For the best experience, open
https://m.punjabitribuneonline.com
on your mobile browser.
Advertisement

ਬੱਦਲਾਂ ਦੇ ਦੇਸ਼ ’ਚ ਵਿਚਰਦਿਆਂ...

11:15 AM Mar 17, 2024 IST
ਬੱਦਲਾਂ ਦੇ ਦੇਸ਼ ’ਚ ਵਿਚਰਦਿਆਂ
Advertisement

ਵਿਕਾਸ ਕਪਿਲਾ
ਜਦੋਂ ਵੀ ਮੈਂ ਇਸ ਬਾਰੇ ਸੋਚਦਾ ਤਾਂ ਇਹੋ ਤਸਵੀਰ ਮੇਰੀ ਸੋਚ ਵਿੱਚ ਉੱਭਰਦੀ: ਬੱਦਲਾਂ ਦਾ ਦੇਸ਼ ਲੱਦਾਖ। ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਕੋਈ ਦੂਜੀ ਹੀ ਦੁਨੀਆ ਜਾਪਦੀ ਸੀ। ਮੇਰੇ ਸ਼ਹਿਰ ਵਿੱਚੋਂ ਜੂਨ-ਜੁਲਾਈ ਵਿੱਚ ਮੋਟਰਸਾਈਕਲਾਂ ਦੇ ਲੰਮੇ ਕਾਫ਼ਲੇ ਲੰਘਣੇ ਤਾਂ ਮਨ ਵਿੱਚ ਉੱਥੇ ਜਾਣ ਦੀ ਇੱਛਾ ਹੋਰ ਵੀ ਤੀਬਰ ਹੋ ਜਾਣੀ। ਪਿਛਲੇ ਦੋ ਕੁ ਸਾਲਾਂ ਤੋਂ ਪ੍ਰੋਗਰਾਮ ਬਣਦਾ ਤਾਂ ਸੀ ਪਰ ਕਿਸੇ ਨਾ ਕਿਸੇ ਰੁਝੇਵੇਂ ਕਾਰਨ ਉਸ ਨੂੰ ਟਾਲਣਾ ਪੈ ਜਾਂਦਾ। ਅਗਸਤ 2023 ਵਿੱਚ ਸਭ ਕੁਝ ਪੱਕਾ ਹੋ ਗਿਆ ਤਾਂ ਭਾਰੀ ਬਰਸਾਤ ਕਾਰਨ ਪਹਾੜੀ ਰਸਤੇ ਕਈ ਜਗ੍ਹਾ ਤੋਂ ਟੁੱਟ ਗਏੇ। ਲੱਗਿਆ ਫਿਰ ਪ੍ਰੋਗਰਾਮ ਵਿੱਚ ਕਾਂਜੀ ਘੁਲ ਜਾਣੀ ਹੈ। ਫਿਰ ਕਿਸੇ ਨੇ ਦੱਸਿਆ ਕਿ ਇਸ ਵਾਰ ਸੈਲਾਨੀਆਂ ਨੇ ਲੇਹ ਤੋਂ ਪਾਸਾ ਵੱਟ ਲਿਆ ਹੈ ਜਿਸ ਕਰਕੇ ਹਵਾਈ ਟਿਕਟ ਤੇ ਹੋਟਲਾਂ ਦੇ ਰੇਟ ਘਟੇ ਹੋਏ ਹਨ। ਅੰਨ੍ਹਾ ਕੀ ਮੰਗੇ, ਦੋ ਅੱਖਾਂ। ਛੇਤੀ ਛੇਤੀ ਬੁਕਿੰਗ ਕਰਵਾਈ ਤੇ ਆਪਣੇ ਮਿੱਤਰਾਂ ਨਾਲ ਲੇਹ ਲੱਦਾਖ ਵੱਲ ਕੂਚ ਕਰ ਦਿੱਤਾ।
ਲੇਹ ਪਹੁੰਚ ਕੇ ਅਸੀਂ ਦੋ-ਤਿੰਨ ਦਿਨ ਲੇਹ ਤੇ ਉਸ ਦੇ ਨੇੜੇ-ਤੇੜੇ ਦੀਆਂ ਜਗ੍ਹਾਵਾਂ ਘੁੰਮਣ ਦਾ ਪ੍ਰੋਗਰਾਮ ਬਣਾਇਆ। ਪਹਿਲੇ ਦਿਨ ਤਾਂ ਉੱਥੇ ਦੇ ਮੌਸਮ ਅਤੇ ਆਕਸੀਜਨ ਦੀ ਕਮੀ ਕਰਕੇ ਹੋਟਲ ’ਚ ਰਹਿਣ ਵਿੱਚ ਹੀ ਭਲਾਈ ਸਮਝੀ, ਬੱਸ ਸ਼ਾਮ ਨੂੰ ਕੁਝ ਦੇਰ ਲਈ ਲੇਹ ਦੇ ਬਾਜ਼ਾਰ ਵਿੱਚ ਰੌਣਕ ਦਾ ਆਨੰਦ ਮਾਣਿਆ। ਅਗਲੇ ਦਿਨ ਸ਼ਾਂਤੀ ਸਤੂਪ, ਵਾਰ ਮੈਮੋਰੀਅਲ, ਗੁਰਦੁਆਰਾ ਸ੍ਰੀ ਪੱਥਰ ਸਾਹਿਬ, ਮਗਨੈਟਿਕ ਹਿੱਲ ਅਤੇ ਥੀਕਸੇ ਮੋਨੈਸਟਰੀ ਵੇਖਣ ਚਲੇ ਗਏ। ਵਾਰ ਮੈਮੋਰੀਅਲ ਦੇਖਦਿਆਂ ਮਨ ਦੇਸ਼ਭਗਤੀ ਦੇ ਜਜ਼ਬੇ ਨਾਲ ਭਰ ਗਿਆ ਤਾਂ ਗੁਰਦੁਆਰਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣਨ ਦਾ ਮੌਕਾ ਮਿਲਿਆ ਕਿ ਉਹ ਤਿੱਬਤੀਆਂ ਵਿੱਚ ਨਾਨਕ ਲਾਮਾ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਗੁਰਦੁਆਰਾ ਸਾਹਿਬ ਵਿੱਚ ਲੰਗਰ ਤੇ ਕਾਰ-ਸੇਵਾ ਦਾ ਕੰਮ ਫ਼ੌਜ ਹੀ ਸੰਭਾਲਦੀ ਹੈ। ਪਹਿਲੇ ਦਿਨ ਸਾਨੂੰ ਹਵਾਈ ਅੱਡੇ ਤੋਂ ਹੋਟਲ ਤੱਕ ਛੱਡਣ ਆਇਆ ਟੈਕਸੀ ਡਰਾਈਵਰ ਅਗਲੇ ਦੋ ਦਿਨਾਂ ਲਈ ਸਾਡਾ ਹਮਸਫ਼ਰ ਬਣ ਗਿਆ ਸੀ। ਉਸ ਦੇ ਨਿੱਘੇ ਸੁਭਾਅ ਨੇ ਸਾਨੂੰ ਸਭ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਸਾਡੇ ਮਨਾਂ ’ਤੇ ਇੱਕ ਡੂੰਘੀ ਛਾਪ ਛੱਡ ਗਿਆ। ਲੇਹ ਵਿੱਚ ਘੁੰਮਦਿਆਂ ਆਸਮਾਨ ਵੱਲ ਤੱਕਣਾ ਤਾਂ ਉਸ ਦੇ ਗੂੜ੍ਹੇ ਨੀਲੇ ਰੰਗ ਤੇ ਬੱਦਲਾਂ ਦੇ ਸੁਹੱਪਣ ਨੇ ਦਿਲ ਕੀਲ ਲੈਣਾ।
ਅਗਲੇ ਦਿਨ ਸਵੇਰੇ ਤੜਕਸਾਰ ਹੀ ਟੈਕਸੀ ਸਾਨੂੰ ਨੁਬਰਾ ਘਾਟੀ ਲਿਜਾਣ ਲਈ ਹੋਟਲ ਆ ਪਹੁੰਚੀ। ਜਲਦੀ ਜਾਣ ਦਾ ਮੁੱਖ ਕਾਰਨ ਰਸਤੇ ਵਿੱਚ ਪੈਂਦਾ ਇੱਕ ਪਹਾੜੀ ਚਸ਼ਮਾ ਸੀ ਜਿਸ ਦਾ ਵਹਾਅ ਪਹਾੜਾਂ ਤੋਂ ਪਿਘਲੀ ਬਰਫ਼ ਕਰਕੇ ਕਈ ਵਾਰ ਇੰਨਾ ਵਧ ਜਾਂਦਾ ਕਿ ਫੇਰ ਉਸ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਸੀ। ਪੂਰਾ ਰਸਤਾ ਲੇਹ ਦੇ ਨਜ਼ਾਰਿਆਂ ਨੂੰ ਮਾਣਦੇ ਅਸੀਂ ਖਰਦੁੰਗ ਲਾ/ਪਾਸ ਸਮੁੰਦਰ ਤਲ ਤੋਂ ਤਕਰੀਬਨ 18000 ਫੁੱਟ ਦੀ ਉਚਾਈ ’ਤੇ ਹੈ। ਇਸ ਨੁੂੰ ਲੰਘ ਕੇ ਅਸੀਂ ਨੁਬਰਾ ਘਾਟੀ ਪਹੁੰਚ ਗਏ। ਨੁਬਰਾ ਪਹੁੰਚਣ ਤੋਂ ਪਹਿਲਾਂ ਡਿਸਕਿਟ ਮੋਨੈਸਟਰੀ ਵਿੱਚ ਵੀ ਕੁਝ ਸਮਾਂ ਬਿਤਾਇਆ। ਨੁਬਰਾ ਘਾਟੀ ਹੁੰਡਰ ਦੇ ਵਿੱਚ ਸੀ ਜੋ ਹਜ਼ਾਰਾਂ ਸਾਲਾਂ ਵਿੱਚ ਹਵਾਵਾਂ ਨਾਲ ਉੱਡ ਕੇ ਆਈ ਰੇਤ ਨਾਲ ਇੱਕ ਛੋਟੇ ਮਾਰੂਥਲ ਵਾਂਗ ਬਣ ਗਈ। ਇਸ ਜਗ੍ਹਾ ਤੁਸੀਂ ਬੈਕਟਰੀਅਨ ਊਠ, ਜਿਸ ਦੀ ਪਿੱਠ ’ਤੇ ਦੋ ਕੁੱਬ ਹੁੰਦੇ ਹਨ, ਦੀ ਸਵਾਰੀ ਵੀ ਕਰ ਸਕਦੇ ਹੋ। ਕੁਝ ਸਮਾਂ ਘਾਟੀ ਵਿੱਚ ਬਿਤਾ ਕੇ ਅਸੀਂ ਹੁੰਡਰ ਵਿੱਚ ਹੀ ਰਾਤ ਬਿਤਾਉਣ ਦਾ ਫ਼ੈਸਲਾ ਕੀਤਾ। ਅਗਲੇ ਦਿਨ ਸਵੇਰੇ ਪੈਂਗੌਂਗ ਝੀਲ ਵੇਖਣ ਤੁਰ ਪਏ। ਇਹ ਝੀਲ ਜਿੰਨੀ ਭਾਰਤ ਵਿੱਚ ਹੈ, ਉਸ ਤੋਂ ਲਗਭਗ ਤਿੱਗਣੀ ਚੀਨ ਵੱਲ ਹੈ। ਜਿਉਂ-ਜਿਉਂ ਸੂਰਜ ਘੁਮਦਾ ਹੈ ਤਾਂ ਝੀਲ ਦਾ ਰੰਗ ਹਲਕੇ ਨੀਲੇ ਤੋਂ ਸਿਆਹ ਵਿੱਚ ਬਦਲ ਜਾਂਦਾ ਹੈ। ਇਸ ਨੂੰ ਵੇਖਣਾ ਕਿਸੇ ਅਚੰਭੇ ਵਾਂਗ ਹੀ ਲੱਗਦਾ ਹੈ। ਰਾਤ ਨੂੰ ਇਸ ਜਗ੍ਹਾ ਦਾ ਤਾਪਮਾਨ ਮਨਫ਼ੀ ਵਿੱਚ (ਸਿਰਫ਼ ਤੋਂ ਵੀ ਕਾਫ਼ੀ ਘੱਟ) ਹੋ ਜਾਂਦਾ ਹੈ ਤੇ ਆਕਸੀਜਨ ਦੀ ਵੀ ਕਮੀ ਹੋ ਜਾਂਦੀ ਹੈ।
ਉਸ ਤੋਂ ਅਗਲੇ ਦਿਨ ਸਾਡੀ ਲੇਹ ਨੂੰ ਵਾਪਸੀ ਸੀ। ਸਾਡੇ ਦੋ ਮਿੱਤਰਾਂ ਨੂੰ ਕਿਸੇ ਕਾਰਨ ਟੂਰ ਵਿੱਚ ਹੀ ਛੱਡ ਕੇ ਵਾਪਸ ਜਾਣਾ ਪੈ ਰਿਹਾ ਸੀ। ਵਾਪਸੀ ’ਤੇ ਅਸੀ ਚਾਂਗ ਲਾ/ਪਾਸ ਲੰਘ ਕੇ ਸ਼ਾਮ ਨੂੰ ਲੇਹ ਪਹੁੰਚ ਗਏ। ਸਾਡੇ ਸਫ਼ਰ ਦੇ ਅਗਲੇ ਪੜਾਅ ਲਈ ਮੇਰੇ ਨਾਲ ਗਏ ਤੀਸਰੇ ਮਿੱਤਰ ਨੇ ਮੋਟਰਸਾਈਕਲਾਂ ਤੇ ਉਮਲੀਂਗ ਲਾ/ਪਾਸ ਜਾਣ ਬਾਰੇ ਕਿਹਾ ਜੋ ਕਿ ਖਰਦੁੰਗ ਲਾ ਤੋਂ ਵੀ ਜ਼ਿਆਦਾ ਉਚਾਈ ’ਤੇ ਸੀ। ਮੈਂ ਇਸ ਟੂਰ ਦਾ ਪੂਰਾ ਲਾਹਾ ਲੈ ਕੇ ਇਸ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਸੀ। ਇਸ ਲਈ ਮੈਂ ਵੀ ਨਾਲ ਜਾਣ ਲਈ ਹਾਮੀ ਭਰ ਦਿੱਤੀ। ਸ਼ਾਮ ਨੂੰ ਅਸੀਂ ਬਾਜ਼ਾਰ ਜਾ ਕੇ ਇੱਕ ਮੋਟਰਸਾਈਕਲ ਕਿਰਾਏ ’ਤੇ ਲੈ ਲਿਆ। ਅਗਲੇ ਦਿਨ ਸਾਡੇ ਦੋ ਮਿੱਤਰਾਂ ਦੇ ਪੰਜਾਬ ਵਾਪਸ ਜਾਣ ਤੋਂ ਬਾਅਦ ਅਸੀਂ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋ ਗਏ।
ਇਸ ਸਫ਼ਰ ਵਿੱਚ ਮੇਰੇ ਨਾਲ ਗਏ ਮਿੱਤਰ ਦਾ ਇੱਕ ਹੋਰ ਦੋਸਤ ਵੀ ਨਾਲ ਜਾ ਰਿਹਾ ਸੀ ਜੋ ਕਿ ਦਿੱਲੀ ਤੋਂ ਸਿੱਧਾ ਹੀ ਲੇਹ ਪਹੁੰਚ ਗਿਆ। ਮੈਨੂੰ ਪਹਾੜੀ ਰਸਤਿਆਂ ਵਿੱਚ ਮੋਟਰਸਾਈਕਲ ਚਲਾਉਣ ਦਾ ਕੋਈ ਤਜਰਬਾ ਨਹੀਂ ਸੀ। ਇਸ ਲਈ ਮਿੱਤਰ ਨੇ ਮੈਨੂੰ ਆਪਣੇ ਮੋਟਰ ਸਾਈਕਲ ’ਤੇ ਪਿੱਛੇ ਬਿਠਾ ਕੇ ਸਫ਼ਰ ਸ਼ੁਰੂ ਕੀਤਾ। ਅਸੀਂ ਇੱਕ ਦਿਨ ਵਿੱਚ ਤਕਰੀਬਨ 272 ਕਿਲੋਮੀਟਰ ਦਾ ਸਫ਼ਰ ਕਰਕੇ ਹਾਨਲੇ ਪਹੁੰਚਣਾ ਸੀ ਜੋ ਕਿ ਉਮਲੀਂਗ ਲਾ ਨੇੜੇ ਦਾ ਇੱਕ ਪਿੰਡ ਹੈ। ਉੱਥੇ ਰਹਿਣ ਲਈ ਪਿੰਡ ਦੇ ਲੋਕਾਂ ਨੇ ਆਪਣੇ ਘਰ ਵਿੱਚ ਹੀ ਪੇਇੰਗ ਗੈਸਟ ਬਣਾ ਰੱਖੇ ਹਨ। ਇਹ ਜਗ੍ਹਾ ਭਾਰਤੀ ਖਗੋਲੀ ਆਬਜ਼ਰਵੇਟਰੀ ਲਈ ਵੀ ਪ੍ਰਸਿੱਧ ਹੈ। ਰਸਤੇ ਵਿੱਚ ਕਈ ਫ਼ੌਜੀ ਛਾਉਣੀਆਂ ਨੁੂੰ ਲੰਘਦਿਆਂ ਅਸੀਂ ਹਾਨਲੇ ਤੱਕ ਦਾ ਸਫ਼ਰ ਪੂਰਾ ਕੀਤਾ। ਵੈਸੇ ਤਾਂ ਸਾਰੇ ਲੱਦਾਖ ਵਿੱਚ ਹੀ ਸੜਕਾਂ ਦਾ ਜਾਲ ਵਿਛਿਆ ਹੈ, ਪਰ ਬੀਆਰਓ (ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ) ਨੇ ਜੋ ਸ਼ਲਾਘਾਯੋਗ ਕੰਮ ਇਸ ਖੇਤਰ ਵਿੱਚ ਕੀਤਾ ਹੈ, ਉਸ ਨੇ ਸੱਚਮੁੱਚ ਹੀ ਸਰਹੱਦਾਂ ਦੀ ਰੱਖਿਆ ਲਈ ਫ਼ੌਜ ਦੇ ਹੱਥ ਬਹੁਤ ਮਜ਼ਬੂਤ ਕੀਤੇ ਹਨ। ਹਾਨਲੇ ਪਹੁੰਚ ਕੇ ਸਫ਼ਰ ਦੀ ਥਕਾਵਟ ਮਿਟਾ ਕੇ ਸ਼ਾਮ ਨੂੰ ਅਸੀਂ ਬਾਹਰ ਨਿਕਲੇ ਤਾਂ ਪਤਾ ਲੱਗਿਆ ਕਿ ਸਾਡੇ ਇੱਕ ਮੋਟਰ ਸਾਈਕਲ ਦੀ ਸਸਪੈਨਸ਼ਨ ਟੁੱਟ ਚੁੱਕੀ ਸੀ। ਉਸ ਜਗ੍ਹਾ ’ਤੇ ਇੱਕ ਹੀ ਮਕੈਨਿਕ ਸੀ ਤੇ ਉਸ ਕੋਲ ਇਸ ਨੂੰ ਠੀਕ ਕਰਨ ਲਈ ਕੋਈ ਵੀ ਸਾਧਨ ਨਹੀਂ ਸੀ। ਇੱਕ ਵਾਰ ਤਾਂ ਲੱਗਿਆ ਕਿ ਹੁਣ ਸ਼ਾਇਦ ਅੱਗੇ ਦਾ ਸਫ਼ਰ ਭੁੱਲ ਕੇ ਉੱਥੋਂ ਹੀ ਮੁੜਨਾ ਪਵੇਗਾ। ਮੇਰੇ ਮਿੱਤਰਾਂ ਵਿੱਚ ਨਿਰਾਸ਼ਾ ਸਾਫ਼ ਦਿਸ ਰਹੀ ਸੀ। ਅਸੀਂ ਸਵੇਰ ਤੱਕ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ। ਇਸ ਜਗ੍ਹਾ ਦਾ ਰਾਤ ਦਾ ਤਾਪਮਾਨ ਵੀ ਜੀਰੋ ਤੱਕ ਚਲਾ ਜਾਂਦਾ ਹੈ ਪਰ ਘਰਾਂ ਦੀ ਬਣਤਰ ਵਿੱਚ ਲੱਕੜ, ਮਿੱਟੀ ਤੇ ਫੂਸ ਦੀ ਵਰਤੋਂ ਹੋਣ ਕਰਕੇ ਅੰਦਰ ਨਿੱਘ ਹੀ ਰਹਿੰਦਾ ਹੈ। ਇਸ ਜਗ੍ਹਾ ਬੁਨਿਆਦੀ ਸਹੂਲਤਾਂ ਦੀ ਬਹੁਤ ਘਾਟ ਹੈ ਤੇ ਬਿਜਲੀ ਵੀ ਰਾਤ
ਸੱਤ ਵਜੇ ਤੱਕ ਹੀ ਰਹਿੰਦੀ ਹੈ। ਮੋਬਾਈਲ ਦਾ ਨੈੱਟਵਰਕ ਵੀ ਨਾਂ-ਮਾਤਰ ਹੀ ਸੀ। ਇਹ ਸਭ ਵੇਖ ਕੇ ਇੱਕ ਵਾਰ ਤਾਂ ਮਨ ਵਿੱਚ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸ ਨੇ ਪੰਜਾਬ ਦੀ ਧਰਤੀ ਨੂੰ ਕਿੰਨੀਆਂ ਨਿਆਮਤਾਂ ਬਖ਼ਸ਼ੀਆਂ ਹਨ। ਮੇਰਾ ਮੰਨਣਾ ਹੈ ਕਿ ਹਰ ਕੋਈ ਇੱਕ ਵਾਰ ਉਸ ਧਰਤੀ ’ਤੇ ਜ਼ਰੂਰ ਗੇੜਾ ਮਾਰੇ, ਉਸ ਤੋਂ ਬਾਅਦ ਉਸ ਦੀਆਂ ਜ਼ਿੰਦਗੀ ਤੋਂ ਸਾਰੀਆਂ ਸ਼ਿਕਾਇਤਾਂ ਖ਼ਤਮ ਹੋ ਜਾਣਗੀਆਂ।
ਅਗਲੇ ਦਿਨ ਮੈਂ ਇਹ ਫ਼ੈਸਲਾ ਕੀਤਾ ਕਿ ਖਰਾਬ ਮੋਟਰਸਾਈਕਲ ਮੈਂ ਚਲਾਵਾਂਗਾ ਤੇ ਦੋਵੇਂ ਮਿੱਤਰ ਦੂਜੇ ਮੋਟਰਸਾਈਕਲ ’ਤੇ ਜਾਣਗੇ। ਇਸ ਨਾਲ ਉਨ੍ਹਾਂ ਨੂੰ ਵੀ ਹੌਸਲਾ ਹੋ ਗਿਆ ਕਿ ਹੁਣ ਉਮਲੀਂਗ ਲਾ ਜਾਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਉਮਲੀਂਗ ਲਾ ਲਈ ਸਿੱਧਾ ਰਸਤਾ 108 ਕਿਲੋਮੀਟਰ ਸੀ, ਪਰ ਇੱਕ ਪਹਾੜੀ ਕੱਚਾ ਰਸਤਾ 25 ਕਿਲੋਮੀਟਰ ਘੱਟ ਸੀ। ਅਸੀਂ ਛੋਟੇ ਰਸਤੇ ਤੋਂ ਜਾਣ ਦੀ ਸੋਚੀ। ਜਦ ਤੱਕ ਰਸਤਾ ਮੈਦਾਨੀ ਸੀ ਤਾਂ ਔਕੜ ਘੱਟ ਸੀ, ਪਰ ਜਦ ਰਸਤਾ ਪਹਾੜੀ ਹੋ ਗਿਆ ਤਾਂ ਕੱਚਾ ਹੋਣ ਕਰਕੇ ਬਹੁਤ ਮੁਸ਼ਕਿਲ ਤੇ ਔਕੜਾਂ ਭਰਿਆ ਹੋ ਗਿਆ। ਕਈ ਜਗ੍ਹਾ ਤਾਂ ਮਿੱਟੀ ਦੀ ਪਰਤ ਡੇਢ ਫੁੱਟ ਤੱਕ ਮੋਟੀ ਸੀ ਤੇ ਮੋਟਰ ਸਾਈਕਲ ਜਾਂ ਤਾਂ ਧਸ ਜਾਣਾ ਜਾਂ ਫਿਸਲ ਜਾਣਾ। ਬਹੁਤ ਦਿੱਕਤਾਂ ਤੋਂ ਬਾਅਦ ਉਹ ਰਸਤਾ ਲੰਘ ਕੇ ਪੱਕੀ ਸੜਕ ’ਤੇ ਚੜ੍ਹੇ ਤਾਂ ਸਾਹ ਵਿੱਚ ਸਾਹ ਆਇਆ। ਫਿਰ ਸਫ਼ਰ ਦੇ ਨਾਲ-ਨਾਲ ਉਚਾਈ ਵੀ ਵਧਦੀ ਚਲੀ ਗਈ। ਇੱਕ ਜਗ੍ਹਾ ਪਹੁੰਚ ਕੇ ਅਸੀਂ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੋਂ ਜ਼ਿਆਦਾ ਉਚਾਈ ’ਤੇ ਪਹੁੰਚ ਚੁੱਕੇ ਸੀ ਪਰ ਮੰਜ਼ਿਲ ਹਾਲੇ ਵੀ ਸੱਤ ਕਿਲੋਮੀਟਰ ਦੂਰ ਸੀ। ਘੁੰਮਣ-ਘੇਰੀਆਂ ਭਰੇ ਰਸਤੇ ਨੂੰ ਪਾਰ ਕਰਕੇ ਅਸੀਂ ਆਖ਼ਰੀ ਮੋੜ ਕੱਟਿਆ ਤਾਂ ਸਾਹਮਣੇ ਦੇ ਨਜ਼ਾਰੇ ਨੇ ਸਾਡੇ ਮਨਾਂ ਵਿੱਚ ਰੋਮਾਂਚ ਭਰ ਦਿੱਤਾ। ਅਸੀਂ 19300 ਫੁੱਟ ਦੀ ਉਚਾਈ ’ਤੇ ਸੀ ਅਤੇ ਚੀਨ ਦੀ ਸਰਹੱਦ ਤੋਂ ਸਿਰਫ਼ 35 ਕਿਲੋਮੀਟਰ ਦੂਰ ਰਹਿ ਗਏ ਸੀ। ਇਹ ਸਾਡੇ ਲਈ ਜਿੱਤ ਦਾ ਪਲ ਸੀ। ਮੇਰੇ ਲਈ ਇਹ ਹੋਰ ਵੀ ਖ਼ੁਸ਼ੀ ਦੀ ਗੱਲ ਸੀ ਕਿ ਮੈਂ ਖ਼ਰਾਬ ਮੋਟਰ ਸਾਈਕਲ ’ਤੇ ਇਹ ਉਚਾਈ ਸਰ ਕੀਤੀ ਸੀ। ਮੇਰੇ ਮਿੱਤਰਾਂ ਦੇ ਚਿਹਰਿਆਂ ਦੀ ਖ਼ੁਸ਼ੀ ਵੇਖ ਕੇ ਮਨ ਨੂੰ ਬਹੁਤ ਸੰਤੋਖ ਹੋ ਰਿਹਾ ਸੀ। ਇਸ ਜਗ੍ਹਾ ’ਤੇ ਆਕਸੀਜਨ ਦੀ ਘਾਟ ਹੋਣ ਕਰਕੇ ਜ਼ਿਆਦਾ ਦੇਰ ਰੁਕਣਾ ਔਖਾ ਸੀ। ਸੋ ਦਸ ਕੁ ਮਿੰਟ ਬਾਅਦ ਅਸੀਂ ਹਾਨਲੇ ਨੂੰ ਵਾਪਸੀ ਕਰ ਲਈ।
ਇਸ ਸਾਰੇ ਸਫ਼ਰ ਦੇ ਧੱਕੇ-ਧੋੜਿਆਂ ਨੇ ਬੁਰੀ ਤਰ੍ਹਾਂ ਥਕਾ ਦਿੱਤਾ ਸੀ ਤੇ ਵਾਪਸ ਮੁੜਦੇ ਤੱਕ ਸ਼ਾਮ ਦੇ ਚਾਰ ਵੱਜ ਚੁੱਕੇ ਸੀ। ਇਸ ਲਈ ਅਸੀਂ ਹਾਨਲੇ ਵਿੱਚ ਇੱਕ ਹੋਰ ਰਾਤ ਰੁਕਣ ਦਾ ਫ਼ੈਸਲਾ ਕੀਤਾ। ਅਗਲੇ ਦਿਨ ਸਵੇਰੇ ਹੀ ਲੇਹ ਨੂੰ ਵਾਪਸੀ ਕਰ ਲਈ ਜਿਸ ਜਗ੍ਹਾ ਤੋਂ ਅਸੀਂ ਅਗਲੇ ਦਿਨ ਦਿੱਲੀ ਲਈ ਹਵਾਈ ਯਾਤਰਾ ਕਰਨੀ ਸੀ। ਇਸ ਸਾਰੇ ਸਫ਼ਰ ਨੇ ਮੈਨੂੰ ਆਤਮ-ਵਿਸ਼ਵਾਸ ਨਾਲ ਭਰ ਦਿੱਤਾ। ਇਹ ਸਫ਼ਰ ਔਕੜਾਂ ਭਰਿਆ ਜ਼ਰੂਰ ਸੀ ਪਰ ਕਿਤੇ ਨਾ ਕਿਤੇ ਸਕੂਨ ਭਰਿਆ ਵੀ ਸੀ। ਅਸੀਂ ਅੱਜ ਉਹ ਕੰਮ ਕਰ ਲਿਆ ਸੀ ਜਿਸ ਦੀ ਰੀਝ ਕਿੰਨੇ ਹੀ ਸਾਲਾਂ ਤੋਂ ਦਿਲ ਨੂੰ ਟੁੰਬ ਰਹੀ ਸੀ। ਇਹ ਸੱਚਮੁੱਚ ਇੱਕ ਯਾਦਗਾਰ ਸਫ਼ਰ ਰਿਹਾ।
ਸੰਪਰਕ: 98155-19519

Advertisement

Advertisement
Author Image

sanam grng

View all posts

Advertisement
Advertisement
×