ਵਕਫ਼ ਬਿੱਲ: ਜਮੀਅਤ ਉਲੇਮਾ-ਏ-ਹਿੰਦ ਵੱਲੋਂ ਵਿਰੋਧੀ ਧਿਰਾਂ ਨਾਲ ਮੀਟਿੰਗਾਂ ਜਾਰੀ
ਨਵੀਂ ਦਿੱਲੀ, 19 ਅਗਸਤ
ਵਕਫ਼ (ਸੋਧ) ਬਿੱਲ ਨੂੰ ਲੈ ਕੇ ਜਮੀਅਤ ਉਲੇਮਾ-ਏ-ਹਿੰਦ ਵੱਲੋਂ ਵਿਰੋਧੀ ਧਿਰਾਂ ਦੇ ਆਗੂਆਂ ਦੇ ਨਾਲ ਨਾਲ ਸੰਸਦ ਦੀ ਸਾਂਝੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਸਮਝਾਇਆ ਜਾ ਸਕੇ ਕਿ ਤਜਵੀਜ਼ਸ਼ੁਦਾ ਕਾਨੂੰਨ ‘ਗ਼ੈਰਸੰਵਿਧਾਨਕ’ ਅਤੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਮਾਮਲਿਆਂ ’ਚ ਸਿੱਧਾ ਦਖਲ ਹੈ।
ਮੁਸਲਿਮ ਭਾਈਚਾਰੇ ਦੀ ਅਹਿਮ ਜਥੇਬੰਦੀ ਨੇ ਕਿਹਾ ਕਿ ਜਮੀਅਤ ਦੇ ਵਫ਼ਦ ਲਗਾਤਾਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ ਤੇ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਜੇ ਇਹ ਬਿੱਲ ਪਾਸ ਹੋ ਗਿਆ ਤਾਂ ਵਕਫ਼ ਦੀਆਂ ਜਾਇਦਾਦਾਂ ਅਸੁਰੱਖਿਅਤ ਹੋ ਜਾਣਗੀਆਂ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟਿਸ ਅਨੁਸਾਰ ਭਾਜਪਾ ਮੈਂਬਰ ਜਗਦੰਬਿਕਾ ਪਾਲ ਦੀ ਪ੍ਰਧਾਨਗੀ ਹੇਠਲੀ ਕਮੇਟੀ 22 ਅਗਸਤ ਨੂੰ ਘੱਟ ਗਿਣਤੀ ਮਾਮਲੇ ਅਤੇ ਕਾਨੂੰਨ ਤੇ ਨਿਆਂ ਮੰਤਰਾਲਿਆਂ ਦੇ ਨੁਮਾਇੰਦਿਆਂ ਨੂੰ ਮਿਲੇਗੀ। ਜਮੀਅਤ ਨੇ ਕਿਹਾ ਕਿ ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ ਦੀਆਂ ਹਦਾਇਤਾਂ ’ਤੇ ਸੰਸਥਾ ਦੇ ਨੁਮਾਇੰਦੇ ਲਗਾਤਾਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਬਿੱਲ ਲਈ ਬਣਾਈ ਗਈ ਸਾਂਝੀ ਕਮੇਟੀ ਦੇ ਮੈਂਬਰਾਂ ਨੂੰ ਮਿਲ ਰਹੇ ਹਨ। ਜਮੀਅਤ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਵਫ਼ਦ ਵੱਲੋਂ ਜਿੱਥੇ ਬਿੱਲ ਦੇ ਨੁਕਸਾਨਾਂ ਬਾਰੇ ਦੱਸਿਆ ਜਾ ਰਿਹਾ ਉੱਥੇ ਹੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਇਹ ਬਿੱਲ ਪਾਸ ਕੀਤਾ ਗਿਆ ਹੈ ਕਿ ਮੁਸਲਮਾਨਾਂ ਨੂੰ ਵਕਫ਼ ਜਾਇਦਾਦਾਂ ਤੋਂ ਬੇਦਖਲ ਕਰ ਦਿੱਤਾ ਜਾਵੇਗਾ।
ਸੰਸਥਾ ਨੇ ਦੱਸਿਆ ਕਿ ਇਹ ਮੀਟਿੰਗਾਂ ਕੌਮੀ ਤੇ ਸੂਬਾ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ