ਡੇਂਗੂ ਵਿਰੁੱਧ ਜੰਗ: ਪ੍ਰਮੁੱਖ ਸਕੱਤਰ ਤੇ ਡੀਸੀ ਨੇ ਸਰਕਾਰੀ ਸਕੂਲ ਤੇ ਘਰਾਂ ਦੀ ਜਾਂਚ ਕੀਤੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਨੂੰ ਜਾਰੀ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਅਤੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਵੱਖ-ਵੱਖ ਸਿਹਤ ਟੀਮਾਂ ਨੇ ਫੇਜ਼-7 ਵਿੱਚ ਘਰ-ਘਰ ਜਾ ਕੇ ਡੇਂਗੂ ਲਾਰਵੇ ਦੀ ਜਾਂਚ ਕੀਤੀ। ਇਸ ਟੀਮ ਵਿੱਚ ਮੈਡੀਕਲ ਕਾਲਜ ਦੇ ਵਿਦਿਆਰਥੀ ਅਤੇ ਹੋਰ ਸਟਾਫ਼ ਵੀ ਸ਼ਾਮਲ ਸੀ। ਇਸ ਦੌਰਾਨ ਕਈ ਘਰਾਂ ਦੇ ਕੂਲਰਾਂ ਵਿੱਚ ਮੱਛਰਾਂ ਦਾ ਲਾਰਵਾ ਪਾਇਆ ਗਿਆ। ਲਾਰਵਾ ਮਿਲਣ ਵਾਲੇ ਘਰਾਂ ਦੇ ਮੌਕੇ ’ਤੇ ਚਲਾਨ ਕੀਤੇ ਗਏ।
ਇਸੇ ਦੌਰਾਨ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਦੀ ਅਗਵਾਈ ਵਾਲੀ ਟੀਮ ਨੇ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-7 ਦਾ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਸੁਚੇਤ ਰਹਿਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਡੇਂਗੂ ਵਿਰੁੱਧ ਜੰਗ ਵਿੱਚ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਡੀਸੀ ਆਸ਼ਿਕਾ ਜੈਨ ਨੇ ਵੀ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਅਤੇ ਸਕੂਲ ਵਿੱਚ ਸਾਫ਼-ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਵਿਦਿਆਰਥੀਆਂ ਕੋਲੋਂ ਵਾਅਦਾ ਲਿਆ ਕਿ ਉਹ ਹਰੇਕ ਸ਼ੁੱਕਰਵਾਰ ਨੂੰ ਆਪਣੇ ਘਰਾਂ ਵਿੱਚ ਜਾਂਚ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਕਿਸੇ ਵੀ ਥਾਂ ’ਤੇ ਪਾਣੀ ਖੜ੍ਹਾ ਨਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।