ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਿਆਂ ਖਿ਼ਲਾਫ਼ ਜੰਗ

06:21 AM Nov 02, 2024 IST

ਪੰਜਾਬ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਕਈ ਸਾਲਾਂ ਤੋਂ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨਾਲ ਲੜਨ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪਿਛਲੇ ਦਸ ਮਹੀਨਿਆਂ ਵਿੱਚ ਪੁਲੀਸ ਨੇ 10524 ਤਸਕਰ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਵਿੱਚ 153 ਉੱਚ ਪੱਧਰੀ ਅਪਰੇਟਰ ਹਨ ਜਿਨ੍ਹਾਂ ਕੋਲੋਂ ਚੋਖੀ ਮਾਤਰਾ ਵਿੱਚ ਹੈਰੋਇਨ ਅਤੇ ਹੋਰ ਨਸ਼ੇ ਬਰਾਮਦ ਹੋਏ ਹਨ। ਇਹ ਅੰਕੜੇ ਹਾਲਾਂਕਿ ਸ਼ਲਾਘਾਯੋਗ ਕਾਰਵਾਈ ਦਾ ਸੂਚਕ ਹਨ ਪਰ ਮਹਿਜ਼ ਅੰਕਡਿ਼ਆਂ ਨੂੰ ਦਰਜ ਕਰਨਾ ਹੀ ਕਾਫ਼ੀ ਨਹੀਂ। ਇਸ ਅਲਾਮਤ ਲਈ ਹਕੀਕੀ ਡਰਾਵਾ ਕਾਇਮ ਕਰਨ ਲਈ ਪੁਲੀਸ ਨੂੰ ਇਨ੍ਹਾਂ ਅੰਕਡਿ਼ਆਂ ਤੋਂ ਪਾਰ ਜਾ ਕੇ ਮੁੱਖ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੇ ਕੁਕਰਮਾਂ ਬਦਲੇ ਸ਼ਰਮਿੰਦਗੀ ਦਾ ਅਹਿਸਾਸ ਕਰਾਇਆ ਜਾ ਸਕੇ। ਇਸ ਦੇ ਨਾਲ ਹੀ ਨਿਆਂਇਕ ਪ੍ਰਕਿਰਿਆ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ ਤਾਂ ਕਿ ਜਾਲ ਵਿੱਚ ਆਏ ‘ਵੱਡੇ ਮਗਰਮੱਛਾਂ’ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਅਤੇ ਇਸ ਤਰ੍ਹਾਂ ਦੀਆਂ ਗ਼ੈਰ-ਕਾਨੂੰਨੀ ਤੇ ਗ਼ੈਰ-ਮਾਨਵੀ ਸਰਗਰਮੀਆਂ ਵਿੱਚ ਸ਼ਾਮਿਲ ਇਨ੍ਹਾਂ ਅਨਸਰਾਂ ਦੇ ਮਨਾਂ ਵਿੱਚ ਖੌਫ਼ ਪੈਦਾ ਕੀਤਾ ਜਾ ਸਕੇ।
ਪੰਜਾਬ ਨੇ ਇਸ ਵੇਲੇ ਦੋ ਤਰਫ਼ਾ ਪਹੁੰਚ ਅਪਣਾਈ ਹੋਈ ਹੈ ਜਿਸ ਤਹਿਤ ਮੁਕਾਮੀ ਨਸ਼ਾ ਫਰੋਸ਼ਾਂ ਦੇ ਨਾਲ-ਨਾਲ ਵੱਡੇ ਨਸ਼ਾ ਤਸਕਰਾਂ ਦੇ ਵੱਡੇ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਇਸ ਦੇ ਅਹਿਮ ਸਿੱਟੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ ਕੁੱਲ 790 ਕਿਲੋਗ੍ਰਾਮ ਹੈਰੋਇਨ ਅਤੇ 860 ਕਿਲੋਗ੍ਰਾਮ ਅਫ਼ੀਮ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਤੇ ਕਰੀਬ 13 ਕਰੋੜ ਰੁਪਏ ਦੀ ਨਕਦੀ ਵੀ ਫੜੀ ਗਈ ਹੈ। ਇਸ ਤੋਂ ਇਲਾਵਾ 208 ਕਰੋੜ ਰੁਪਏ ਦੇ ਮੁੱਲ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ ਜਿਸ ਨਾਲ ਅਪਰਾਧਿਕ ਸਰਗਰਮੀਆਂ ਦੀਆਂ ਵਿੱਤੀ ਜੜ੍ਹਾਂ ’ਤੇ ਵੱਡੀ ਸੱਟ ਪਈ ਹੈ ਪਰ ਜੇ ਇਸ ਰਣਨੀਤੀ ਨੂੰ ਜ਼ਿਆਦਾ ਅਸਰਦਾਰ ਬਣਾਉਣਾ ਹੈ ਤਾਂ ਮੁੱਖ ਤਸਕਰਾਂ ਦੀ ਪਛਾਣ ਜਨਤਕ ਕਰਨੀ ਪਵੇਗੀ ਅਤੇ ਇਸ ਦੇ ਨਾਲ ਹੀ ਇਸ ਧੰਦੇ ਨੂੰ ਮਿਲੀ ਹੋਈ ਛੋਟ ਦੀ ਜਨਤਕ ਧਾਰਨਾ ਨੂੰ ਬਦਲਣਾ ਪਵੇਗਾ।
ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਸਰਹੱਦ ਪਾਰ ਤਸਕਰੀ ਦੇ ਖ਼ਤਰੇ ਨਾਲ ਵੀ ਸਿੱਝਣ ਦੀ ਲੋੜ ਹੈ ਜਿਸ ਵਿੱਚ ਨਸ਼ਿਆਂ ਦੀ ਖੇਪਾਂ ਦੀ ਸਪਲਾਈ ਲਈ ਡਰੋਨਾਂ ਦੀ ਵਰਤੋਂ ਹੋਣ ਨਾਲ ਵਾਧਾ ਹੋ ਰਿਹਾ ਹੈ। ਇਸੇ ਸਾਲ ਬੀਐੱਸਐੱਫ ਨੇ ਪੰਜਾਬ ਦੀ ਸਰਹੱਦ ਲਾਗਿਓਂ 183 ਡਰੋਨ ਜ਼ਬਤ ਕੀਤੇ ਹਨ; 2023 ਵਿੱਚ ਇਨ੍ਹਾਂ ਦੀ ਸੰਖਿਆ 107 ਸੀ। ਇਹ ਡਰੋਨ ਮੁੱਖ ਤੌਰ ’ਤੇ ਪਾਕਿਸਤਾਨ ਤੋਂ ਆਉਂਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਨਸ਼ਾ ਤਸਕਰਾਂ ਨੇ ਆਪਣੇ ਤੌਰ ਤਰੀਕੇ ਕਾਫ਼ੀ ਆਧੁਨਿਕ ਬਣਾ ਲਏ ਹਨ ਜਿਨ੍ਹਾਂ ਨੂੰ ਇਸੇ ਸਫ਼ਾਈ ਨਾਲ ਜਵਾਬ ਦੇਣ ਦੀ ਲੋੜ ਹੈ। ਬੀਐੱਸਐੱਫ ਨੇ ਕੁਝ ਐਂਟੀ ਡਰੋਨ ਸਿਸਟਮ ਵੀ ਲਾਗੂ ਕੀਤੇ ਹੋਏ ਹਨ। ਪੰਜਾਬ ਜਿਸ ਢੰਗ ਨਾਲ ਇਸ ਗਹਿਰੇ ਸੰਕਟ ਨਾਲ ਲੜ ਰਿਹਾ ਹੈ ਅਤੇ ਆਪਣੇ ਲੋਕਾਂ ਨੂੰ ਨਸ਼ਿਆਂ ਦੇ ਤੰਦੂਆ ਜਾਲ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਦੇ ਨਾਲੋ-ਨਾਲ ਭਰਵੀਂ ਅਤੇ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਦੀ ਵੀ ਲੋੜ ਹੈ ਤਾਂ ਕਿ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾ ਸਕੇ ਅਤੇ ਉਚ ਤਕਨੀਕੀ ਖ਼ਤਰਿਆਂ ਨੂੰ ਦਬੋਚਿਆ ਜਾ ਸਕੇ।

Advertisement

Advertisement