ਓਮਾਨ ਦੇ ਜਹਾਜ਼ ਦੇ ਲਾਪਤਾ ਚਾਲਕ ਦਲ ਦੇ ਮੈਂਬਰਾਂ ਦੀ ਮਦਦ ਲਈ ਵੜਿੰਗ ਆਏ ਅੱਗੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸਟੀਜ਼ ਫਾਲਕਨ ਜਹਾਜ਼ ਦੇ ਲਾਪਤਾ ਚਾਲਕ ਦਲ ਦੇ ਮੈਂਬਰਾਂ ਦੀ ਭਾਲ ਦੀ ਮੰਗ ਕਰਦਿਆਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਸਬੰਧੀ ਮਦਦ ਦੀ ਅਪੀਲ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਕੀਤੀ ਸੀ, ਜੋ ਪੀੜਤ ਪਰਿਵਾਰ ਦੇ ਕਰੀਬੀ ਹਨ। ਸੰਜੇ ਤਲਵਾੜ ਨੇ ਮਾਮਲੇ ਨੂੰ ਸੂਬਾ ਪ੍ਰਧਾਨ ਦੇ ਧਿਆਨ ’ਚ ਲਿਆਂਦਾ। ਉਨ੍ਹਾਂ ਦੱਸਿਆ ਕਿ ਮੁੱਖ ਅਧਿਕਾਰੀ ਰਾਜਿੰਦਰ ਸਿੰਘ ਜਹਾਜ਼ ’ਤੇ ਸਵਾਰ ਸਨ, ਜਦੋਂ 15 ਜੁਲਾਈ ਨੂੰ ਮੌਸਮ ਖ਼ਰਾਬ ਹੋਣ ਕਾਰਨ ਇਹ ਓਮਾਨ ’ਚ ਡੁਕੂਮ ਬੰਦਰਗਾਹ ਕੋਲ ਪਲਟ ਗਿਆ। ਜਹਾਜ਼ ਦੇ 16 ਮੈਂਬਰੀ ਚਾਲਕ ਦਲ ਵਿੱਚੋਂ ਨੌਂ ਜਣਿਆਂ ਨੂੰ ਬਚਾ ਲਿਆ ਗਿਆ, ਜਿਸ ’ਚੋਂ ਇੱਕ ਦੀ ਮੌਤ ਹੋ ਗਈ ਤੇ ਮੁੱਖ ਅਧਿਕਾਰੀ ਰਾਜਿੰਦਰ ਸਿੰਘ ਸਣੇ ਛੇ ਮੈਂਬਰ ਅਜੇ ਵੀ ਲਾਪਤਾ ਹਨ। ਭਾਰਤੀ ਹਵਾਈ ਸੈਨਾ ਅਤੇ ਓਮਾਨ ਸਰਕਾਰ ਵੱਲੋਂ ਮੁੱਢਲੀਆਂ ਕੋਸ਼ਿਸ਼ਾਂ ਮਗਰੋਂ ਖੋਜ ਮੁਹਿੰਮ ਬੰਦ ਕਰ ਦਿੱਤੀ ਗਈ, ਜਿਸ ਕਾਰਨ 15 ਜੁਲਾਈ ਤੋਂ ਲਾਪਤਾ ਚਾਲਕ ਦਲ ਦੇ ਮੈਂਬਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਰਾਜਾ ਵੜਿੰਗ ਨੇ ਚਿੱਠੀ ’ਚ ਅਪੀਲ ਕੀਤੀ ਹੈ ਕਿ ਵਿਦੇਸ਼ ਮੰਤਰੀ ਖੋਜ ਮੁਹਿੰਮ ’ਤੇ ਨਿਗਰਾਨੀ ਯਕੀਨੀ ਬਣਾਉਣ। ਉਨ੍ਹਾਂ ਮੁੱਖ ਅਧਿਕਾਰੀ ਰਾਜਿੰਦਰ ਸਿੰਘ ਸਣੇ ਲਾਪਤਾ ਮੈਂਬਰਾਂ ਨੂੰ ਬਚਾਉਣ ਦੇ ਮੰਤਵ ਨਾਲ ਓਮਾਨ ਸਰਕਾਰ ਅਤੇ ਭਾਰਤੀ ਹਵਾਈ ਸੈਨਾ ਦੀ ਸਾਂਝੀ ਖੋਜ ਮੁਹਿੰਮ ਨੂੰ ਵੱਡੇ ਪੈਮਾਨੇ ’ਤੇ ਮੁੜ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਡਾ. ਐੱਸ ਜੈਸ਼ੰਕਰ ਦੇ ਦੇਸ਼ ’ਚ ਹਾਜ਼ਰ ਨਾ ਹੋਣ ਕਾਰਨ ਰਾਜਾ ਵੜਿੰਗ ਨੇ ਵਿਦੇਸ਼ ਮੰਤਰੀ ਦੇ ਨਿੱਜੀ ਸਹਾਇਕ ਨੂੰ ਮੰਗ ਪੱਤਰ ਦਿੱਤਾ ਹੈ।