ਵਕਫ਼ ਬਿੱਲ: ਭਾਜਪਾ ਦਾ ‘ਘੱਟ ਗਿਣਤੀ ਮੋਰਚਾ’ ਮੁਸਲਮਾਨਾਂ ਤੋਂ ਲਏਗਾ ਸੁਝਾਅ
ਨਵੀਂ ਦਿੱਲੀ, 1 ਸਤੰਬਰ
ਪ੍ਰਮੁੱਖ ਮੁਸਲਿਮ ਜਥੇਬੰਦੀਆਂ ਵੱਲੋਂ ਵਕਫ਼ (ਸੋਧ) ਬਿੱਲ ਦੀ ਕੀਤੀ ਜਾ ਰਹੀ ਨੁਕਤਾਚੀਨੀ ਦਰਮਿਆਨ ਭਾਜਪਾ ਦੇ ਘੱਟਗਿਣਤੀ ਮੋਰਚੇ ਵੱਲੋਂ ਵਕਫ਼ ਬੋਰਡਾਂ ਵਿਚ ਸੁਧਾਰਾਂ ਦੀ ਹਮਾਇਤ ਲਈ ਵਿਚਾਰ ਤੇ ਸੁਝਾਅ ਲਏ ਜਾਣਗੇ, ਜਿਨ੍ਹਾਂ ਨੂੰ ਅੱਗੇ ਇਸ ਬਿੱਲ ਦੀ ਘੋਖ ਕਰ ਰਹੀ ਸੰਸਦੀ ਕਮੇਟੀ ਅੱਗੇ ਰੱਖਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਸਟੇਟ ਵਕਫ਼ ਬੋਰਡ ਦੇ ਚੇਅਰਪਰਸਨਾਂ ਸਣੇ ਭਾਜਪਾ ਦੀ ਸੱਤ ਮੈਂਬਰੀ ਟੀਮ ਦੇਸ਼ ਦੇ ਘੱਟਗਿਣਤੀ ਭਾਈਚਾਰੇ ਤੋਂ ਇਸ ਮੁੱਦੇ ਬਾਰੇ ਉਨ੍ਹਾਂ ਦੇ ਵਿਚਾਰ ਤੇ ਫ਼ਿਕਰਾਂ ਨੂੰ ਜਾਣੇਗੀ। ਇਕ ਭਾਜਪਾ ਆਗੂ ਨੇ ਦਾਅਵਾ ਕੀਤਾ, ‘‘ਅਸੀਂ ਕਮੇਟੀ ਅੱਗੇ ਹਰੇਕ ਦਾ ਪੱਖ ਰੱਖਾਂਗੇ। ਜੇ ਬਿੱਲ ਦੇ ਕਿਸੇ ਪਹਿਲੂ ਬਾਰੇ ਕੋਈ ਫ਼ਿਕਰ ਹੋਇਆ ਤਾਂ ਅਸੀਂ ਇਸ ਨੂੰ ਸਹੀ ਢੰਗ ਨਾਲ ਅੱਗੇ ਰੱਖਾਂਗੇ। ਪਰ ਹਰ ਥਾਈਂ ਭਾਈਚਾਰੇ ਦੇ ਲੋਕਾਂ ਨੇ ਵਕਫ਼ ਬੋਰਡਾਂ ਵਿਚ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਹੈ।’’ ਘੱਟ ਗਿਣਤੀ ਮੋਰਚਾ ਵੱਲੋਂ ਸੰਸਦ ਮੈਂਬਰ ਜਗਦੰਬਿਕਾ ਪਾਲ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਤੇ ਭਾਜਪਾ ਲੀਡਰਸ਼ਿਪ ਨਾਲ ਰਿਪੋਰਟ ਸਾਂਝੀ ਕੀਤੀ ਜਾਵੇਗੀ। -ਪੀਟੀਆਈ