਪਣੇ ਪਰਿਵਾਰ ਵੱਲੋਂ ਰਾਜਨੀਤਕ ਤੌਰ ’ਤੇ ਚੋਣ ਲੜਨ ਦੀ ਭਾਵੇਂ ਖੁੱਲ੍ਹ ਕੇ ਇੱਛਾ ਜ਼ਾਹਿਰ ਨਹੀਂ ਕੀਤੀ ਪਰ ਅਚਾਨਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਾਰਾਂ ਨੇ ਸਭ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਹੈ। ਇਸੇ ਦੌਰਾਨ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਜੇ ਤੱਕ ਕਿਸੇ ਪਾਰਟੀ ਵੱਲੋਂ ਉਨ੍ਹਾਂ ਨਾਲ ਚੋਣ ਮੈਦਾਨ ਵਿੱਚ ਉਤਰਨ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਜੇਕਰ ਕੋਈ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਪ੍ਰਸ਼ੰਸਕਾਂ ਅਤੇ ਇਲਾਕਾ ਵਾਸੀਆਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।