ਦਿੱਲੀ ਨਿਗਮ ਵੱਲੋਂ ਵਾਰਡ ਕਮੇਟੀ ਦੀਆਂ ਚੋਣਾਂ ਦਾ ਐਲਾਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਗਸਤ
ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਬਣਾਉਣ ਲਈ ਵਾਰਡ ਕਮੇਟੀ ਦੀਆਂ ਚੋਣਾਂ ਚਾਰ ਸਤੰਬਰ ਨੂੰ ਹੋਣਗੀਆਂ। ਇੱਥੇ ਅੱਜ ਵਾਰਡ ਕਮੇਟੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਕਾਗਜ਼ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸਥਾਈ ਕਮੇਟੀ ਨਿਗਮ ਦੀ ਤਾਕਤਵਰ ਬਾਡੀ ਹੁੰਦੀ ਹੈ। ਐਲਡਰਮੈਨਾਂ ਦੀ ਨਿਯੁਕਤੀ ਦੇ ਮਾਮਲੇ ਵਿੱਚ ਭਾਜਪਾ ਦੀ ਝੰਡੀ ਰਹੀ ਹੋਣ ਕਰਕੇ ਆਮ ਆਦਮੀ ਪਾਰਟੀ ਲਈ ਨਿਗਮ ਪ੍ਰਬੰਧ ਚਲਾਉਣਾ ਸੌਖਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਐੱਮਸੀਡੀ ਦੇ ਕਾਰਜਕਾਰੀ ਅਤੇ ਸੰਚਾਲਨ ਉਪ-ਨਿਯਮਾਂ ਦੀ ਧਾਰਾ 53 ਤਹਿਤ ਨਗਰ ਨਿਗਮ ਕਮਿਸ਼ਨਰ ਨੂੰ ਵਾਰਡ ਕਮੇਟੀਆਂ ਅਤੇ ਸਥਾਈ ਕਮੇਟੀਆਂ ਦੀਆਂ ਚੋਣਾਂ ਦੀ ਤਾਰੀਕ ਨਿਰਧਾਰਤ ਕਰਨ ਦਾ ਅਧਿਕਾਰ ਹੈ, ਜਦੋਂ ਕਿ ਇਹ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਪ੍ਰੀਜ਼ਾਈਡਿੰਗ ਅਫਸਰ ਦੀ ਹੈ। ਵਾਰਡ ਅਤੇ ਸਥਾਈ ਕਮੇਟੀ ਦੇ ਚੇਅਰਮੈਨ ਦੀ ਚੋਣ ਨਿਯੁਕਤੀ ਦੀ ਸ਼ਕਤੀ ਮੇਅਰ ਦੇ ਕੰਮ ਅਤੇ ਸੰਚਾਲਨ ਉਪ-ਨਿਯਮਾਂ ਦੀ ਮੱਦ 54 ਵਿੱਚ ਸ਼ਾਮਲ ਹੈ। ਵਾਰਡ ਕਮੇਟੀ ਦੀਆਂ ਚੋਣਾਂ ਬਹੁਤ ਜ਼ਰੂਰੀ ਹਨ। ਦਿੱਲੀ ਨਗਰ ਨਿਗਮ ਵਿੱਚ ਨਿਯਮਾਂ ਅਨੁਸਾਰ ਪਹਿਲਾਂ ਵਾਰਡ ਕਮੇਟੀ ਦੀ ਚੋਣ ਹੁੰਦੀ ਹੈ। ਦਿੱਲੀ ਨਗਰ ਨਿਗਮ ਵਿੱਚ 12 ਵਾਰਡ ਕਮੇਟੀਆਂ ਹਨ। ਇਸ ਵਿੱਚ ਹਰ ਵਾਰਡ ਕਮੇਟੀ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ। ਇਸੇ ਤਰ੍ਹਾਂ ਹਰ ਵਾਰਡ ਕਮੇਟੀ ਤੋਂ ਇੱਕ ਮੈਂਬਰ ਸਥਾਈ ਕਮੇਟੀ ਲਈ ਚੁਣਿਆ ਜਾਵੇਗਾ।
ਭਾਜਪਾ ਨੇ ਐਤਵਾਰ ਨੂੰ ‘ਆਪ’ ਦੇ ਪੰਜ ਕੌਂਸਲਰਾਂ ਨੂੰ ਸ਼ਾਮਲ ਕਰਕੇ ਸਿਆਸੀ ਦਾਅ ਖੇਡਿਆ ਹੈ। ਸੂਤਰਾਂ ਅਨੁਸਾਰ ਇਸ ਵੇਲੇ ਅੱਠ ਕਾਂਗਰਸੀ ਅਤੇ ਦੋ ਹੋਰ ‘ਆਪ’ ਕੌਂਸਲਰ ਭਾਜਪਾ ਦੇ ਸੰਪਰਕ ਵਿੱਚ ਹਨ, ਜਦੋਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਗੁਣਾ ਭਾਗ ਵਿੱਚ ਵੀ ਰੁੱਝੇ ਹੋਏ ਹਨ।
ਨਿਯਮਾਂ ਅਨੁਸਾਰ ਨਾਮਜ਼ਦਗੀ ਲਈ ਘੱਟੋ-ਘੱਟ ਤਿੰਨ ਦਿਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਪਰ ਨਿਗਮ ਇਸ ਲਈ ਸੱਤ ਤੋਂ ਦਸ ਦਿਨ ਦਾ ਸਮਾਂ ਦੇ ਰਿਹਾ ਹੈ। ਇਸ ਲਈ ਨਾਮਜ਼ਦਗੀ ਪ੍ਰਕਿਰਿਆ ਵੀ ਅੱਠ ਸਤੰਬਰ ਤੱਕ ਮੁਕੰਮਲ ਕੀਤੀ ਜਾ ਸਕਦੀ ਹੈ। ਜਦੋਂਕਿ ਚੋਣ ਪ੍ਰਕਿਰਿਆ ਸਤੰਬਰ ਦੇ ਤੀਜੇ ਹਫ਼ਤੇ ਮੁਕੰਮਲ ਹੋ ਜਾਵੇਗੀ। ਭਾਜਪਾ ਦੇ ਬਹੁਮਤ ਵਾਲੀਆਂ ਵਾਰਡ ਕਮੇਟੀਆਂ ਵਿੱਚ ਕੇਂਦਰੀ, ਨਰੇਲਾ, ਸਿਵਲ ਲਾਈਨਜ਼, ਸ਼ਾਹਦਰਾ ਦੱਖਣੀ, ਸ਼ਾਹਦਰਾ ਉੱਤਰੀ, ਨਜਫਗੜ੍ਹ ਅਤੇ ਕੇਸ਼ਵਪੁਰਮ ਸ਼ਾਮਲ ਹਨ। ਰੋਹਿਣੀ, ਦੱਖਣੀ, ਪੱਛਮੀ, ਸਿਟੀ ਐਸਪੀ ਅਤੇ ਕਰੋਲ ਬਾਗ ਵਾਰਡ ਕਮੇਟੀਆਂ ਵਿੱਚ ‘ਆਪ’ ਦਾ ਬਹੁਮਤ ਹੈ।
ਦਲ ਬਦਲੀ ਮਗਰੋਂ ਭਾਜਪਾ ਕੋਲ 111 ਕੌਂਸਲਰ ਹਨ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ 128, ਕਾਂਗਰਸ ਦੇ ਨੌਂ, ਇੱਥ ਆਜ਼ਾਦ ਕੌਂਸਲਰ ਤੇ ਇੱਕ ਵਾਰਡ ਅਜੇ ਖਾਲੀ ਹੈ।