ਧਾਰਾ 370 ਬਾਰੇ ਫੈਸਲਾ ਥੋਪਣ ਦੀ ਬਜਾਏ ਜਨਤਾ ਦੀ ਸਹਿਮਤੀ ਨਾਲ ਲੈਣਾ ਚਾਹੁੰਦੇ ਸੀ: ਮੋਦੀ
ਨਵੀਂ ਦਿੱਲੀ, 5 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਰੱਦ ਕਰਨ ਦੇ ਉਨ੍ਹਾਂ ਦੀ ਸਰਕਾਰ ਦੇ ਫੈਸਲੇ ਬਾਰੇ ਕਿਹਾ, ‘‘ਮੇਰੇ ਦਿਲ ਵਿੱਚ ਇਹ ਗੱਲ ਬਹੁਤ ਸਪੱਸ਼ਟ ਸੀ ਕਿ ਇਸ ਫੈਸਲੇ ਦੇ ਅਮਲ ਲਈ ਜੰਮੂ ਕਸ਼ਮੀਰ ਦੀ ਜਨਤਾ ਨੂੰ ਭਰੋਸੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ‘370: ਅਨਡੂਈਂਗ ਦਿ ਅਨਜੱਸਟ, ਏ ਨਿਊ ਫਿਊਚਰ ਫਾਰ ਜੰਮੂ ਕਸ਼ਮੀਰ’ ਨਾਮ ਦੀ ਨਵੀਂ ਕਿਤਾਬ ਦੀ ਪ੍ਰਸਤਾਵਨਾ ਵਿਚ ਇਹ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਤਾਬ ਵਿੱਚ ਲਿਖਿਆ, ‘‘ਅਸੀਂ ਚਾਹੁੰਦੇ ਸਨ ਕਿ ਜਦੋਂ ਵੀ ਇਹ ਫੈਸਲਾ ਲਿਆ ਜਾਵੇ ਤਾਂ ਇਹ ਲੋਕਾਂ ’ਤੇ ਥੋਪਣ ਦੀ ਬਜਾਏ ਉਨ੍ਹਾਂ ਦੀ ਸਹਿਮਤੀ ਨਾਲ ਹੋਣਾ ਚਾਹੀਦੈ।’’ ਇਹ ਕਿਤਾਬ ਗੈਰ-ਲਾਭਕਾਰੀ ਸੰਗਠਨ ‘ਬਲੂਕ੍ਰਾਫਟ ਡਿਜੀਟਲ ਫਾਊਂਡੇਸ਼ਨ’ ਨੇ ਲਿਖੀ ਹੈ ਅਤੇ ਇਸ ਨੂੰ ਪੈਂਗੁਈਨ ਐਂਟਰਪ੍ਰਾਈਜ਼ ਨੇ ਪ੍ਰਕਾਸ਼ਿਤ ਕੀਤਾ ਹੈ। ਕਿਤਾਬ ਵਿੱਚ ਵਿਸਥਾਰ ਨਾਲ ਉਨ੍ਹਾਂ ਜਾਣਕਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੋਦੀ ਨੇ ਆਪਣੇ ਵਾਸਤੇ ਜੋ ਟੀਚੇ ਤੈਅ ਕੀਤੇ ਸਨ, ਉਨ੍ਹਾਂ ਨੂੰ ਕਿਵੇਂ ਹਾਸਲ ਕੀਤਾ। -ਪੀਟੀਆਈ