ਨਸ਼ਿਆਂ ਖ਼ਿਲਾਫ਼ ਜੰਗ: ਪਿੰਡ ਪੱਧਰ ’ਤੇ ਗ੍ਰਾਮ ਸੁਰੱਖਿਆ ਕਮੇਟੀਆਂ ਬਣਾਉਣ ਦੇ ਹੁਕਮ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 6 ਜੁਲਾਈ
ਬਠਿੰਡਾ ਜ਼ਿਲ੍ਹੇ ’ਚ ਆਮ ਲੋਕਾਂ ਅਤੇ ਪੁਲੀਸ ’ਚ ਵਧੀਆ ਭਾਈਚਾਰਕ ਮਿਲਵਰਤਣ ਬਣਾਉਣ ਲਈ ਪਿੰਡ ਪੱਧਰ ’ਤੇ ਗ੍ਰਾਮ ਸੁਰੱਖਿਆ ਕਮੇਟੀਆਂ ਬਣਾਏ ਜਾਣ ਦੀ ਤਜਵੀਜ਼ ਹੈ। ਇਨ੍ਹਾਂ ਕਮੇਟੀਆਂ ਦੀ ਕਾਰਗੁਜ਼ਾਰੀ ਨੂੰ ਵਿਸ਼ੇਸ਼ ਤੌਰ ’ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ’ਤੇ ਕੇਂਦਰਿਤ ਰੱਖਿਆ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਅਨੁਸਾਰ ਐੱਸਐੱਸਪੀ ਵੱਲੋਂ ਸੁਝਾਇਆ ਗਿਆ ਹੈ ਕਿ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਸਾਧਾਰਣ ਲੋਕਾਈ ਦੇ ਸੰਪਰਕ ਨੂੰ ਸੁਖਾਲਾ ਕਰਨ ਦੇ ਉਦੇਸ਼ ਤਹਿਤ ਇਹ ਕਮੇਟੀਆਂ ਸਹਾਈ ਸਾਬਿਤ ਹੋਣਗੀਆਂ। ਇਹ ਕਮੇਟੀਆਂ ਪਬਲਿਕ, ਪੁਲੀਸ ਤੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ, ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਪ੍ਰੇਰਣ ਅਤੇ ਨਸ਼ਾ ਤਸਕਰਾਂ ਦੇ ਕਾਰਨਾਮਿਆਂ ਬਾਰੇ ਗੁਪਤ ਜਾਣਕਾਰੀ ਸਾਂਝਾ ਕਰਨ ਦਾ ਕੰਮ ਕਰਨਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਦੇ ਸਾਰੇ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ (ਬੀਡੀਪੀਓਜ਼) ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖੇਤਰ ਦੇ ਥਾਣਿਆਂ ਦੇ ਐਸਐਚਓਜ਼ ਨਾਲ ਰਾਬਤਾ ਕਾਇਮ ਕਰਕੇ ਪਿੰਡ ਪੱਧਰ ਤੇ ਗ੍ਰਾਮ ਸੁਰੱਖਿਆ ਕਮੇਟੀਆਂ ਦੇ ਮੈਂਬਰ ਚੁਣ ਕੇ ਲਿਸਟਾਂ ਤਿਆਰ ਕਰਕੇ ਏਰੀਏ ਐਸਡੀਐਮਜ਼ ਅਤੇ ਡੀਐਸਪੀਜ਼ ਨਾਲ ਮਿਲ ਕੇ ਫ਼ਾਈਨਲ ਲਿਸਟਾਂ ਤਿਆਰ ਕਰਕੇ ਪ੍ਰਵਾਨਗੀ ਹਿਤ ਭੇਜਣ।
ਹੁਕਮ ਅਨੁਸਾਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਅਤੇ ਐਸਡੀਐਮਜ਼ ਸਾਂਝੇ ਤੌਰ ’ਤੇ ਪਿੰਡਾਂ ਦੇ ਵਿੱਚ ਇਹੋ ਜਿਹੇ ਵਿਅਕਤੀਆਂ ਦੀ ਪਹਿਚਾਣ ਕਰਨਗੇ, ਜੋ ਨਸ਼ਿਆਂ ਦੀ ਰੋਕਥਾਮ ਲਈ ਸਬ ਡਵੀਜ਼ਨ ਪੱਧਰ ’ਤੇ ਗਠਿਤ ਕਮੇਟੀ ਨੂੰ ਮੱਦਦ ਕਰ ਸਕਣ। ਇਹ ਵੀ ਕਿਹਾ ਕਿ ਇਨ੍ਹਾਂ ਵਿਅਕਤੀਆਂ ਕੋਲ ਆਪਣੇ ਨਿੱਜੀ ਪੱਧਰ ’ਤੇ ਬਿਨਾਂ ਕਿਸੇ ਸਰਕਾਰੀ ਅਦਾਰੇ ਤੋਂ ਕਾਰਵਾਈ ਕਰਨ ਦੇ ਅਖਤਿਆਰ/ਅਧਿਕਾਰ ਨਹੀਂ ਹੋਣਗੇ।