Waqf (Amendment) Bill: ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਵਕਫ਼ ਬਿੱਲ ਲਿਆਈ: ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਅੱਜ ਇੱਥੇ ਲੋਕ ਸਭਾ ਵਿੱਚ ਕਿਹਾ ਕਿ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਸਰਕਾਰ ਵਕਫ਼ (ਸੋਧ) ਬਿੱਲ ਲੈ ਕੇ ਆਈ ਅਤੇ ਇਹ ਸੱਤਾਧਾਰੀ ਭਾਜਪਾ ਦਾ ‘ਸਿਆਸੀ ਹੱਠ’ ਹੈ ਅਤੇ ‘ਉਸ ਦੀ ਸੰਪਰਦਾਇਕ ਸਿਆਸਤ ਦਾ ਨਵਾਂ ਰੂਪ ਹੈ।’
ਉਨ੍ਹਾਂ ਬਿੱਲ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਵਕਫ਼ ਨਾਲ ਜੁੜੇ ਜਿਨ੍ਹਾਂ ਮੁੱਦਿਆਂ ’ਤੇ ਫ਼ੈਸਲਾ ਲਿਆ ਜਾਣਾ ਸੀ, ਉਨ੍ਹਾਂ ਨੂੰ ਬਿੱਲ ਵਿੱਚ ਅਹਿਮੀਅਤ ਨਹੀਂ ਦਿੱਤੀ ਗਈ ਹੈ।
ਅਖਿਲੇਸ਼ ਨੇ ਨੋਟਬੰਦੀ ਦੇ ਕੇਂਦਰ ਦੇ ਫ਼ੈਸਲੇ ’ਤੇ ਤਨਜ਼ ਕੱਸਦਿਆਂ ਕਿਹਾ, ‘‘ਬਹੁਤ ਤਿਆਰੀ ਨਾਲ ਆਏ ਸੀ, ਫ਼ੈਸਲਾ ਲਿਆ ਸੀ ਕਿ ਅੱਧੀ ਰਾਤ ਤੋਂ ਬਾਅਦ ਨੋਟ ਨਹੀਂ ਚੱਲਣਗੇ ਪਰ ਹੁਣ ਵੀ ਕਈ ਥਾਵਾਂ ਤੋਂ ਕਿੰਨੇ ਨੋਟ ਮਿਲ ਰਹੇ ਹਨ।’’ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬੇਰੁਜ਼ਗਾਰੀ ਦੂਰ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਸੀ, ਉਨ੍ਹਾਂ ਦਾ ਕੀ ਹੋਇਆ।
ਅਖਿਲੇਸ਼ ਨੇ ਕਿਹਾ, ‘‘ਕੀ ਗੰਗਾ ਨਦੀ ਸਾਫ਼ ਹੋ ਗਈ, ਯਮੁਨਾ ਨਦੀ ਸਾਫ਼ ਹੋ ਗਈ। ਕੀ ਗੋਦ ਲਏ ਗਏ ਪਿੰਡ ਕੁੱਛੜੋਂ ਲਾਹ ਦਿੱਤੇ। ਉਨ੍ਹਾਂ ਦੀ ਅੱਜ ਦਸ਼ਾ ਕੀ ਹੈ?’’
ਸਮਾਜਵਾਦੀ ਪਾਰਟੀ ਮੁਖੀ ਨੇ ਕਿਹਾ, ‘‘ਨਾਕਾਮੀ ’ਤੇ ਪਰਦਾ ਐਤਕੀਂ ਵਕਫ਼ ਬਿੱਲ ਬਣਿਆ ਹੈ।’’ ਉਨ੍ਹਾਂ ਕਿਹਾ ਕਿ ਕੀ ਰੇਲਵੇ ਅਤੇ ਰੱਖਿਆ ਮੰਤਰੀ ਦੀ ਜ਼ਮੀਨ ਨਹੀਂ ਵੇਚੀ ਜਾ ਰਹੀ। ਅਖਿਲੇਸ਼ ਨੇ ਕਿਹਾ, ‘‘ਵਕਫ਼ ਦੀ ਜ਼ਮੀਨ ਨਾਲੋਂ ਵੱਡਾ ਮੁੱਦਾ ਉਹ ਜ਼ਮੀਨ ਹੈ, ਜਿਸ ’ਤੇ ਚੀਨ ਨੇ ਆਪਣੇ ਪਿੰਡ ਵਸਾ ਲਏ ਹਨ ਪਰ ਕੋਈ ਵੀ ਇਸ ਬਾਹਰੀ ਖ਼ਤਰੇ ’ਤੇ ਸਵਾਲ ਨਾ ਕਰੇ, ਇਸ ਲਈ ਇਹ ਬਿੱਲ ਲਿਆਂਦਾ ਗਿਆ।’’
ਉਨ੍ਹਾਂ ਕਿਹਾ, ‘‘ਮੰਤਰੀ ਜੀ (ਕਿਰਨ ਰਿਜਿਜ਼ੂ) ਉਸੇ ਸਰਹੱਦੀ ਸੂਬੇ ਅਰੁਣਾਚਲ ਪ੍ਰਦੇਸ਼ ਤੋਂ ਹਨ। ਉਹ ਦੱਸਣ ਕਿ ਕਿੰਨੀ ਜ਼ਮੀਨ ’ਤੇ ਚੀਨ ਨੇ ਪਿੰਡ ਵਸਾ ਲਏ ਹਨ।’’ ਉਨ੍ਹਾਂ ਕਿਹਾ, ‘‘ਵਕਫ਼ ਬਿੱਲ ਭਾਜਪਾ ਦਾ ਸਿਆਸੀ ਹੱਠ ਹੈ ਅਤੇ ਉਹ ਭਾਜਪਾ ਦੀ ਸੰਪਰਦਾਇਕ ਸਿਆਸਤ ਦਾ ਇੱਕ ਨਵਾਂ ਰੂਪ ਹੈ।’’ ਅਖਿਲੇਸ਼ ਨੇ ਦੋਸ਼ ਲਾਇਆ, ‘‘ਸਰਕਾਰ (ਵਕਫ਼) ਜ਼ਮੀਨ ਨੂੰ ਕਾਬੂ ਹੇਠ ਲੈ ਕੇ ਇਸ ਨੂੰ ਪਿਛਲੇ ਦਰਵਾਜ਼ਿਓਂ ਆਪਣੇ ਲੋਕਾਂ ਨੂੰ ਦੇਣਾ ਚਾਹੁੰਦੀ ਹੈ।’’ -ਪੀਟੀਆਈ