ਭਾਰਤ ਨਾਲ ਰਾਜਨੀਤਕ ਤੇ ਆਰਥਿਕ ਰਿਸ਼ਤੇ ਮਜ਼ਬੂਤ ਕਰਨਾ ਚਾਹੁੰਦੇ ਹਾਂ: ਅਫ਼ਗਾਨਿਸਤਾਨ
ਨਵੀਂ ਦਿੱਲੀ, 9 ਜਨਵਰੀ
ਤਾਲਿਬਾਨ ਦੀ ਅਗਵਾਈ ਵਾਲੀ ਅਫ਼ਗਾਨਿਸਤਾਨ ਸਰਕਾਰ ਨੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਅਫਗਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮਾਵਲਵੀ ਅਮੀਰ ਖ਼ਾਨ ਮੁਤਕੀ ਦਰਮਿਆਨ ਹੋਈ ਗੱਲਬਾਤ ਮਗਰੋਂ ਅੱਜ ਭਾਰਤ ਨੂੰ ‘ਅਹਿਮ’ ਖੇਤਰੀ ਤੇ ਆਰਥਿਕ ਸ਼ਕਤੀ ਕਰਾਰ ਦਿੱਤਾ। ਮਿਸਰੀ ਤੇ ਮੁਤਕੀ ਦਰਮਿਆਨ ਬੁੱਧਵਾਰ ਨੂੰ ਦੁਬਈ ਵਿੱਚ ਮੁਲਾਕਾਤ ਹੋਈ ਸੀ। ਇਹ ਤਾਲਿਬਾਨ ਵੱਲੋਂ ਅਗਸਤ 2021 ਵਿੱਚ ਸੱਤਾ ਹਥਿਆਉਣ ਮਗਰੋਂ ਪਹਿਲੀ ਜਨਤਕ ਮੁਲਾਕਾਤ ਸੀ। ਅਫ਼ਗਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਤਕੀ ਨੇ ਮਾਨਵੀ ਸਹਾਇਤਾ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਬਿਆਨ ਮੁਤਾਬਕ, ‘‘ਮੁਤਕੀ ਨੇ ਕਿਹਾ ਕਿ ਆਪਣੀ ਸੰਤੁਲਿਤ ਅਤੇ ਅਰਥਚਾਰਾ ਕੇਂਦਰਿਤ ਵਿਦੇਸ਼ ਨੀਤੀ ਮੁਤਾਬਕ ਅਸੀਂ ਭਾਰਤ ਨਾਲ ਰਾਜਨੀਤਕ ਤੇ ਆਰਥਿਕ ਸਬੰਧ ਮਜ਼ਬੂਤ ਕਰਨਾ ਚਾਹੁੰਦੇ ਹਾਂ।’’
ਵਿਦੇਸ਼ ਮੰਤਰੀ ਨੇ ਭਾਰਤੀ ਪੱਖ ਨੂੰ ਇਹ ਵੀ ਭਰੋਸਾ ਦਿੱਤਾ ਕਿ ਅਫ਼ਗਾਨਿਸਤਾਨ ਤੋਂ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਰਾਜਨੀਤਕ ਸਬੰਧ ਵਧਾਉਣ ਲਈ (ਭਾਰਤ ਵੱਲੋਂ) ਵਪਾਰੀਆਂ, ਮਰੀਜ਼ਾਂ ਅਤੇ ਵਿਦਿਆਰਥੀਆਂ ਨੂੰ ਵੀਜ਼ਾ ਦੀ ਸਹੂਲਤ ਦੇਣ ਦੀ ਉਮੀਦ ਪ੍ਰਗਟ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਵਿੱਚ ਅਫ਼ਗਾਨਿਸਤਾਨ ਦੇ ਵਣਜ ਤੇ ਟਰਾਂਸਪੋਰਟ ਮੰਤਰਾਲੇ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਬਿਆਨ ਵਿੱਚ ਕਿਹਾ ਗਿਆ, ‘‘ਦੋਵਾਂ ਦੇਸ਼ਾਂ ਦਰਮਿਆਨ ਰਾਜਨੀਤਕ, ਆਰਥਿਕ ਅਤੇ ਲੋਕਾਂ ਦਰਮਿਆਨ ਆਪਸੀ ਤਾਲਮੇਲ ਬਾਰੇ ਵੀ ਕਾਫ਼ੀ ਚਰਚਾ ਹੋਈ।’’ -ਪੀਟੀਆਈ