ਯੁੱਧ ਨਸ਼ਿਆਂ ਦੇ ਵਿਰੁੱਧ: ਫਾਜ਼ਿਲਕਾ ਪੁਲੀਸ ਨੇ ਨਸ਼ਾ ਤਸਕਰ ਦੇ ਘਰ ’ਤੇ ਚਲਾਇਆ ਬੁਲਡੋਜ਼ਰ
ਪਰਮਜੀਤ ਸਿੰਘ
ਫਾਜ਼ਿਲਕਾ, 9 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫਾਜ਼ਿਲਕਾ ਪੁਲੀਸ ਵੱਲੋਂ ਅੱਜ ਇੱਕ ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ।
ਜ਼ਿਲ੍ਹਾ ਪੁਲੀਸ ਵੱਲੋਂ ਪਿੰਡ ਸੀਡ ਫਾਰਮ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਬੁਲਡੋਜ਼ਰ ਚਲਾਇਆ ਗਿਆ। ਇਸ ਮੌਕੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿੱਢੀ ਫੈਸਲਾਕੁਨ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੋਹੜ ਸਿੰਘ ਨਾਂ ਦੇ ਜਿਸ ਵਿਅਕਤੀ ਦਾ ਘਰ ਢਾਹਿਆ ਗਿਆ ਹੈ, ਉਸ ਖਿਲਾਫ਼ ਨਸ਼ਾ ਤਸਕਰੀ ਸਬੰਧੀ 21 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਹ ਸਰਕਾਰ ਵੱਲੋਂ ਸੀਜ਼ ਕਰ ਲਈ ਜਾਏਗੀ ਜਾਂ ਢਾਹ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਇਹ ਹਾਲੇ ਇਸ ਮੁਹਿੰਮ ਦਾ ਆਗਾਜ਼ ਹੈ ਅਤੇ ਨਸ਼ਾ ਤਸਕਰੀ ਕਰਕੇ ਜਾਇਦਾਦਾਂ ਬਣਾਉਣ ਵਾਲਿਆਂ ਖਿਲਾਫ਼ ਵੀ ਬੁਲਡੋਜ਼ਰ ਐਕਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕ ਵੱਡੇ ਪੱਧਰ ’ਤੇ ਨਸ਼ੇ ਤਸਕਰੀ ਕਰਨ ਵਾਲਿਆਂ ਦੀਆਂ ਸੂਚਨਾਵਾਂ ਪੁਲੀਸ ਨੂੰ ਦੇ ਰਹੇ ਹਨ।
ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਸੰਪਰਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਇਥੋਂ ਮਿਲਣ ਵਾਲੇ ਫੀਡਬੈਕ ਨਾਲ ਨਸ਼ਿਆਂ ਖਿਲਾਫ ਲੜਾਈ ਹੋਰ ਵੀ ਤੇਜ਼ ਹੋ ਗਈ ਹੈ ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਪੁਲੀਸ ਕਾਰਵਾਈ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਟੁੱਟਣਗੇ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਦੀ ਪੰਜਾਬ ਸਰਕਾਰ ਦੀ ਮੁਹਿੰਮ ਸਫਲ ਹੋਵੇਗੀ। ਇਸ ਮੌਕੇ ਡੀਐਸਪੀ (ਡੀ) ਬਲਕਾਰ ਸਿੰਘ, ਡੀਐਸਪੀ ਅਬੋਹਰ ਸੁਖਜਿੰਦਰ ਸਿੰਘ, ਐਸਐਚਓ ਮਨਿੰਦਰ ਸਿੰਘ ਅਤੇ ਪ੍ਰੋਮਿਲਾ ਰਾਣੀ ਵੀ ਹਾਜ਼ਰ ਸਨ।