ਨਰਾਇਣਗੜ੍ਹ ਦਾ ਵਾਰਡ ਨੰਬਰ ਇਕ ਸਹੂਲਤਾਂ ਵਿੱਚ ਫਾਡੀ
ਫਰਿੰਦਰ ਗੁਲਿਆਣੀ
ਨਰਾਇਣਗੜ੍ਹ, 20 ਜੁਲਾਈ
ਨਰਾਇਣਗੜ੍ਹ ਦੇ ਵਾਰਡ ਨੰਬਰ-1 ਸੈਕਟਰ 4 ਹੁੱਡਾ ਦੇ ਵਸਨੀਕਾਂ ਨੇ ਐੱਸਡੀਐੱਮ ਜੈ.ਸੀ ਸ਼ਾਰਦਾ ਨੂੰ ਸ਼ਿਕਾਇਤ ਦੇ ਕੇ ਸੈਕਟਰ ਦੀਆਂ ਟੁੱਟੀਆਂ ਸੜਕਾਂ ਅਤੇ ਖਰਾਬ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਵਾਰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕਈ ਵਾਰ ਨਗਰ ਕੌਂਸਲ ਦੀ ਚੇਅਰਪਰਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਸਫਾਈ ਵਿਵਸਥਾ ਠੀਕ ਕਰਵਾਉਣ ਲਈ ਸ਼ਿਕਾਇਤਾਂ ਦਿੱਤੀਆਂ ਸਨ ਪਰ ਕੋਈ ਕਾਰਵਾਹੀ ਅਮਲ ਵਿੱਚ ਨਹੀਂ ਲਿਆਂਦੀ ਗਈ। ਹੁੱਡਾ ਵਿੱਚ ਵਾਰਡ ਦੇ ਕੌਂਸਲਰ ਅਤੇ ਚੇਅਰਮੈਨ ਨਾਲ ਮੀਟਿੰਗ ਕਰਨ ਤੋਂ ਬਾਅਦ ਵੀ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਮੌਕੇ ਐਡਵੋਕੇਟ ਗੌਰਵ ਰਾਜ, ਸੁਨੀਲ ਸ਼ਰਮਾ, ਗੌਰਵ ਮੋਮੀਆ, ਅੰਕੁਰ ਮਹਿਤਾ ਆਦਿ ਨੇ ਦੱਸਿਆ ਕਿ ਹੁੱਡਾ ਸੈਕਟਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣ ਗਈ ਹੈ ਅਤੇ ਸੜਕ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਅਤੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਸਟਰੀਟ ਲਾਈਟਾਂ ਦੇ ਠੀਕ ਨਾ ਹੋਣ ਕਾਰਨ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਵੀ ਲੋਕ ਪ੍ਰੇਸ਼ਾਨ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਨੇ ਐੱਸਡੀਐੱਮ ਨੂੰ ਮੰਗ ਕੀਤੀ ਕਿ ਉਹ ਖੁਦ ਮੌਕਾ ਕਰਕੇ ਮੌਕੇ ਦੇ ਹਾਲਾਤ ਦੇਖ ਕੇ ਸਮੱਸਿਆਵਾਂ ਹੱਲ ਕੀਤੀ ਜਾਵੇ। ਇਸ ਮੌਕੇ ’ਤੇ ਐਡਵੋਕੇਟ ਸਰਵਜੀਤ ਸਿੰਘ ਗੁਲਿਆਣੀ, ਗੁਰਮੀਤ ਸਿੰਘ ਤੇ ਗੌਰਵ ਆਦਿ ਹਾਜ਼ਰ ਸਨ।