ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੁੰਮਣਘੇਰੀ

11:07 AM Oct 25, 2023 IST

ਡਾ. ਡੀ. ਪੀ. ਸਿੰਘ
Advertisement

ਰਾਜਦੀਪ ਭਾਰਤੀ ਪੰਜਾਬ ਦੇ ਘੁੱਗ ਵਸਦੇ ਸ਼ਹਿਰ ਪਟਿਆਲੇ ਦਾ ਵਾਸੀ ਸੀ। ਪੰਜਾਬ ਦੇ ਹਰੇ ਭਰੇ ਕਣਕ ਦੇ ਵਿਸ਼ਾਲ ਖੇਤਾਂ ਵਾਂਗ ਉਸ ਦੇ ਸੁਪਨੇ ਵੀ ਵਿਸ਼ਾਲ ਸਨ। ਰਾਜਦੀਪ ਬਚਪਨ ਤੋਂ ਹੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਇੱਛੁਕ ਸੀ। ਬਾਰਵ੍ਹੀਂ ਕਲਾਸ ਪਾਸ ਕਰਦਿਆਂ ਹੀ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਲਗਨ ਤੋਂ ਬਾਅਦ, ਉਸ ਨੇ ਆਇਲੈਟਸ ਦੀ ਪ੍ਰੀਖਿਆ ਸਾਢੇ ਸੱਤ ਬੈਂਡ ਲੈ ਕੇ ਪਾਸ ਕਰ ਲਈ।
ਬੇਸ਼ੱਕ ਇਸ ਨਤੀਜੇ ਨੇ ਉਸ ਲਈ ਕੈਨੇਡਾ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ, ਪਰ ਹੁਣ ਉਹ ਉਤਸ਼ਾਹ ਦੇ ਨਾਲ ਨਾਲ ਘਬਰਾਹਟ ਵੀ ਮਹਿਸੂਸ ਕਰ ਰਿਹਾ ਸੀ। ਉਸ ਦੇ ਮਾਂ-ਬਾਪ ਨੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਸਨ। ਉਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਸੀ। ਰਾਜਦੀਪ ਦਾ ਪਿਤਾ ਮਨੋਹਰ ਸਿੰਘ ਇੱਕ ਮਿਹਨਤੀ ਕਿਸਾਨ ਸੀ ਜਿਸ ਨੂੰ ਆਪਣੇ ਪੁੱਤਰ ਦੀ ਪ੍ਰਾਪਤੀ ਉੱਤੇ ਮਾਣ ਤਾਂ ਹੈ ਸੀ, ਪਰ ਨਾਲ ਹੀ ਦੂਰ-ਦੁਰੇਡੇ ਦੇਸ਼ ਵਿੱਚ ਪੁੱਤਰ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੀ ਚਿੰਤਾ ਵੀ ਸੀ। ਉਸ ਨੇ ਰਾਜ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ, ‘‘ਪੁੱਤ, ਤੂੰ ਸਾਡਾ ਮਾਣ ਵਧਾਇਆ ਹੈ। ਤੇਰੀ ਮਾਂ ਅਤੇ ਮੈਂ ਤੇਰੀ ਕਾਬਲੀਅਤ ਉੱਪਰ ਵਿਸ਼ਵਾਸ ਕਰਦੇ ਹਾਂ। ਕੈਨੇਡਾ ਖੁਸ਼ਹਾਲ ਧਰਤੀ ਹੈ ਅਤੇ ਮੈਨੂੰ ਪਤਾ ਹੈ ਕਿ ਤੂੰ ਉੱਥੇ ਆਪਣੇ ਲਈ ਬਹੁਤ ਵਧੀਆ ਭਵਿੱਖ ਸਿਰਜੇਂਗਾ।’’
ਟੋਰਾਂਟੋ ਯੂਨੀਵਰਸਿਟੀ ਤੋਂ ‘ਬਿਜ਼ਨਸ ਐਡਮਨਿਿਸਟ੍ਰੇਸ਼ਨ’ ਦੇ ਡਿਗਰੀ ਕੋਰਸ ਵਿੱਚ ਦਾਖਲੇ ਦੀ ਪ੍ਰਵਾਨਗੀ ਦਾ ਪੱਤਰ ਹੱਥ ਵਿੱਚ ਲੈ ਕੇ, ਰਾਜਦੀਪ ਆਪਣੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਆਪਣੇ ਪਰਿਵਾਰ, ਮਿੱਤਰਾਂ ਤੇ ਸੱਜਣਾਂ ਨੂੰ ਅਲਵਿਦਾ ਕਹਿ ਕੈਨੇਡਾ ਦੇ ਸਫ਼ਰ ਲਈ ਚੱਲ ਪਿਆ। ਕੈਨੇਡਾ ਵਿਖੇ ਸ਼ੁਰੂਆਤੀ ਦਿਨ ਬਹੁਤ ਹੀ ਚੁਣੌਤੀਪੂਰਨ ਸਨ। ਇੱਥੇ ਆ ਕੇ ਉਸ ਦਾ ਅਣਜਾਣ ਲੋਕਾਂ, ਨਵੇਂ ਸੱਭਿਆਚਾਰ ਦੀਆਂ ਔਕੜਾਂ ਅਤੇ ਕੈਨੇਡੀਅਨ ਠੰਢ ਨਾਲ ਵਾਹ ਪੈ ਚੁੱਕਾ ਸੀ। ਕੈਨੇਡਾ ਦੀ ਬਰਫ਼ਾਂ ਲੱਦੀ ਯਖ਼ ਠੰਢ ਪੰਜਾਬ ਦੀ ਨਿੱਘੀ ਧੁੱਪ ਨਾਲੋਂ ਬਿਲਕੁਲ ਉਲਟ ਸੀ। ਅਣਜਾਣੇ ਰਾਹਾਂ ਉੱਤੇ ਘੁੰਮਦਾ ਰਾਜਦੀਪ ਅਕਸਰ ਆਪਣੇ ਮੋਟੇ ਕੋਟ ਵਿੱਚ ਵੀ ਕਾਂਬਾ ਮਹਿਸੂਸ ਕਰਦਾ ਸੀ।
ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਵਰਕ ਪਰਮਿਟ ਦੀ ਬਦੌਲਤ ਉਸ ਨੇ ਪੜ੍ਹਾਈੇ ਦੇ ਨਾਲ ਨਾਲ ਪਾਰਟ-ਟਾਈਮ ਕਰਨ ਲਈ ਕਈ ਵਪਾਰਕ ਅਦਾਰਿਆਂ ਤੇ ਸੰਸਥਾਵਾਂ ਨੂੰ ਆਪਣਾ ਰੀਜਿਉਮੇ ਭੇਜਿਆ, ਪਰ ਕਿਧਰੇ ਸਫਲਤਾ ਹਾਸਲ ਨਾ ਹੋਈ। ਕੰਮ ਦੀ ਅਣਹੋਂਦ ਵਿੱਚ ਪੰਜਾਬ ਤੋਂ ਲਿਆਂਦੀ ਰਕਮ ਦਿਨੋਂ ਦਿਨ ਕਿਰਦੀ ਜਾ ਰਹੀ ਸੀ। ਦੇਸ-ਵਿਦੇਸ਼ ਤੋਂ ਆਏ ਉਸ ਦੇ ਹੋਰ ਸਾਥੀ ਵਿਦਿਆਰਥੀ ਵੀ ਅਜਿਹੇ ਹੀ ਸੰਕਟ ਵਿੱਚੋਂ ਲੰਘ ਰਹੇ ਸਨ। ਇਕੱਲਤਾ, ਵਿੱਤੀ ਸੰਕਟ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਕਈ ਵਿਦਿਆਰਥੀ ਹੌਸਲਾ ਹਾਰ ਕੇ ਡਰੱਗ ਵਪਾਰ ਦੇ ਸੌਦਾਗਰਾਂ ਦੇ ਹੱਥ ਚੜ੍ਹ ਗਏ। ਕੁਝ ਇੱਕ ਨੇ ਤਾਂ ਕਾਰਾਂ ਚੋਰੀ ਕਰਨ ਵਾਲੇ ਟੋਲੇ ਨਾਲ ਯਾਰੀ ਪਾ ਲਈ। ਕੁਝ ਹੋਰ ਗੈਂਗਸਟਰਾਂ ਨਾਲ ਰਲ ਮਨ ਆਈਆਂ ਕਰਨ ਲੱਗ ਪਏ। ਇਨ੍ਹਾਂ ਕੰਮਾਂ ਵਿੱਚ ਕੁੜੀਆਂ ਵੀ ਕਿੱਥੇ ਪਿੱਛੇ ਰਹਿਣ ਵਾਲੀਆਂ ਸਨ। ਕਈਆਂ ਨੇ ਪੈਸੇ ਖ਼ਾਤਰ ਬਲਾਂਇਡ ਡੇਟਸ ਉੱਤੇ ਜਾਣ ਦਾ ਰਾਹ ਫੜ ਲਿਆ। ਕੋਈ ਰੋਕਣ ਟੋਕਣ ਵਾਲਾ ਜੂ ਨਹੀਂ ਸੀ। ਬਹੁਤੇ ਵਿਦਿਆਰਥੀਆਂ ਦੇ ਤਾਂ ‘ਸਿਰ ’ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ’ ਵਾਲੇ ਹਾਲਾਤ ਸਨ।
ਰਾਜਬੀਰ ਦੇ ਮਨ ਉੱਤੇ ਵੀ ਬਾਪੂ ਵੱਲੋਂ ਉਸ ਦੀ ਪੜ੍ਹਾਈ ਲਈ ਲਏ ਕਰਜ਼ੇ ਦਾ ਬੋਝ, ਛੋਟੀਆਂ ਭੈਣਾਂ ਦੀ ਪੜ੍ਹਾਈ ਤੇ ਵਿਆਹ ਲਈ ਪੈਸੇ ਦੀ ਲੋੜ ਅਤੇ ਮਾਂ ਦੇ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਵੱਡੀ ਰਕਮ ਦਾ ਫ਼ਿਕਰ ਉਸ ਨੂੰ ਅੰਦਰੋਂ ਅੰਦਰ ਖੋਖਲਾ ਕਰਦਾ ਜਾ ਰਿਹਾ ਸੀ, ਪਰ ਉਹ ਦਿਲ ਛੱਡਣ ਵਾਲਾ ਨਹੀਂ ਸੀ। ਉਹ ਤਾਂ ਦ੍ਰਿੜ ਇਰਾਦੇ ਅਤੇ ਲਚਕੀਲੇ ਸੁਭਾਅ ਦਾ ਮਾਲਕ ਸੀ।
ਕਾਫ਼ੀ ਜੱਦੋਜਹਿਦ ਪਿੱਛੋਂ ਉਸ ਨੂੰ ਸਥਾਨਕ ਗੈਸ ਸਟੇਸ਼ਨ ਵਿੱਖੇ ਹਫ਼ਤੇ ਵਿੱਚ ਦੋ ਦਿਨ ਲਈ ਦੇਰ ਰਾਤ ਦੀ ਸ਼ਿਫਟ ਦਾ ਕੰਮ ਮਿਲ ਹੀ ਗਿਆ। ਇਸ ਨਾਲ ਕੁਝ ਰਾਹਤ ਤਾਂ ਮਿਲੀ, ਪਰ ਖ਼ਰਚੇ ਪੂਰੇ ਕਰਨ ਲਈ ਇਹ ਕਾਫ਼ੀ ਨਹੀਂ ਸੀ। ਬੇਸ਼ੱਕ ਕਾਲਜ ਦੀ ਫੀਸ ਤਾਂ ਰਾਜਦੀਪ ਦੇ ਬਾਪੂ ਨੇ ਆੜ੍ਹਤੀ ਤੋਂ ਕਰਜ਼ਾ ਫੜ ਔਖੇ ਸੌਖਿਆਂ ਪਹਿਲਾਂ ਹੀ ਭਰ ਦਿੱਤੀ ਸੀ, ਪਰ ਕੈਨੇਡਾ ਵਿਖੇ ਰਿਹਾਇਸ਼ ਦਾ ਕਿਰਾਇਆ, ਗਰੋਸਰੀ, ਕਿਤਾਬਾਂ, ਸਟੇਸ਼ਨਰੀ, ਕਾਲਜ ਆਉਣ ਜਾਣ ਦਾ ਕਿਰਾਇਆ ਤੇ ਹੋਰ ਫੁਟਕਲ ਖ਼ਰਚੇ ਸੁੱਖ ਦਾ ਸਾਹ ਹੀ ਨਹੀਂ ਸਨ ਲੈਣ ਦਿੰਦੇ। ਇਨ੍ਹਾਂ ਖ਼ਰਚਿਆਂ ਨੂੰ ਪੂਰਾ ਕਰਨ ਲਈ ਵਿਹਲੇ ਸਮੇਂ ਦੌਰਾਨ ਉਸ ਨੇ ਲੋੜਵੰਦ ਵਿਦਿਆਰਥੀਆਂ ਨੂੰ ਗਣਿਤ ਤੇ ਵਿਗਿਆਨ ਪੜ੍ਹਾਉਣ ਦਾ ਪਾਰਟ-ਟਾਈਮ ਕੰਮ ਵੀ ਫੜ ਲਿਆ। ਇਨ੍ਹੀਂ ਦਿਨੀਂ ਰਾਜਦੀਪ ਦੀ ਜ਼ਿੰਦਗੀ ਤਾਂ ਕੰਮ ਤੇ ਪੜ੍ਹਾਈ ਤੱਕ ਹੀ ਸਿਮਟ ਕੇ ਰਹਿ ਗਈ ਸੀ। ਉਸ ਨੂੰ ਜਾਪ ਰਿਹਾ ਸੀ ਜਿਵੇਂ ਉਹ ਕੋਈ ਰੋਬੋਟ ਹੋਵੇ, ਪਰ ਉਸ ਨੇ ਹੌਸਲਾ ਨਾ ਹਾਰਿਆ।
ਮੁੱਢਲੇ ਦਿਨਾਂ ਦੌਰਾਨ ਭਾਸ਼ਾ ਤੇ ਪੜ੍ਹਾਈ ਦੇ ਨਵੇਂ ਢੰਗ ਦੀਆਂ ਮੁਸ਼ਕਲਾਂ ਦੇ ਬਾਵਜੂਦ ਰਾਜਦੀਪ ਨੇ ਪੜ੍ਹਾਈ ਪੂਰਾ ਮਨ ਲਗਾ ਕੇ ਕੀਤੀ ਤਾਂ ਹੀ ਉਹ ਪਹਿਲੇ ਸਮੈਸਟਰ ਦੇ ਇਮਤਿਹਾਨ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ। ਉਸ ਦੇ ਅਧਿਆਪਕ ਉਸ ਦੀ ਪੜ੍ਹਾਈ ਲਈ ਲਗਨ ਅਤੇ ਸਿੱਖਣ ਦੀ ਇੱਛਾ ਤੋਂ ਕਾਇਲ ਹੋਏ ਬਿਨਾ ਨਾ ਰਹਿ ਸਕੇ। ਪੜ੍ਹਾਈ ਦੇ ਪਹਿਲੇ ਸਾਲ ਦੇ ਖਾਤਮੇ ਉੱਤੇ ਉਸ ਨੂੰ ਕੋਰਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਜ਼ੀਫ਼ਾ ਹਾਸਲ ਹੋਇਆ, ਜਿਸ ਨਾਲ ਉਸ ਦੇ ਵਿੱਤੀ ਬੋਝਾਂ ਦਾ ਭਾਰ ਕੁਝ ਸੰਭਲ ਗਿਆ।
ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀਆਂ ਵਿੱਚ ਸ਼ੁਮਾਰ ਹੋ ਜਾਣ ਕਰਕੇ ਕੋਰਸ ਵਿੱਚ ਦਾਖਲ ਕਈ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਰਾਜਦੀਪ ਨਾਲ ਦੋਸਤੀ ਕਰਨ ਲਈ ਰੁਚਿਤ ਹੋ ਗਏ ਸਨ। ਕੋਰਸ ਦੇ ਦੂਜੇ ਸਾਲ ਉਸ ਦੇ ਕਈ ਨਵੇਂ ਦੋਸਤ ਬਣ ਗਏ। ਬੇਸ਼ੱਕ ਸਮੇਂ ਨਾਲ ਉਸ ਨੇ ਕੈਨੇਡੀਅਨ ਸੱਭਿਆਚਾਰ ਦੇ ਕਈ ਗੁਣਾਂ ਨੂੰ ਅਪਣਾ ਲਿਆ ਸੀ, ਪਰ ਉਹ ਆਪਣੇ ਪੰਜਾਬੀ ਮੂਲ ਨੂੰ ਕਦੇ ਨਾ ਭੁੱਲਿਆ। ਉਹ ਅਕਸਰ ਆਪਣੇ ਦੋਸਤਾਂ ਨੂੰ ਪੰਜਾਬੀ ਪਕਵਾਨਾਂ ਦਾ ਸੁਆਦ ਲੈਣ ਲਈ ਉਸ ਦੇ ਘਰ ਆਉਣ ਦਾ ਸੱਦਾ ਦਿੰਦਾ। ਅਜਿਹੀਆਂ ਦਾਅਵਤਾਂ ਪਿੱਛੋਂ ਉਸ ਦੇ ਦੋਸਤ ਅਕਸਰ ਉਸ ਦੇ ਬਣਾਏ ਖਾਣਿਆਂ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ। ਇੰਝ ਉਸ ਦਾ ਇੱਕ ਅਜਿਹਾ ਨੈੱਟਵਰਕ ਬਣ ਗਿਆ ਜਿਸ ਦੇ ਮੈਂਬਰ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਇੱਕ ਦੂਜੇ ਦੀ ਮਦਦ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ।
ਕੋਰਸ ਦੇ ਤੀਸਰੇ ਸਾਲ ਵਿੱਚ ਪਹੁੰਚਦਿਆਂ ਹੀ ਰਾਜਦੀਪ ਨੇ ਆਪਣੀ ਪੜ੍ਹਾਈ ਦੌਰਾਨ ਸਿੱਖੇ ਗੁਣਾਂ ਨੂੰ ਅਮਲੀ ਰੂਪ ਦੇਣ ਲਈ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਿਆ। ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਆਪਣੇ ਕੈਨੇਡੀਅਨ ਭਾਈਚਾਰੇ ਨਾਲ ਸਾਂਝਾ ਕਰਨ ਲਈ ਉਸ ਨੇ ਰਵਾਇਤੀ ਪੰਜਾਬੀ ਮਸਾਲੇ ਅਤੇ ਕੱਪੜੇ ਦਰਾਮਦ ਕਰਨੇ ਸ਼ੁਰੂ ਕਰ ਦਿੱਤੇ। ਜਿਵੇਂ ਸਮਾਂ ਬੀਤਦਾ ਗਿਆ, ਉਸ ਦਾ ਕਾਰੋਬਾਰ ਹੌਲੀ ਹੌਲੀ ਵਧਦਾ ਜਾ ਰਿਹਾ ਸੀ।
ਡਿਗਰੀ ਕੋਰਸ ਖ਼ਤਮ ਹੁੰਦੇ ਹੀ ਉਸ ਨੇ ਆਪਣਾ ਪੂਰਾ ਸਮਾਂ ਇਸੇ ਕਾਰੋਬਾਰ ਨੂੰ ਦੇਣ ਦਾ ਫੈਸਲਾ ਕਰ ਲਿਆ। ਕਾਰੋਬਾਰ ਦੇ ਫੈਲਾਅ ਲਈ ਉਸ ਨੇ ਕਈ ਹੋਰ ਸਾਥੀ ਵਿਦਿਆਰਥੀਆਂ ਨੂੰ ਵੀ ਆਪਣੇ ਕਾਰੋਬਾਰ ਵਿੱਚ ਸਹਿਯੋਗੀ ਬਣਾ ਲਿਆ। ਦੇਖਦੇ ਹੀ ਦੇਖਦੇ ਉਸ ਦਾ ਇਹ ਕਾਰੋਬਾਰ ਖੂਬ ਤਰੱਕੀ ਕਰਨ ਲੱਗ ਪਿਆ। ਇੰਝ ਉਸ ਨੇ ਸਾਥੀ ਵਿਦਿਆਰਥੀਆਂ ਲਈ ਨੌਕਰੀਆਂ ਹੀ ਪੈਦਾ ਨਹੀਂ ਕੀਤੀਆਂ, ਸਗੋਂ ਉਨ੍ਹਾਂ ਦੀਆਂ ਵਿੱਤੀ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਮਦਦ ਵੀ ਕੀਤੀ।
ਅਗਲੇ ਕੁਝ ਕੁ ਸਾਲਾਂ ਦੌਰਾਨ ਰਾਜਦੀਪ ਸਿੰਘ ਕੈਨੇਡਾ ਵਿੱਖੇ ਖੁਸ਼ਹਾਲ ਜ਼ਿੰਦਗੀ ਦੀ ਮੰਜ਼ਿਲ ਸਰ ਕਰ ਚੁੱਕਾ ਸੀ। ਹੁਣ ਤੱਕ ਉਸ ਨੇ ਆਪਣੇ ਪਿਤਾ ਦੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰ ਦਿੱਤਾ ਸੀ। ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਅੱਜਕੱਲ੍ਹ ਭਾਰਤ ਦੇ ਚੰਗੇ ਕਾਲਜਾਂ ਵਿੱਚ ਵਿੱਦਿਆ ਪ੍ਰਾਪਤ ਕਰ ਰਹੀਆਂ ਸਨ। ਉਸ ਦੀ ਮਾਤਾ ਦੀ ਬਿਮਾਰੀ ਦਾ ਇਲਾਜ ਵੀ ਤਸੱਲੀਬਖ਼ਸ਼ ਚੱਲ ਰਿਹਾ ਸੀ। ਹੁਣ ਤਾਂ ਉਸ ਕੋਲ ਆਪਣਾ ਘਰ ਵੀ ਸੀ ਤੇ ਚੰਗੀ ਕਾਰ ਵੀ। ਪਿਛਲੇ ਸਾਲ ਹੀ ਉਸ ਦੇ ਮਾਤਾ-ਪਿਤਾ ਉਸ ਦੇ ਘਰ ਦੀ ਚੱਠ ਲਈ ਕੈਨੇਡਾ ਫੇਰੀ ਵੀ ਮਾਰ ਗਏ ਸਨ। ਤਦ ਹੀ ਇੱਕ ਅਜਬ ਘਟਨਾ ਵਾਪਰ ਗਈ। ਪਤਝੜ ਦੀ ਇੱਕ ਖੂਬਸੂਰਤ ਦੁਪਹਿਰ, ਉਹ ਟੋਰਾਂਟੋ ਵਿਖੇ ਹੋ ਰਹੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਵਲੰਟੀਅਰ ਦੇ ਤੌਰ ਉੱਤੇ ਕੰਮ ਕਰ ਰਿਹਾ ਸੀ ਤਾਂ ਉਸ ਦੀ ਐਮਿਲੀ ਨਾਮ ਦੀ ਇੱਕ ਖੂਬਸੂਰਤ, ਉੱਦਮੀ ਤੇ ਜਗਿਆਸੂ ਮੁਟਿਆਰ ਨਾਲ ਮੁਲਾਕਾਤ ਹੋ ਗਈ। ਐਮਿਲੀ ਇੱਕ ਕੈਨੇਡੀਅਨ ਵਿਦਿਆਰਥੀ ਸੀ ਜੋ ਵਿਭਿੰਨ ਸੱਭਿਆਚਾਰਾਂ ਨੂੰ ਜਾਣਨ ਦੀ ਡਾਢੀ ਉਤਸੁਕ ਸੀ ਅਤੇ ਕੁਝ ਨਵਾਂ ਜਾਣਨ ਲਈ ਹੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ।
ਜਦੋਂ ਰਾਜਦੀਪ ਭੰਗੜੇ ਦੀ ਪੇਸ਼ਕਾਰੀ ਕਰ ਰਿਹਾ ਸੀ ਤਾਂ ਐਮਿਲੀ ਉਸ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਈ। ਭੰਗੜੇ ਦੀ ਆਈਟਮ ਦੇ ਖਾਤਮੇ ਪਿੱਛੋਂ ਐਮਿਲੀ, ਰਾਜਦੀਪ ਤੋਂ ਪੰਜਾਬੀ ਸੱਭਿਆਚਾਰ ਬਾਰੇ ਹੋਰ ਜਾਣਨ ਲਈ ਉਸ ਨੂੰ ਮਿਲਣ ਆ ਗਈ। ਉਨ੍ਹਾਂ ਦੀ ਇਸ ਗੱਲਬਾਤ ਨੇ ਪਰਸਪਰ ਸਤਿਕਾਰ ਭਰੀ ਦੋਸਤੀ ਦੀ ਨੀਂਹ ਰੱਖ ਦਿੱਤੀ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦੀ ਦੋਸਤੀ ਵਿੱਚ ਹੋਰ ਵਾਧਾ ਹੁੰਦਾ ਗਿਆ। ਪਤਾ ਹੀ ਨਹੀਂ ਚੱਲਿਆ ਕਦ ਇਸ ਦੋਸਤੀ ਨੇ ਪਿਆਰ ਦਾ ਰੂਪ ਧਾਰਨ ਕਰ ਲਿਆ। ਪਰ ਉਨ੍ਹਾਂ ਦਾ ਉੱਭਰਦਾ ਰੁਮਾਂਸ ਨਵੀਆਂ ਚੁਣੌਤੀਆਂ ਦਾ ਕਾਰਨ ਬਣ ਗਿਆ ਸੀ। ਐਮਿਲੀ ਦੇ ਮਾਤਾ-ਪਿਤਾ ਪਰੰਪਰਾਗਤ ਕੈਨੇਡੀਅਨ ਸਨ। ਐਮਿਲੀ ਦਾ ਡੈਡ ਰੌਜਰ ਤਾਂ ਖ਼ਾਸ ਕਰ ਕੇ ਆਪਣੀ ਧੀ ਦੇ ਕਿਸੇ ਵੱਖਰੇ ਸੱਭਿਆਚਾਰਕ ਪਿਛੋਕੜ ਵਾਲੇ ਵਿਅਕਤੀ ਨਾਲ ਸਬੰਧ ਦੇ ਬਹੁਤ ਵਿਰੁੱਧ ਸੀ। ਉਹ ਸੱਭਿਆਚਾਰਕ ਵਖਰੇਵੇਂ ਕਾਰਨ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਫ਼ਿਕਰਮੰਦ ਸੀ।
ਰਾਜਦੀਪ ਨੇ ਰੌਜਰ ਦੀਆਂ ਚਿੰਤਾਵਾਂ ਨੂੰ ਸਮਝਦੇ ਹੋਏ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ। ਉਸ ਨੇ ਐਮਿਲੀ ਦੇ ਪਰਿਵਾਰ ਨੂੰ ਆਪਣੇ ਘਰ ਬੁਲਾਇਆ। ਜਿੱਥੇ ਉਸ ਨੇ ਆਪਣੇ ਨਜ਼ਦੀਕੀ ਦੋਸਤਾਂ ਦੀ ਮਦਦ ਨਾਲ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਇੱਕ ਸ਼ਾਨਦਾਰ ਪੰਜਾਬੀ ਦਾਅਵਤ ਦਾ ਪ੍ਰੰਬਧ ਉਸ ਨੇ ਪਹਿਲਾਂ ਹੀ ਕਰ ਰੱਖਿਆ ਸੀ। ਰਾਜਦੀਪ ਤੇ ਉਸ ਦੇ ਮਿੱਤਰਾਂ ਦੇ ਪਿਆਰ ਭਰੇ ਸਵਾਗਤ ਅਤੇ ਪ੍ਰਾਹੁਣਚਾਰੀ ਨੇ ਐਮਿਲੀ ਦੇ ਮਾਤਾ-ਪਿਤਾ ਉੱਤੇ ਚੰਗਾ ਪ੍ਰਭਾਵ ਬਣਾਇਆ। ਸਮੇਂ ਦੇ ਬੀਤਣ ਨਾਲ ਰਾਜਦੀਪ ਤੇ ਉਸ ਦੇ ਸੰਗੀ ਸਾਥੀਆਂ ਨਾਲ ਮੇਲ ਮਿਲਾਪ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਹੌਲੀ-ਹੌਲੀ ਦੂਰ ਹੋਣ ਲੱਗੀ ਪਈਆਂ ਸਨ।
ਰਾਜਦੀਪ ਨੇ ਅੰਤਰਰਾਸ਼ਟਰੀ ਬਿਜ਼ਨਸ ਦੀਆਂ ਬਾਰੀਕੀਆਂ ਵਧੇਰੇ ਨਿਪੁੰਨਤਾ ਨਾਲ ਸਮਝਣ ਲਈ ਯੂਨੀਵਰਸਿਟੀ ਦਾ ਔਨਲਾਇਨ ਕੋਰਸ ਜੁਆਇਨ ਕਰ ਲਿਆ, ਪਰ ਜਲਦੀ ਹੀ ਉਹ ਨਵੀਆਂ ਮੁਸ਼ਕਲਾਂ ਨਾਲ ਘਿਰ ਗਿਆ। ਰਾਜਦੀਪ ਦੇ ਵਧਦੇ ਕਾਰੋਬਾਰ ਵਿੱਚ ਉਸ ਦਾ ਵਧੇਰੇ ਸਮਾਂ ਲੱਗ ਰਿਹਾ ਸੀ। ਜਿਵੇਂ ਜਿਵੇਂ ਰਾਜਦੀਪ ਦਾ ਕਾਰੋਬਾਰ ਵਧਦਾ ਗਿਆ, ਤਿਵੇਂ ਤਿਵੇਂ ਉਸ ਦਾ ਸਮਾਂ ਵਧੇਰੇ ਤੇ ਹੋਰ ਵਧੇਰੇ ਕਾਰੋਬਾਰ ਵਿੱਚ ਲੱਗਣ ਲੱਗ ਪਿਆ ਸੀ। ਉਸ ਨੂੰ ਆਪਣੀ ਪੜ੍ਹਾਈ, ਕਾਰੋਬਾਰ ਅਤੇ ਐਮਿਲੀ ਨਾਲ ਸਬੰਧਾਂ ਵਿੱਚ ਸੰਤੁਲਨ ਬਣਾਉਣ ਵਿੱਚ ਬਹੁਤ ਮੁਸ਼ਕਲ ਆਉਣ ਲੱਗੀ। ਹੌਲੀ ਹੌਲੀ ਐਮਿਲੀ ਨੂੰ ਜਾਪਣ ਲੱਗਾ ਕਿ ਰਾਜਦੀਪ ਉਸ ਨੂੰ ਨਜ਼ਰਅੰਦਾਜ਼ ਕਰਨ ਲੱਗ ਪਿਆ ਸੀ। ਇਸ ਨਾਲ ਉਨ੍ਹਾਂ ਵਿਚਕਾਰ ਤਣਾਅ ਪੈਦਾ ਹੋ ਗਿਆ। ਸਮੇਂ ਨਾਲ ਇਹ ਧਾਰਨਾ ਹੋਰ ਜ਼ੋਰ ਫੜਦੀ ਜਾ ਰਹੀ ਸੀ। ਇੰਝ ਜਾਪ ਰਿਹਾ ਸੀ ਕਿ ਰਾਜਦੀਪ ਤੇ ਐਮਿਲੀ ਦੇ ਪਿਆਰ ਭਰੇ ਸਬੰਧਾਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ।
ਅਚਾਨਕ ਇੱਕ ਦਿਨ ਰਾਜਦੀਪ ਨੂੰ ਇੱਕ ਵੱਡੇ ਕਾਰਪੋਰੇਟ ਗਰੁੱਪ ਵੱਲੋਂ ਅਜਿਹੀ ਪੇਸ਼ਕਸ਼ ਹੋਈ ਜੋ ਉਸ ਦੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੀ ਸਮਰੱਥਾ ਵਾਲੀ ਸੀ। ਇਸ ਪੇਸ਼ਕਸ਼ ਦੀਆਂ ਸ਼ਰਤਾਂ ਅਨੁਸਾਰ ਉਸ ਨੂੰ ਭਾਰਤ ਤੇ ਹੋਰ ਦੇਸ਼ਾਂ ਵਿਖੇ ਕਾਫ਼ੀ ਅਰਸੇ ਲਈ ਜਾਣਾ ਜ਼ਰੂਰੀ ਸੀ। ਇਹ ਪੇਸ਼ਕਸ਼ ਦੋਧਾਰੀ ਤਲਵਾਰ ਸੀ। ਬੇਸ਼ੱਕ ਇਸ ਪੇਸ਼ਕਸ਼ ਦੇ ਫਾਇਦੇ ਵਜੋਂ ਰਾਜਦੀਪ ਨੂੰ ਭਵਿੱਖ ਵਿੱਚ ਵੱਡੀ ਕਾਰੋਬਾਰੀ ਸਫਲਤਾ ਮਿਲਣ ਦਾ ਯਕੀਨ ਸੀ, ਪਰ ਇਸ ਦਾ ਭਾਵ ਉਸ ਦੇ ਤੇ ਐਮਿਲੀ ਵਿਚਕਾਰ ਲੰਮੀਆਂ ਦੂਰੀਆਂ ਪੈਦਾ ਹੋ ਜਾਣਾ ਵੀ ਸੀ।
ਜਦੋਂ ਰਾਜਦੀਪ ਨੇ ਐਮਿਲੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਐਮਿਲੀ ਦੇ ਮਨ ਵਿੱਚ ਭਾਵਨਾਵਾਂ ਦਾ ਤੂਫ਼ਾਨ ਖੜ੍ਹਾ ਹੋ ਗਿਆ। ਬੇਸ਼ੱਕ ਉਸ ਨੂੰ ਰਾਜਦੀਪ ਦੀਆਂ ਪ੍ਰਾਪਤੀਆਂ ਉੱਤੇ ਮਾਣ ਸੀ, ਪਰ ਉਹ ਆਪਣੇ ਸਾਂਝੇ ਭਵਿੱਖ ਬਾਰੇ ਸੋਚ ਚਿੰਤਾ ਵਿੱਚ ਘਿਰ ਗਈ ਸੀ। ਉਹ ਜਾਣਦੀ ਸੀ ਕਿ ਪਿਆਰ ਦੇ ਰਿਸ਼ਤੇ ਲੰਬੀਆਂ ਦੂਰੀਆਂ ਅਤੇ ਵਿਭਿੰਨ ਸਮਾਂ ਖੇਤਰਾਂ ਦੇ ਬੋਝ ਹੇਠ ਅਕਸਰ ਤਿੜਕ ਜਾਂਦੇ ਹਨ। ਇਹੋ ਹੀ ਚਿੰਤਾ ਐਮਿਲੀ ਨੂੰ ਖਾਈ ਜਾ ਰਹੀ ਸੀ।
ਤੇ ਹੋਇਆ ਵੀ ਇੰਝ ਹੀ। ਰਾਜਦੀਪ ਦੇ ਵਿਦੇਸ਼ ਵਿਖੇ ਕਾਰੋਬਾਰੀ ਰੁਝੇਵਿਆਂ ਕਾਰਨ ਉਨ੍ਹਾਂ ਦੀ ਆਪਸੀ ਗੱਲਬਾਤ ਘੱਟ ਗਈ ਸੀ। ਜਿਸ ਕਾਰਨ ਉਨ੍ਹਾਂ ਵਿੱਚ ਬਹਿਸ ਤੇ ਗਲਤਫਹਿਮੀਆਂ ਦਾ ਦੌਰ ਪੈਦਾ ਹੋ ਗਿਆ। ਇਹ ਸਮੱਸਿਆ ਉਸ ਸਮੇਂ ਹੋਰ ਵੀ ਗੰਭੀਰ ਹੋ ਗਈ ਜਦੋਂ ਐਮਿਲੀ ਨੂੰ ਪਤਾ ਲੱਗਾ ਕਿ ਰਾਜਦੀਪ ਭਾਰਤ ਵਿਖੇ ਆਪਣੀ ਠਹਿਰ ਹੋਰ ਵੀ ਵਧਾਉਣਾ ਚਾਹ ਰਿਹਾ ਹੈ। ਐਮਿਲੀ ਬਹੁਤ ਹੀ ਅਣਗੌਲੀ ਹੋਈ ਤੇ ਅਲੱਗ-ਥਲੱਗ ਮਹਿਸੂਸ ਕਰ ਰਹੀ ਸੀ। ਜਦ ਕਿ ਰਾਜਦੀਪ ਆਪਣੇ ਕਾਰੋਬਾਰ ਲਈ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣ ਅਤੇ ਐਮਿਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣ ਦੀ ਕਸ਼ਮਕਸ਼ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ।
ਉਨ੍ਹਾਂ ਦਾ ਪਿਆਰ ਜੋ ਕਦੇ ਤਾਕਤ ਦਾ ਸੋਮਾ ਸੀ, ਹੁਣ ਲੜਾਈ ਦੇ ਮੈਦਾਨ ਵਾਂਗ ਜਾਪਦਾ ਸੀ। ਐਮਿਲੀ ਰਿਸ਼ਤੇ ਦੇ ਟੁੱਟਣ ਦੀ ਚਿੰਤਾ ਵਿੱਚ ਸੀ ਤੇ ਰਾਜਦੀਪ ਆਪਣੇ ਸੁਪਨਿਆਂ ਅਤੇ ਆਪਣੇ ਰਿਸ਼ਤੇ ਨੂੰ ਸੰਤੁਲਿਤ ਕਰਨ ਦੇ ਭਾਰੀ ਦਬਾਅ ਹੇਠ ਜੂਝ ਰਿਹਾ ਸੀ। ਦੋਹਾਂ ਲਈ ਇਹ ਬਹੁਤ ਹੀ ਔਖਾ ਸਮਾਂ ਸੀ। ਉਸ ਦਿਨ ਤਾਂ ਹੱਦ ਹੀ ਹੋ ਗਈ ਜਦ ਫੋਨ ’ਤੇ ਗੱਲਬਾਤ ਦੌਰਾਨ ਵਾਪਰੀ ਗਰਮਾ-ਗਰਮ ਬਹਿਸ ਦੇ ਦੌਰਾਨ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਐਮਿਲੀ ਨੇ ਉਨ੍ਹਾਂ ਦੇ ਭਵਿੱਖ ਬਾਰੇ ਆਪਣੇ ਸ਼ੱਕ ਪ੍ਰਗਟ ਕੀਤੇ। ਰਾਜਦੀਪ ਇਹ ਮਹਿਸੂਸ ਕਰਦੇ ਹੋਏ ਕਿ ਉਸ ਨੂੰ ਐਮਿਲੀ ਤੇ ਕਾਰੋਬਾਰੀ ਤਰੱਕੀ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੋਵੇਗੀ, ਬਹੁਤ ਦੁਖੀ ਹੋਇਆ। ਅੱਜ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ ’ਤੇ ਪਹੁੰਚ ਚੁੱਕਾ ਸੀ।
ਇਸੇ ਕਸ਼ਮਕਸ਼ ਵਿੱਚ ਰਾਜਦੀਪ ਨੇ ਤੁਰੰਤ ਕੈਨੇਡਾ ਵਾਪਸ ਜਾਣ ਦਾ ਫੈਸਲਾ ਕਰ ਲਿਆ ਤੇ ਕਈ ਅਹਿਮ ਕਾਰੋਬਾਰੀ ਮੁਲਾਕਾਤਾਂ ਦਾ ਸਿਲਸਿਲਾ ਉੱਥੇ ਹੀ ਛੱਡ ਦਿੱਤਾ। ਇਹ ਇੱਕ ਵੱਡੀ ਤੇ ਦੁਖਦ ਕੁਰਬਾਨੀ ਸੀ, ਪਰ ਉਹ ਜਾਣ ਚੁੱਕਾ ਸੀ ਕਿ ਐਮਿਲੀ ਨਾਲ ਉਸ ਦਾ ਰਿਸ਼ਤਾ ਉਸ ਲਈ ਕਿਸੇ ਵੀ ਕਾਰੋਬਾਰੀ ਸਫਲਤਾ ਨਾਲੋਂ ਵੱਧ ਕੀਮਤੀ ਸੀ। ਕੈਨੇਡਾ ਪਹੁੰਚ ਕੇ ਉਨ੍ਹਾਂ ਦਾ ਆਪਸੀ-ਮਿਲਨ ਬਹੁਤ ਹੀ ਭਾਵੁਕਤਾ ਭਰਪੂਰ ਸੀ, ਹੰਝੂਆਂ ਅਤੇ ਮੁਆਫ਼ੀ ਨਾਲ ਭਰਿਆ ਹੋਇਆ। ਰਾਜਦੀਪ ਨੇ ਆਪਣੇ ਫੈਸਲੇ ਬਾਰੇ ਦੱਸਦੇ ਹੋਏ ਐਮਿਲੀ ਪ੍ਰਤੀ ਆਪਣੇ ਡੂੰਘੇ ਪਿਆਰ ਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਪਹਿਲਾਂ ਨਾਲੋਂ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਆਪਸੀ ਉਲਝਣਾਂ ਦੇ ਹੱਲ ਲਈ ਦੰਪਤੀ-ਕਾਉਂਸਲਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ।
ਦੰਪਤੀ-ਕਾਉਂਸਲਿੰਗ ਦੌਰਾਨ ਸੁਯੋਗ ਥੈਰੇਪਿਸਟ ਦੀ ਰਹਨਿੁਮਾਈ ਵਿੱਚ ਉਨ੍ਹਾਂ ਨੇ ਦੰਪਤੀ-ਜੀਵਨ ਸਬੰਧੀ ਇੱਕ ਵਧੇਰੇ ਸੰਤੁਲਿਤ ਸੋਚ ਧਾਰਨ ਕਰ ਲਈ। ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਰਹੇ ਰਾਜਦੀਪ ਨੇ ਐਮਿਲੀ ਦੇ ਨਾਲ ਚੰਗਾ ਸਮਾਂ ਗੁਜ਼ਾਰਨ ਨੂੰ ਤਰਜੀਹ ਦੇਣ ਦਾ ਵਾਅਦਾ ਕੀਤਾ। ਉਸ ਨੇ ਆਪਣੇ ਕਾਰੋਬਾਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਹੋਰ ਸਾਥੀਆਂ ਨਾਲ ਸਾਂਝਾ ਕਰਨਾ ਤੇ ਸੌਂਪਣਾ ਸਿੱਖਿਆ। ਐਮਿਲੀ ਨਾਲ ਪਿਆਰ ਭਰੇ ਰਿਸ਼ਤੇ ਦੀ ਨਿਰੰਤਰਤਾ ਕਾਇਮ ਰੱਖਣ ਲਈ ਉਸ ਨੇ ਸਮੇਂ ਦੀ ਸਹੀ ਵਰਤੋਂ ਦੇ ਹੁਨਰ ਨੂੰ ਸਿੱਖਿਆ।
ਦੂਜੇ ਪਾਸੇ ਐਮਿਲੀ ਨੇ ਆਪਣੇ ਕਾਰੋਬਾਰ ਸਬੰਧੀ ਰਾਜਦੀਪ ਦੀ ਉਮੰਗ ਅਤੇ ਉੱਦਮ ਨੂੰ ਸਵੀਕਾਰ ਕੀਤਾ। ਉਹ ਰਾਜਦੀਪ ਨਾਲ ਜੀਵਨ ਬਸਰ ਕਰਨ ਦੇ ਇਰਾਦੇ ਨਾਲ ਉਸ ਦੀਆਂ ਕੁਰਬਾਨੀਆਂ ਨੂੰ ਸਮਝਣ ਲੱਗੀ ਅਤੇ ਉਸ ਦੇ ਸਮਰਪਣ ਦੀ ਕਦਰਦਾਨ ਬਣ ਗਈ। ਉਸ ਨੇ ਆਪਣੀਆਂ ਚਾਹਤਾਂ ਅਤੇ ਕਰੀਅਰ ਦੇ ਟੀਚਿਆਂ ਦੀ ਪਛਾਣ ਕੀਤੀ ਤੇ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਨ ਦੀ ਭਾਵਨਾ ਪੈਦਾ ਕਰ ਲਈ। ਆਪਸੀ ਰਿਸ਼ਤੇ ਦੀ ਪਰਿਪੱਕਤਾ ਲਈ ਸਖ਼ਤ ਮਿਹਨਤ ਕਰਨ ਤੋਂ ਬਾਅਦ ਰਾਜਦੀਪ ਅਤੇ ਐਮਿਲੀ ਨੇ ਸੁਖਦ ਤੇ ਸ਼ਾਂਤੀਪੂਰਨ ਜੀਵਨ ਦਾ ਢੰਗ ਲੱਭ ਲਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਪਿਆਰ ਉਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਸੀ ਜੋ ਜ਼ਿੰਦਗੀ ਨੇ ਉਨ੍ਹਾਂ ਨੂੰ ਦਰਪੇਸ਼ ਕੀਤੀਆਂ ਸਨ।
ਪਿਆਰ ਦੀ ਸਲਾਮਤੀ ਦੇ ਰਾਹ ਵਿੱਚ ਆਈਆਂ ਮੁਸ਼ਕਲਾਂ ਉੱਤੇ ਜਿੱਤ ਪਾ ਲੈਣ ਪਿੱਛੋਂ ਉਨ੍ਹਾਂ ਇਕੱਠੇ ਜੀਵਨ ਬਿਤਾਉਣ ਦਾ ਫੈਸਲਾ ਕਰ ਲਿਆ। ਰਾਜਦੀਪ ਦੇ ਉੱਦਮੀ ਸੁਭਾਅ ਤੋਂ ਪ੍ਰੇਰਿਤ ਹੋ ਕੇ ਐਮਿਲੀ ਨੇ ਅੰਤਰ-ਰਾਸ਼ਟਰੀ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰਕ ਵਟਾਂਦਰੇ ਸਬੰਧੀ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਇਸ ਉੱਦਮ ਨੇ ਉਸ ਨੂੰ ਆਪਣੇ ਮਨਭਾਉਂਦੇ ਖੇਤਰ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਅਤੇ ਉਹ ਦੋਵੇਂ ਆਪਣੇ ਸੁਪਨਿਆਂ ਦੀ ਸਾਂਝ ਅਤੇ ਜੀਵਨ ਦੀਆਂ ਚੁਣੌਤੀਆਂ ਨਾਲ ਇਕੱਠਿਆਂ ਜੂਝਦੇ ਹੋਏ ਦੂਜਿਆਂ ਲਈ ਉਮੀਦ ਦੀ ਕਿਰਨ ਬਣ ਗਏ।
ਉਨ੍ਹਾਂ ਦਾ ਵਿਆਹ ਪੰਜਾਬੀ ਅਤੇ ਕੈਨੇਡੀਅਨ ਪਰੰਪਰਾਵਾਂ ਦਾ ਇੱਕ ਸੁੰਦਰ ਸੁਮੇਲ ਬਣ ਗਿਆ, ਜੋ ਉਨ੍ਹਾਂ ਦੇ ਦੋ ਸੰਸਾਰਾਂ ਦੇ ਮਿਲਾਪ ਦਾ ਪ੍ਰਤੀਕ ਸੀ। ਰਾਜਦੀਪ ਦੀ ਪੰਜਾਬ ਤੋਂ ਕੈਨੇਡਾ ਤੱਕ ਦੀ ਯਾਤਰਾ, ਉਸ ਦੀ ਵਿੱਦਿਅਕ, ਕਾਰੋਬਾਰੀ ਅਤੇ ਪਿਆਰ ਸਬੰਧਤ ਸਫਲਤਾ, ਉਸ ਦੀ ਲਗਨ, ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਦਾ ਪ੍ਰਮਾਣ ਬਣ ਗਈ। ਜਿਸ ਨੇ ਸਾਬਤ ਕੀਤਾ ਕਿ ਸੱਚਾ ਤੇ ਸੁਹਿਰਦ ਸਮਰਪਣ ਜੀਵਨ ਦੀਆਂ ਸਭ ਤੋਂ ਚੁਣੌਤੀਪੂਰਨ ਮੁਸ਼ਕਲਾਂ ਦੇ ਘੁਮੰਣਘੇਰ ਵਿੱਚੋਂ ਵੀ ਸਹੀ ਸਲਾਮਤ ਨਿਕਲ ਸਕਦਾ ਹੈ। ਇੰਝ ਰਾਜਦੀਪ ਅਤੇ ਐਮਿਲੀ ਦੀ ਪ੍ਰੇਮ ਕਹਾਣੀ ਨਾ ਸਿਰਫ਼ ਮੁਸ਼ਕਲਾਂ ਨੂੰ ਪਾਰ ਕਰਨ ਬਾਰੇ ਸੀ, ਸਗੋਂ ਇੱਕ ਦੂਜੇ ਦੇ ਮਤਭੇਦਾਂ, ਸੁਪਨਿਆਂ ਅਤੇ ਇੱਛਾਵਾਂ ਨੂੰ ਗਲੇ ਲਗਾਉਣ ਬਾਰੇ ਵੀ ਸੀ। ਇਹ ਪਿਆਰ, ਸਮਝ ਅਤੇ ਅਨੁਕੂਲਤਾ ਦੀ ਸ਼ਕਤੀ ਦਾ ਪ੍ਰਮਾਣ ਬਣ ਗਈ।

ਈਮੇਲ: drdpsn@gmail.com

Advertisement

Advertisement