ਦਿੱਲੀ ਬਾਰਡਰ ਤੋਂ ਹਿਰਾਸਤ ਵਿਚ ਲਏ ਗਏ ਵਾਂਗਚੁਕ ਤੇ ਸਾਥੀ ਬੇਮਿਆਦੀ ਭੁੱਖ ਹੜਤਾਲ ’ਤੇ
ਨਵੀਂ ਦਿੱਲੀ, 1 ਅਕਤੂਬਰ
ਲੱਦਾਖ਼ ਲਈ ਵਧੇਰੇ ਹੱਕਾਂ ਵਾਸਤੇ ਅੰਦੋਲਨ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੇਹ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਦੇ ਸਮੇਂ ਸਿੰਘੂ ਬਾਰਡਰ ਉਤੇ ਰੋਕ ਕੇ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਮੰਗਲਵਾਰ ਨੂੰ ਪੁਲੀਸ ਥਾਣੇ ਵਿਚ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹ ਲੱਦਾਖ਼ ਨੂੰ ਸੰਵਿਧਾਨ ਦੀ ਛੇਵੀਂ ਪੱਟੀ ਵਿਚ ਸ਼ਾਮਲ ਕਰਨ ਦੀ ਮੰਗ ਉਤੇ ਜ਼ੋਰ ਦੇਣ ਲਈ ਪੈਦਲ ਮਾਰਚ ਉਤੇ ਨਿਕਲੇ ਹੋਏ ਹਨ।
ਉਨ੍ਹਾਂ ਦੀ ਇਹ ‘ਦਿੱਲੀ ਚਲੋ ਪਦਯਾਤਰਾ’ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ। ਸੋਮਵਾਰ ਰਾਤ ਯਾਤਰਾ ਨੂੰ ਸਿੰਘੂ ਬਾਰਡਰ ’ਤੇ ਦਿੱਲੀ ਵਿਚ ਦਾਖ਼ਲ ਹੋਣ ਉਤੇ ਵਾਂਗਚੁਕ ਤੇ ਉਨ੍ਹਾਂ ਦੇ ਕਰੀਬ 120 ਸਾਥੀਆਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਇਹ ਮਾਰਚ ਲੇਹ ਅਪੈਕਸ ਬਾਡੀ (ਐੱਲਏਬੀ) ਵੱਲੋਂ ਕਾਰਗਿਲ ਡੈਮੋਕ੍ਰੈਟਿਕ ਅਲਾਇੰਸ (ਕੇਡੀਏ) ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ।
ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਵਾਂਗਚੁਕ ਤੇ ਸਾਥੀਆਂ ਨੂੰ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਦਿੱਲੀ ਬਾਰਡਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੂੰ ਬਵਾਨਾ, ਨਰੇਲਾ ਇੰਡਸਟਰੀਅਲ ਏਰੀਆ ਅਤੇ ਅਲੀਪੁਰ ਦੇ ਪੁਲੀਸ ਥਾਣਿਆਂ ਵਿਚ ਰੱਖਿਆ ਗਿਆ ਹੈ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਵਾਪਸ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਦਿੱਲੀ ਵਿਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਦਫ਼ਾ 163 (ਜਿਹੜੀ ਪੰਜ ਜਾਂ ਇਸ ਤੋਂ ਜ਼ਿਆਦਾ ਲੋਕਾਂ ਦੇ ਇਕੱਤਰ ਹੋਣ ਦੀ ਮਨਾਹੀ ਕਰਦੀ ਹੈ) ਆਇਦ ਕੀਤੀ ਗਈ ਹੈ।’’
ਅੰਦੋਲਨਕਾਰੀ ਗਰੁੱਪ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਵਾਂਗਚੁਕ ਨੂੰ ਬਵਾਨਾ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਾਂਗਚੁਕ ਤੇ ਉਨ੍ਹਾਂ ਦੇ ਸਾਥੀਆਂ ਨੇ ਵੱਖ-ਵੱਖ ਪੁਲੀਸ ਥਾਣਿਆਂ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਵਿਰੋਧੀ ਧਿਰ ਵੱਲੋਂ ਕਾਰਵਾਈ ਦੀ ਨਿਖੇਧੀ
ਕਾਂਗਰਸ ਨੇ ਲੱਦਾਖ਼ੀ ਅੰਦੋਲਨਕਾਰੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਿਦਆਂ ਕਿਹਾ ਕਿ ਉਨ੍ਹਾਂ ਨੂੰ ਲੱਦਾਖ਼ੀ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਉਨ੍ਹਾਂ ਆਪਣੇ ‘ਐਕਸ’ ਹੈਂਡਲ ’ਤੇ ਪਾਈ ਪੋਸਟ ਵਿਚ ਕਿਹਾ ‘‘ਵਾਤਾਵਰਨੀ ਤੇ ਸੰਵਿਧਾਨਿਕ ਹੱਕਾਂ ਲਈ ਪੁਰਅਮਨ ਢੰਗ ਨਾਲ ਮਾਰਚ ਕਰ ਰਹੇ ਸੋਨਮ ਵਾਂਗਚੁਕ ਜੀ ਅਤੇ ਸੈਂਕੜੇ ਲੱਦਾਖ਼ੀਆਂ ਨੂੰ ਹਿਰਾਸਸਤ ਵਿਚ ਲਏ ਜਾਣ ਦੀ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ।’’ -ਏਜੰਸੀਆਂ
The detention of Sonam Wangchuk ji and hundreds of Ladakhis peacefully marching for environmental and constitutional rights is unacceptable.
Why are elderly citizens being detained at Delhi’s border for standing up for Ladakh’s future?
Modi ji, like with the farmers, this…
— Rahul Gandhi (@RahulGandhi) September 30, 2024