ਨਸ਼ਿਆਂ ਖ਼ਿਲਾਫ਼ ਜੰਗ: ਪਰਵਿੰਦਰ ਦੀ ਰਿਹਾਈ ਲਈ ਰੋਸ ਮਾਰਚ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਗਸਤ
ਨਸ਼ਿਆਂ ਦੇ ਖਾਤਮੇ ਲਈ ਮਾਨਸਾ ਤੋਂ ਆਰੰਭ ਹੋਏ ਪੱਕੇ ਮੋਰਚੇ ਦੌਰਾਨ ਅੱਜ ਐਂਟੀ ਡਰੱਗ ਟਾਸਕ ਫੋਰਸ ਅਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈਕੇ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਰੋਸ ਮਾਰਚ ਕਰਦਿਆਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦਾ ਪੁਤਲਾ ਫੂਕਿਆ। ਆਗੂਆਂ ਨੇ ਬਿਨਾਂ ਸ਼ਰਤ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੀ ਰਿਹਾਈ ਅਤੇ ਨਸ਼ਾ ਤਸ਼ਕਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਤੋਂ ਪਹਿਲਾਂ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਲੱਗੇ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਿਥੇ ਦੇਸ਼ ਦੀ ਮਾੜੀ ਹਾਲਤ ਕਾਰਨ ਦੇਸ਼ ਵਿੱਚ ਕੇਂਦਰ ਸਰਕਾਰ ਦਾ ਹੱਥ ਹੈ, ਉਥੇ ਹੀ ਪੰਜਾਬ ਸਰਕਾਰ ਵੀ ਨਸ਼ਾ ਤਸ਼ਕਰਾਂ ਨੂੰ ਕਾਬੂ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫੈਲੀ ਬੇਰੁਜ਼ਗਾਰੀ ਦੇ ਹੱਲ ਲਈ ਪੰਜਾਬ ਸਰਕਾਰ ਠੋਸ ਕਦਮ ਚੁੱਕੇ ਅਤੇ ਪ੍ਰਸ਼ਾਸ਼ਨ ਨਸ਼ਾ ਵੰਡ ਰਹੇ ਸੋਦਾਗਰਾਂ ਨੂੰ ਸਲਾਖਾਂ ਪਿੱਛੇ ਬੰਦ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣ। ਇਸ ਮੌਕੇ ਕੁਲਵਿੰਦਰ ਸਿੰਘ ਕਾਲੀ, ਗਗਨਦੀਪ ਸ਼ਰਮਾ, ਸੁਰਿੰਦਰ ਪਾਲ, ਕਾਮਰੇਡ ਹਰਦੇਵ ਅਰਸ਼ੀ, ਰਾਜ ਸਿੰਘ ਭੀਖੀ, ਲੱਖਾ ਸਿਧਾਣਾ, ਗੁਰਮੇਲ ਸਿੰਘ, ਰਘੂ ਦੁਲੇਵਾਲਾ, ਰਿਕੀ ਰਾਏਪੁਰ, ਗੁਰਦੀਪ ਝੁਨੀਰ, ਗੁਰਸੇਵਕ ਸਿੰਘ ਜਵਾਹਰਕੇ, ਧੰਨਾ ਮਾਲ ਗੋਇਲ, ਅਮਨ ਪਟਵਾਰੀ, ਕੁਲਵਿੰਦਰ ਸਿੰਘ ਸੁਖੀ, ਸੰਦੀਪ ਸਿੰਘ, ਸੁਰਿੰਦਰ ਪਾਲ ਮੋਹਨਾ, ਸਿਮਰਜੀਤ ਗਾਗੋਵਾਲ, ਮਹਿੰਦਰ ਭੈਣੀਬਾਘਾ, ਮਨਜੀਤ ਰਾਣਾ, ਮਨਜੀਤ ਮੀਹਾ, ਸੁਰਿੰਦਰਪਾਲ ਸਰਮਾ, ਰਤਨ ਭੋਲਾ ਤੇ ਜੁਗਰਾਜ ਖੋਖਰ ਨੇ ਵੀ ਸੰਬੋਧਨ ਕੀਤਾ।