For the best experience, open
https://m.punjabitribuneonline.com
on your mobile browser.
Advertisement

ਵਾਰਡਬੰਦੀ ਨੇ ਇੱਕੋ ਛੱਤ ਹੇਠ ਰਹਿੰਦੇ ਪਰਿਵਾਰ ਵੰਡੇ

07:43 AM Sep 30, 2024 IST
ਵਾਰਡਬੰਦੀ ਨੇ ਇੱਕੋ ਛੱਤ ਹੇਠ ਰਹਿੰਦੇ ਪਰਿਵਾਰ ਵੰਡੇ
Advertisement

ਜਗਜੀਤ ਸਿੰਘ
ਮੁਕੇਰੀਆਂ, 29 ਸਤੰਬਰ
ਪੰਚਾਇਤੀ ਚੋਣਾਂ ਦਾ ਅਮਲ ਸ਼ੁਰੂ ਹੁੰਦਿਆਂ ਹੀ ਪਿੰਡਾਂ ’ਚ ਪੁੱਜੀਆਂ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਵਾਰਡਬੰਦੀ ਅਤੇ ਪੰਚਾਇਤੀ ਵਿਭਾਗ ਵੱਲੋਂ ਭੇਜੀਆਂ ਵੋਟਰਾਂ ਦੀਆਂ ਲਿਸਟਾਂ ਵਿੱਚ ਅੰਤਰ ਖ਼ਿਲਾਫ਼ ਮਹਿਮੂਦਪੁਰ ਦੇ ਸਾਬਕਾ ਸਰਪੰਚ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਉੱਧਰ ਪਿੰਡ ਨੁਸ਼ਿਹਰਾ ਪੱਤਣ ਦੀਆਂ ਅਜਿਹੀਆਂ ਵੋਟਰ ਲਿਸਟਾਂ ’ਚ ਇੱਕ ਛੱਤ ਹੇਠ ਰਹਿ ਰਹੇ ਪਰਿਵਾਰਕ ਮੈਂਬਰਾਂ ਦੀਆਂ ਵੱਖ-ਵੱਖ ਵਾਰਡਾਂ ਵਿੱਚ ਵੰਡੀਆਂ ਪਾ ਦਿੱਤੀਆਂ ਗਈਆਂ ਹਨ।
ਮਹਿਮੂਦਪੁਰ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਅਧਿਕਾਰੀਆਂ ਨੇ ਕਥਿਤ ਭ੍ਰਿਸ਼ਟਾਚਾਰ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਵਾਰਡਬੰਦੀ ਲਿਸਟ ਦੇ ਉਲਟ ਗਲਤ ਤਰੀਕੇ ਨਾਲ ਪਿੰਡਾਂ ਦੀਆਂ ਵਾਰਡਬੰਦੀ ਅਤੇ ਵੋਟਰ ਲਿਸਟਾਂ ਤਿਆਰ ਕੀਤੀਆਂ ਹਨ। ਡੀਸੀ ਦੀ ਵਾਰਡਬੰਦੀ ਲਿਸਟ ਅਨੁਸਾਰ ਜਿਹੜੇ ਵੋਟਰ ਇੱਕ ਵਾਰਡ ਵਿੱਚ ਹਨ, ਉਹ ਪੰਚਾਇਤੀ ਅਧਿਕਾਰੀਆਂ ਦੀ ਲਿਸਟ ਵਿੱਚ ਦੂਜੀ ਲਿਸਟ ਵਿੱਚ ਦਰਸਾਏ ਗਏ ਹਨ। ਇਸੇ ਤਰ੍ਹਾਂ ਪਿੰਡ ਨੁਸ਼ਿਹਰਾ ਪੱਤਣ ਦੀ ਸਰਪੰਚੀ ਦੋ ਚੋਣ ਲੜ ਰਹੇ ਜਸਵਿੰਦਰ ਸਿੰਘ ਦੀ ਖੁਦ ਦੀ ਵੋਟ ਇੱਕ ਵਾਰਡ ਵਿੱਚ ਹੈ ਅਤੇ ਉਸ ਦੀ ਪਤਨੀ ਅਤੇ ਮਾਤਾ ਦੀ ਵੋਟ ਦੂਜੇ ਵਾਰਡ ਵਿੱਚ ਦਰਜ ਹੈ। ਪਿੰਡ ਦੇ ਨਿਰਮਲ ਸਿੰਘ ਦਾ ਸਾਰਾ ਪਰਿਵਾਰ ਇੱਕ ਵਾਰਡ ਵਿੱਚ ਹੈ ਤੇ ਉਸ ਦਾ ਇੱਕ ਲੜਕਾ ਵੋਟਰ ਲਿਸਟ ਅਨੁਸਾਰ ਦੂਜੇ ਵਾਰਡ ਵਿੱਚ ਹੈ। ਇਸੇ ਤਰ੍ਹਾਂ ਪਿੰਡ ਦੀਆਂ ਕਈ ਹੋਰ ਵੋਟਰਾਂ ਦਾ ਵੀ ਇਹੀ ਹਾਲ ਹੈ। ਜਦੋਂ ਕਿ ਉਕਤ ਪਰਿਵਾਰ ਸਾਂਝੇ ਅਤੇ ਇੱਕੋ ਘਰ ਵਿੱਚ ਰਹਿ ਰਹੇ ਹਨ। ਇਸ ਤੋਂ ਇਲਾਵਾ ਵਾਰਡਾਂ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਵੀ ਕਾਫੀ ਜ਼ਿਆਦਾ ਅੰਤਰ ਹੈ। ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਪਿੰਡਾਂ ਵਿੱਚ ਭੇਜੀਆਂ ਵੋਟਰ ਲਿਸਟਾਂ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਵਾਰਡ ਬੰਦੀ ਅਨੁਸਾਰ ਦਰੁਸਤ ਕਰਕੇ ਮੁੜ ਭੇਜੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੁਧਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਹਾਲੇ ਸ਼ਿਕਾਇਤ ਨਹੀਂ ਪੁੱਜੀ: ਬੀਡੀਪੀਓ
ਬੀਡੀਪੀਓ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਹਾਲੇ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਪੁੱਜੀ। ਜੇਕਰ ਚੋਣ ਕਮਿਸ਼ਨ ਵੱਲੋਂ ਕੋਈ ਹੁਕਮ ਆਉਂਦੇ ਹਨ ਤਾਂ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਾਸ਼ਨ ਵੱਲੋਂ ਵਾਰਡਬੰਦੀ ਤੇ ਵੋਟਰ ਲਿਸਟਾਂ ਤਿਆਰ ਕਰਨ ਤੋਂ ਪਹਿਲਾਂ ਸੁਧਾਈ ਲਈ ਸਮਾਂ ਦਿੱਤਾ ਗਿਆ ਸੀ ਅਤੇ ਪ੍ਰਕਾਸ਼ਨਾ ਵੀ ਯਕੀਨੀ ਬਣਾਈ ਗਈ ਸੀ ਪਰ ਲੋਕਾਂ ਨੇ ਇਹ ਦਾਅਵਾ ਨਕਾਰਦਿਆਂ ਕਿਹਾ ਕਿ ਵੋਟਰ ਤੇ ਵਾਰਡਬੰਦੀ ਲਿਸਟਾਂ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਉਨ੍ਹਾਂ ਨੂੰ ਮਿਲੀਆਂ ਹਨ।

Advertisement

Advertisement
Advertisement
Author Image

Advertisement