ਭਾਰਤ ਨਾਲ ਕਾਰੋਬਾਰ ਵਧਾਉਣਾ ਚਾਹੁੰਦੇ ਹਾਂ: ਜ਼ੇਲੈਂਸਕੀ
ਕੀਵ, 25 ਅਗਸਤ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਭਾਰਤ ਨਾਲ ਆਪਣੇ ਕਾਰੋਬਾਰ ’ਚ ਵਾਧਾ ਕਰਨਾ ਚਾਹੁੰਦੇ ਹਨ। ਉਨ੍ਹਾਂ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਕਾਰੋਬਾਰ ਤਿੰਨ ਤੋਂ ਪੰਜ ਗੁਣਾ ਵਧਾਉਣ ਦੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਦੂਜਾ ਸ਼ਾਂਤੀ ਸਿਖਰ ਸੰਮੇਲਨ ਕਰਾਉਣ ਲਈ ਉਹ ਸਾਊਦੀ ਅਰਬ, ਕਤਰ, ਤੁਰਕੀ ਤੇ ਸਵਿਟਜ਼ਰਲੈਂਡ ਨਾਲ ਵਿਚਾਰ ਚਰਚਾ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਉਹ ਭਾਰਤ ਨੂੰ ‘ਸ਼ਾਂਤੀ ਬਾਰੇ ਦੂਜੇ ਸਿਖਰ ਸੰਮੇਲਨ’ ਦੀ ਮੇਜ਼ਬਾਨੀ ਲਈ ਹਮਾਇਤ ਕਰਨਗੇ ਕਿਉਂਕਿ ਕੀਵ ਨੂੰ ‘ਗਲੋਬਲ ਸਾਊਥ’ ਦੇ ਮੁਲਕਾਂ ’ਚੋਂ ਹੀ ਕੋਈ ਮੇਜ਼ਬਾਨ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ, ‘ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਨਾ ਸਿਰਫ਼ ਭਾਰਤ ਲਈ ਲਾਗੂ ਹੁੰਦਾ ਹੈ ਬਲਕਿ ਕਿਸੇ ਵੀ ਉਸ ਮੁਲਕ ਲਈ ਹੈ ਜੋ ਦੂਜੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਨੂੰ ਲੈ ਕੇ ਸਕਾਰਾਤਮਕ ਹੋਵੇਗਾ। ਅਸੀਂ ਅਜਿਹੇ ਕਿਸੇ ਦੇਸ਼ ਅੰਦਰ ਸ਼ਾਂਤੀ ਸਿਖਰ ਸੰਮੇਲਨ ਨਹੀਂ ਕਰਵਾ ਸਕਾਂਗੇ ਜੋ ਹੁਣ ਤੱਕ ਸ਼ਾਂਤੀ ਸਿਖਰ ਸੰਮੇਲਨ ਦੇ ਸਾਂਝੇ ਐਲਾਨਨਾਮੇ ’ਚ ਸ਼ਾਮਲ ਨਹੀਂ ਹੋਇਆ।’ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਸਬੰਧੀ ਸਾਰੇ ਪੱਖਾਂ ਤੋਂ ਗੱਲਬਾਤ ਕੀਤੀ ਹੈ।