ਨਿਕਾਸ ਨਾ ਹੋਣ ਕਾਰਨ ‘ਕਾਲੇ ਪਾਣੀ’ ਦੀ ਸਜ਼ਾ ਕੱਟ ਰਹੇ ਨੇ ਵਾਰਡਵਾਸੀ
ਮਿਹਰ ਸਿੰਘ
ਕੁਰਾਲੀ, 27 ਜੂਨ
ਸ਼ਹਿਰ ਵਾਰਡ ਨੰਬਰ 11 ਦੀਆਂ ਗਲ਼ੀਆਂ ਵਿੱਚ ਸੀਵਰੇਜ ਦੇ ਮੈਨਹੋਲਾਂ ਵਿਚੋਂ ਓਵਰਫਲੋਅ ਹੋ ਕੇ ਗਲੀਆਂ ਵਿੱਚ ਭਲਿਆ ਕਾਲੇ ਰੰਗ ਦਾ ਤੇਜ਼ਾਬੀ ਪਾਣੀ ਪਿਛਲੇ ਕਾਫੀ ਅਰਸੇ ਤੋਂ ਕਈ ਰਿਹਾਇਸ਼ੀ ਕਲੋਨੀਆਂ ਦੇ ਵਸਨੀਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਕਲੋਨੀ ਵਾਸੀਆਂ ਨੇ ਸੀਵਰੇਜ ਵਿੱਚ ਫੈਕਟਰੀ ਦਾ ਤੇਜ਼ਾਬੀ ਪਾਣੀ ਸੁੱਟੇ ਜਾਣ ਦੀ ਜਾਂਚ ਅਤੇ ਕਾਰਵਾਈ ਤੋਂ ਇਲਾਵਾ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ।
ਵਾਰਡ ਨੰਬਰ 11 ਦੇ ਵਸਨੀਕਾਂ ਸੰਜੀਵ ਕੁਮਾਰ, ਮੰਗਤ ਰਾਮ, ਅਮਰਜੀਤ ਸਿੰਘ, ਨਰਿੰਦਰ ਸਿੰਘ, ਅਨਿਲ ਕੁਮਾਰ, ਕਮਾਨੀ, ਸੋਨੀਆ ਅਤੇ ਆਸ਼ਾ ਰਾਣੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਮੈਨਹੋਲ ਓਵਰਫਲੋਅ ਹੋ ਕੇ ਪਾਣੀ ਵਾਰਡ ਦੀਆਂ ਗਲੀਆਂ ਵਿੱਚ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੀਲੇ ਰੰਗ ਦਾ ਤੇਜ਼ਾਬੀ ਪਾਣੀ ਆਉਂਦਾ ਸੀ ਪਰ ਹੁਣ ਗੂੜ੍ਹੇ ਕਾਲੇ ਰੰਗ ਦਾ ਤੇਜ਼ਾਬੀ ਪਾਣੀ ਸੀਵਰੇਜ ਦੇ ਮੈਨਹੋਲਾਂ ਵਿੱਚੋਂ ਨਿਕਲ ਕੇ ਗਲ਼ੀਆਂ ਵਿੱਚ ਭਰ ਜਾਂਦਾ ਹੈ। ਇਹ ਪਾਣੀ ਬਾਰਿਸ਼ ਤੋਂ ਸੱਤ-ਅੱਠ ਘੰਟੇ ਬਾਅਦ ਤੱਕ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ। ਸੰਜੀਵ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਇਸ ਦੂਸ਼ਿਤ ਪਾਣੀ ਕਾਰਨ ਉਨ੍ਹਾਂ ਦਾ ਪੈਦਲ ਚੱਲ ਕੇ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕਿਸੇ ਫੈਕਟਰੀ ਦਾ ਤੇਜ਼ਾਬੀ ਪਾਣੀ ਸੀਵਰੇਜ ਦੀਆਂ ਪਾਈਆਂ ਵਿੱਚ ਸਿੱਧਾ ਹੀ ਸੁੱਟਿਆ ਜਾ ਰਿਹਾ ਹੈ।
ਵਾਰਡ ਵਾਸੀਆਂ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਦੇ ਨਿਕਾਸੀ ਪ੍ਰਬੰਧ ਨੂੰ ਸਹੀ ਕਰਨ ਵਿੱਚ ਵੀ ਕੌਂਸਲ ਕਈ ਸਾਲਾਂ ਤੋਂ ਅਸਫਲ ਚੱਲੀ ਆ ਰਹੀ ਹੈ ਜਿਸ ਕਾਰਨ ਹੀ ਉਨ੍ਹਾਂ ਦੀ ਸਮੱਸਿਆ ਹੋਰ ਵਧੀ ਹੋਈ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਖੇਤਰ ਵਿੱਚ ਜਮ੍ਹਾਂ ਹੁੰਦੇ ਤੇਜ਼ਾਬੀ ਪਾਣੀ ਕਾਰਨ ਚਮੜੀ ਦੇ ਰੋਗ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਵਾਰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦੀਆਂ ਪਾਈਪਾਂ ਵਿੱਚੋਂ ਨਿਕਲ ਰਹੇ ਇਸ ਤੇਜ਼ਾਬੀ ਪਾਣੀ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।
ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਦਾ ਫੋਨ ਬੰਦ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਦਕਿ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਸੀਵਰੇਜ ਵਿੱਚ ਤੇਜ਼ਾਬੀ ਪਾਣੀ ਸੁੱਟੇ ਜਾਣ ਦੀ ਜਾਂਚ ਤੇ ਕਾਰਵਾਈ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ।