ਮੋਗਰੇ ਦੀਆਂ ਵਾਲੀਆਂ ਵਾਲੀ
ਜਾਵੇਦ ਸਿਦੀਕੀ
ਮੈਂ ਆਖ਼ਰੀ ਵਾਰ ਸੁਲਤਾਨਾ ਆਪਾ (ਵੱਡੀ ਭੈਣ) ਦੀ ਕਬਰ ਨੂੰ ਦੇਖਿਆ ਅਤੇ ਬਾਹਰ ਜਾਣ ਵਾਲੀ ਪਗਡੰਡੀ ’ਤੇ ਤੁਰ ਪਿਆ। ਮੇਰੀਆਂ ਯਾਦਾਂ ਦੀ ਫਿਰਕੀ ਘੁੰਮੀ। ਉਦੋਂ ਮੈਂ ਅਮਰੀਕਾ ਦੇ ਪੱਤਰਕਾਰੀ ਪੜ੍ਹੇ ਖ਼ਾਲਿਦ ਅੰਸਾਰੀ ਦੇ ਅਖ਼ਬਾਰ ‘ਇਨਕਲਾਬ’ ਵਿੱਚ ਕੰਮ ਕਰਦਾ ਹੁੰਦਾ ਸਾਂ। ਇੱਕ ਸਵੇਰ ਮੈਂ ਰੋਲੈਕਸ ਹੋਟਲ ਵਿੱਚ ਬੈਠਾ ਚਾਹ ਪੀ ਰਿਹਾ ਸੀ। ਅਚਾਨਕ ਸਾਹਮਣੇ ਫੁੱਟਪਾਥ ’ਤੇ ਕੁਝ ਹਲਚਲ ਦਿਸੀ। ਹੱਥਾਂ ਵਿੱਚ ਲਾਲ ਝੰਡੇ ਫੜੀ ਕੁਝ ਮੁੰਡੇ ਲੰਘ ਰਹੇ ਸਨ। ਉਨ੍ਹਾਂ ਪਿੱਛੇ ਦਸ-ਪੰਦਰ੍ਹਾਂ ਆਦਮੀਆਂ ਦੀ ਇੱਕ ਹੋਰ ਟੋਲੀ ਵਿੱਚ ਸੁਲਤਾਨਾ ਆਪਾ ਸੜਕ ਪਾਰ ਕਰ ਰਹੇ ਸਨ।
ਲਾਲ ਬਾਰਡਰ ਵਾਲੀ ਸਫ਼ੈਦ ਸਾੜ੍ਹੀ। ਵੱਡੀਆਂ-ਵੱਡੀਆਂ ਖ਼ੂਬਸੂਰਤ ਅੱਖਾਂ ਵਿੱਚ ਚਮਕ ਸੀ ਅਤੇ ਬੁੱਲ੍ਹਾਂ ’ਤੇ ਮੁਸਕਰਾਹਟ ਜਿਹੜੀ ਬੁੱਲ੍ਹਾਂ ਤੋਂ ਨਹੀਂ, ਚਿਹਰੇ ਤੋਂ ਫੁੱਟਦੀ ਜਾਪਦੀ ਸੀ। ਸੁਲਤਾਨਾ ਆਪਾ ਕਮਿਊਨਿਸਟ ਪਾਰਟੀ ਦੀ ਟਿਕਟ ’ਤੇ ਨਾਗਪਾੜਾ ਤੋਂ ਅਸੈਂਬਲੀ ਚੋਣ ਲੜ ਰਹੇ ਸਨ। ਇਸੇ ਸਿਲਸਿਲੇ ਵਿੱਚ ਇਲਾਕੇ ਦੇ ਗਲੀ-ਮੁਹੱਲਿਆਂ ਵਿੱਚ ਘੁੰਮ ਰਹੇ ਸਨ। ਮੇਰੇ ਜ਼ਿਹਨ ਵਿੱਚ ਸੁਲਤਾਨਾ ਆਪਾ ਦੀ ਇਹ ਪਹਿਲੀ ਤਸਵੀਰ ਹੈ।
‘ਇਨਕਲਾਬ’ ਵਿੱਚ ਮੇਰੀ ਤਨਖ਼ਾਹ ਇਕ ਸੌ ਵੀਹ ਰੁਪਏ ਸੀ। ਇੱਕ ਦਿਨ ਕਾਮਰੇਡ ਅਬਦੁਲ ਜ਼ੱਬਾਰ ਨੇ ਪੁੱਛਿਆ, “ਕੀ ਗੱਲ ਹੈ, ਬੜੇ ਉੱਜੜੇ-ਉੱਜੜੇ ਲੱਗ ਰਹੇ ਹੋ...?” ਮੈਂ ਜੇਬ੍ਹ ਅਤੇ ਦਿਲ ਦਾ ਸਾਰਾ ਹਾਲ ਸੁਣਾ ਦਿੱਤਾ। ਜ਼ੱਬਾਰ ਭਾਈ ਮੇਰੇ ਜਿਹੇ ਬਹੁਤ ਸਾਰੇ ਨੌਜਵਾਨਾਂ ਅਤੇ ਕੁਝ ਬਜ਼ੁਰਗਾਂ ਲਈ ਹਰ ਮਰਜ਼ ਦੀ ਦਵਾ ਸਨ। ਉਹ ਕਾਫ਼ੀ ਦੇਰ ਬਾਅਦ ਅਚਾਨਕ ਮੇਰੇ ਵੱਲ ਮੁੜੇ, ਮੁਸਕਰਾਏ ਅਤੇ ਕਹਿਣ ਲੱਗੇ, “ਛੱਡੋ ਜੀ, ਇਹ ਕੋਈ ਏਨੀ ਵੱਡੀ ਪ੍ਰਾਬਲਮ ਨਹੀਂ ਹੈ। ਕੋਈ ਰਸਤਾ ਕੱਢ ਲਵਾਂਗੇ, ਚਾਹ ਮੰਗਵਾਉ।”
ਉਹ ਇੱਕ ਸਵੇਰ ਮੈਨੂੰ ਲੈ ਕੇ ਨੇਪੀਅਨ ਸੀ ਰੋਡ ਪਹੁੰਚੇ ਜਿੱਥੇ ਸੋਵੀਅਤ ਇਨਫਰਮੇਸ਼ਨ ਦਾ ਦਫ਼ਤਰ ਸੀ। ਜ਼ੱਬਾਰ ਭਾਈ ਉੱਥੇ ਬੈਠੇ ਲੋਕਾਂ ਨੂੰ ਅਤੇ ਸਭ ਲੋਕ ਉਨ੍ਹਾਂ ਨੂੰ ਜਾਣਦੇ ਸਨ। ਅਸੀਂ ਇੱਕ ਕਮਰੇ ਵਿੱਚ ਗਏ ਜਿੱਥੇ ਕਾਗਜ਼ਾਂ, ਕਿਤਾਬਾਂ ਅਤੇ ਅਖ਼ਬਾਰਾਂ ਦੇ ਢੇਰ ਪਿੱਛੇ ਇੱਕ ਕੁਰਸੀ ’ਤੇ ਸੁਲਤਾਨਾ ਆਪਾ ਬੈਠੇ ਸਨ। ਉਹ ਸੀਨੀਅਰ ਐਡੀਟਰ ਸਨ। ਉਰਦੂ-ਇੰਗਲਿਸ਼ ਦੇ ਡਿਪਾਰਟਮੈਂਟ ਉਨ੍ਹਾਂ ਕੋਲ ਸਨ। ਆਪਾ ਨੇ ਮੈਨੂੰ ਬਹੁਤ ਹਮਦਰਦੀ ਤੇ ਪਿਆਰ ਨਾਲ ਦੇਖਦਿਆਂ ਚਾਹ ਪੁੱਛੀ। ਮੈਨੂੰ ਚਾਹ ਦੇ ਕੇ ਜ਼ੱਬਾਰ ਭਾਈ ਨਾਲ ਗੱਲਾਂ ਕਰਨ ਲੱਗੇ। ਨਾ ਉਨ੍ਹਾਂ ਨੇ ਮੇਰੇ ਤੋਂ ਕੁਝ ਪੁੱਛਿਆ, ਨਾ ਮੈਨੂੰ ਦੱਸਿਆ। ਅਸੀਂ ਜਾਣ ਲੱਗੇ ਤਾਂ ਆਪਾ ਨੇ ਚਾਰ-ਪੰਜ ਲੇਖ ਮੈਨੂੰ ਦਿੱਤੇ, “ਇਨ੍ਹਾਂ ਨੂੰ ਅਨੁਵਾਦ ਕਰ ਕੇ ਲੈ ਆਉਣਾ, ਪਰ ਜ਼ਬਾਨ ਜ਼ਰਾ ਸੌਖੀ ਲਿਖਣਾ।” ਆਪਾ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ।
ਰੂਸੀ ਲੇਖਾਂ ਦੇ ਅੰਗਰੇਜ਼ੀ ਦੇ ਇੱਕ ਪੰਨੇ ਦਾ ਅਨੁਵਾਦ ਕਰਨ ਦੇ ਸੱਤ ਰੁਪਏ ਮਿਲਦੇ ਸਨ। ਦਸ-ਪੰਜ ਮਿੰਟ ਦੀ ਮਿਹਨਤ ਦਾ ਇਹ ਮਿਹਨਤਾਨਾ ਮਾੜਾ ਨਹੀਂ ਸੀ ਪਰ ਮੁਸ਼ਕਿਲ ਇਹ ਸੀ ਕਿ ਸੁਲਤਾਨਾ ਆਪਾ ਕਿਸੇ ਇੱਕ ਨੂੰ ਜ਼ਿਆਦਾ ਕੰਮ ਦੇ ਕੇ ਤਰਫ਼ਦਾਰੀ ਦਾ ਇਲਜ਼ਾਮ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ ਸਨ। ਮਹੀਨੇ ਵਿੱਚ ਦੋ-ਚਾਰ ਵਾਰ ਚਲਾ ਜਾਂਦਾ ਜੋ ਲੇਖ ਹੱਥ ਆਉਂਦਾ ਚੁੱਕ ਲਿਆਉਂਦਾ। ਕਦੇ-ਕਦੇ ਬੰਬਈ ਵਾਲਿਆਂ ਦੇ ਕਹਿਣ ਅਨੁਸਾਰ ਖਾਣ-ਪੀਣ ਦੇ ਵਾਂਦੇ (ਫ਼ਾਕੇ) ਹੋ ਜਾਂਦੇ। ਅਜਿਹੇ ਮੌਕਿਆਂ ’ਤੇ ਦੋ ਹੀ ਸਹਾਰੇ ਸਨ, ਆਲ ਇੰਡੀਆ ਰੇਡੀਉ ਜਾਂ ਫੇਰ ਸੁਲਤਾਨਾ ਆਪਾ। ਆਪਾ ਮੂੰਹ ਦੇਖ ਕੇ ਜੇਬ ਦਾ ਹਾਲ ਪਤਾ ਲਾ ਲੈਂਦੇ। ਕਦੇ-ਕਦੇ ਝਿੜਕ ਵੀ ਦਿੰਦੇ, ‘‘ਭਈ, ਤੁਸੀਂ ਤਾਂ ਮੈਨੂੰ ਨੌਕਰੀ ਤੋਂ ਹੀ ਕਢਵਾਉਗੇ। ਹਾਲੇ ਅੱਠ ਦਿਨ ਪਹਿਲਾਂ ਹੀ ਤਾਂ...’’ ਫਿਰ ਉਹ ਕੋਈ ਲੇਖ ਫੜਾਉਂਦਿਆਂ ਕਹਿੰਦੇ, ‘‘ਚੱਲੋ ਉਸ ਕੋਨੇ ਵਿੱਚ ਬੈਠ ਕੇ ਛੇਤੀ ਅਨੁਵਾਦ ਕਰ ਦਿਉ।’’ ਮੈਂ ਦੋ-ਚਾਰ ਕਾਗਜ਼ ਕਾਲੇ ਕਰਦਾ ਅਤੇ ਆਪਾ ਕੋਲ ਪਹੁੰਚ ਜਾਂਦਾ। ਆਪਾ ਲੇਖ ਦੇਖਦੇ, ਕਾਗਜ਼ ’ਤੇ ਨੋਟ ਬਣਾ ਕੇ ਕਹਿੰਦੇ, ‘‘ਛੇਤੀ ਛੇਤੀ, ਤੇਜ਼ੀ ਨਾਲ ਭੱਜੋ, ਬਾਨੂਵਾ ਕੋਲ (ਮਿਹਨਤਾਨਾ ਲੈਣ) ਚਲੇ ਜਾਉ, ਵਰਨਾ ਉਹ ਨਿਕਲ ਜਾਵੇਗੀ।’’
ਸ਼ੁਰੂ-ਸ਼ੁਰੂ ਵਿੱਚ ਆਪਾ ਨਾਲ ਹੋਈਆਂ ਮੁਲਾਕਾਤਾਂ ਰਸਮੀ ਅਤੇ ਕਾਰੋਬਾਰੀ ਸਨ। ਹੌਲੀ-ਹੌਲੀ ਇਹ ਦੂਰੀ ਘਟਦੀ ਗਈ। ਅਕਸਰ ਅਸੀਂ ਆਪਸ ਵਿੱਚ ਗੱਲਾਂ ਕਰਦੇ। ਆਪਾ ਲਖਨਊ ਦੇ ਰਹਿਣ ਵਾਲੇ ਸਨ। ਇਸ ਲਈ ਬਹੁਤ ਸਭਿਅਕ ਭਾਸ਼ਾ ਬੋਲਦੇ ਸਨ। ਲਹਿਜ਼ਾ ਮੱਧਮ, ਠਹਿਰਿਆ ਹੋਇਆ। ਆਵਾਜ਼ ਮਿਠਾਸ ਭਰੀ। ਉਨ੍ਹਾਂ ਦੀਆਂ ਗੱਲਾਂ ਵਿੱਚ ਇਸਮਤ ਆਪਾ (ਇਸਮਤ ਚੁਗਤਾਈ) ਵਾਲੀਆਂ ਚੁਟਕੀਆਂ ਤਾਂ ਨਹੀਂ ਹੁੰਦੀਆਂ ਸਨ ਪਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇੱਕ-ਅੱਧ ਫ਼ਿਕਰਾ ਉਨ੍ਹਾਂ ਦੀ ਹਾਜ਼ਰ-ਜਵਾਬੀ ਅਤੇ ਹਾਜ਼ਰ-ਦਿਮਾਗ਼ੀ ਦਾ ਸਬੂਤ ਹੁੰਦਾ ਸੀ। ਅਮੇਠੀ ਦੇ ਇੱਕ ਖ਼ਾਨਦਾਨੀ ਰਈਸ ਮਿਨਹਾਜੂਦੀਨ ਉਨ੍ਹਾਂ ਦੇ ਪਿਤਾ ਸਨ। ਉਹ ਛੇ ਭੈਣਾਂ ਸਨ ਜਿਨ੍ਹਾਂ ਵਿੱਚੋਂ ਤਿੰਨ ਯਾਨੀ ਸੁਲਤਾਨਾ, ਖ਼ਦੀਜਾ ਅਤੇ ਆਮਨਾ ਈਜ਼ਾਬੇਲਾ ਥੋਬਰਨ (ਆਈਟੀ) ਕਾਲਜ ਲਖਨਊ ਵਿੱਚ ਪੜ੍ਹਦੀਆਂ ਸਨ ਅਤੇ ਮਿਨਹਾਜ ਸਿਸਟਰਜ਼ ਦੇ ਨਾਂਅ ਨਾਲ ਮਸ਼ਹੂਰ ਸਨ। ਇਹ ਤਿੰਨੋਂ ਭੈਣਾਂ ਪੜ੍ਹਨ-ਲਿਖਣ ਦੇ ਨਾਲ-ਨਾਲ ਦੂਜੀਆਂ ਸਰਗਰਮੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਸਨ।
ਹਰ ਸਾਲ ਦਿੱਲੀ ਵਿੱਚ ਯੂਥ ਫੈਸਟੀਵਲ ਹੁੰਦਾ ਤਾਂ ਲਖਨਊ ਦੀ ਨੁਮਾਇੰਦਗੀ ਕਰਨ ਵਾਲਿਆਂ ਵਿੱਚ ਸੁਲਤਾਨਾ ਮਿਨਹਾਜ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ। ਯੂਥ ਫੈਸਟੀਵਲ ਵਿੱਚ ਹੀ ਅਲੀਗੜ੍ਹ ਦੇ ਤੇਜ਼-ਤਰਾਰ (ਹੁਸ਼ਿਆਰ), ਤਿੱਖੇ ਭਾਸ਼ਨ ਦੇਣ ਵਾਲੇ ਅਲੀ ਸਰਦਾਰ ਜਾਫ਼ਰੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ। ਦੋਵੇਂ ਇੱਕ-ਦੂਜੇ ਦੇ ਮੁਕਾਬਲੇ ’ਤੇ ਸਨ। ਸਰਦਾਰ ਜਾਫ਼ਰੀ ਨੇ ਬਹਿਸ ਵਿੱਚ ਦਲੀਲਾਂ ਨਾਲ ਧੱਜੀਆਂ ਉਡਾ ਦਿੱਤੀਆਂ ਅਤੇ ਸੁਲਤਾਨਾ ਦਾ ਗਰੁੱਪ ਹਾਰ ਗਿਆ ਪਰ ਸੁਲਤਾਨਾ ਨਹੀਂ ਹਾਰੇ। ਉਨ੍ਹਾਂ ਨੇ ਰਾਤ ਨੂੰ ਕੈਂਪ ਫ਼ਾਇਰ ਮੌਕੇ ਸਰਦਾਰ ਜਾਫ਼ਰੀ ਨੂੰ ਆਪਣੇ ਸਟੈਂਡ ਦੀ ਹਮਾਇਤ ਵਿੱਚ ਅਜਿਹੀਆਂ-ਅਜਿਹੀਆਂ ਦਲੀਲਾਂ ਦਿੱਤੀਆਂ ਕਿ ਸਰਦਾਰ ਜਾਫ਼ਰੀ ਦਾ ਮੂੰਹ ਖੁੱਲ੍ਹਾ ਰਹਿ ਗਿਆ। ਉਨ੍ਹਾਂ ਨੇ ਹੈਰਾਨੀ ਨਾਲ ਪੁੱਛਿਆ, ‘‘ਓ ਬਈ, ਤੁਸੀਂ ਇਹ ਸਾਰੀਆਂ ਦਲੀਲਾਂ ਉਸ ਸਮੇਂ ਸਟੇਜ ’ਤੇ ਕਿਉਂ ਨਹੀਂ ਦਿੱਤੀਆਂ?’’ ਸੁਲਤਾਨਾ ਇਕਦਮ ਚੁੱਪ ਹੋ ਗਏ। ਸਰਦਾਰ ਜਾਫ਼ਰੀ ਦੇ ਵਾਰ-ਵਾਰ ਪੁੱਛਣ ’ਤੇ ਉਨ੍ਹਾਂ ਨੇ ਸ਼ਰਮਿੰਦਾ-ਜਿਹਾ ਜਵਾਬ ਦਿੱਤਾ, ‘‘ਉਸ ਸਮੇਂ ਮੈਂ ਭੁੱਲ ਗਈ ਸੀ।’’
... ... ...
ਆਪਾ ਨੇ ਪੋਲੀਟੀਕਲ ਸਾਇੰਸ ਦੀ ਐਮ.ਏ. ਕੀਤੀ ਸੀ। ਉਨ੍ਹਾਂ ਦਾ ਵਿਆਹ ਫ਼ੌਜੀ ਅਫ਼ਸਰ ਸ਼ਹਾਬੁਦੀਨ ਕੁਰੈਸ਼ੀ ਨਾਲ ਹੋਇਆ ਸੀ ਜਿਹੜੇ ਉਨ੍ਹਾਂ ਦੇ ਚਚੇਰੇ ਭਰਾ ਵੀ ਸਨ। ਉਸ ਵਿਆਹ ਤੋਂ ਬੇਟੀ ਦੁਰਦਾਨਾ (ਗੁੱਡੀ) ਪੈਦਾ ਹੋਈ ਪਰ ਰਿਸ਼ਤਾ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਿਆ। ਗੁੱਡੂ ਤਿੰਨ ਚਾਰ ਵਰ੍ਹਿਆਂ ਦੀ ਸੀ, ਜਦੋਂ ਤਲਾਕ ਹੋ ਗਿਆ। ਆਪਾ ਨੇ ਆਲ ਇੰਡੀਆ ਰੇਡੀਉ ਵਿੱਚ ਨੌਕਰੀ ਕਰ ਲਈ। ਉਨ੍ਹਾਂ ਦੀ ਪੋਸਟਿੰਗ ਲਾਹੌਰ ਵਿੱਚ ਹੋਈ। ਉਸ ਸਮੇਂ ਦੇਸ਼ ਵੰਡ ਦੀਆਂ ਤਿਆਰੀਆਂ ਤਕਰੀਬਨ ਪੂਰੀਆਂ ਹੋ ਚੁੱਕੀਆਂ ਸਨ। ਦਿਨ ਗਿਣੇ ਜਾ ਰਹੇ ਸਨ। ਲਾਹੌਰ ਦੇ ਸਟੇਸ਼ਨ ਡਾਇਰੈਕਟਰ ਨੇ ਆਪਾ ਨੂੰ ਬੁਲਾਇਆ ਅਤੇ ਪੁੱਛਿਆ, ‘‘ਜੇਕਰ ਮੁਲਕ ਵੰਡਿਆ ਜਾਵੇਗਾ ਤਾਂ ਪੂਰੀ ਸੰਭਾਵਨਾ ਹੈ ਕਿ ਲਾਹੌਰ ਪਾਕਿਸਤਾਨ ਦਾ ਹਿੱਸਾ ਬਣੇਗਾ। ਤੁਸੀਂ ਆਪਣੇ ਧਰਮ ਵਾਲਿਆਂ ਨਾਲ ਇੱਥੇ ਰਹਿਣਾ ਪਸੰਦ ਕਰੋਗੇ ਜਾਂ...?’’ ਆਪਾ ਨੇ ਜੁਆਬ ਦਿੱਤਾ, ‘‘ਮੈਂ ਹਿੰਦੋਸਤਾਨ ਜਾਵਾਂਗੀ, ਸਰ, ਜਿਹੜਾ ਮੇਰਾ ਵਤਨ ਹੈ।’’ ਇਉਂ 1946 ਵਿੱਚ ਆਪਾ ਨੇ ਆਪਣਾ ਤਬਾਦਲਾ ਬੰਬਈ ਕਰਵਾ ਲਿਆ। ਉੱਥੇ ਉਨ੍ਹਾਂ ਨੇ ਆਲ ਇੰਡੀਆ ਰੇਡੀਉ ਦੇ ਕੰਮਾਂ ਨਾਲੋਂ ਜ਼ਿਆਦਾ ਅੰਜੁਮਨੇ-ਤਰੱਕੀਪਸੰਦ ਮੁਸਨਫ਼ੀਨ (ਪ੍ਰਗਤੀਸ਼ੀਲ ਲੇਖਕ ਸਭਾ) ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਸ ਸਮੇਂ ਤਰੱਕੀਪਸੰਦ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਲੋਕ ਬੰਬਈ ਵਿੱਚ ਇਕੱਠੇ ਸਨ ਅਤੇ ਉਨ੍ਹਾਂ ਵਿੱਚ ਅਲੀ ਸਰਦਾਰ ਜਾਫ਼ਰੀ ਵੀ ਸਨ। ਸੁਲਤਾਨਾ ਆਪਾ ਕਮਿਊਨਿਸਟ ਪਾਰਟੀ ਦੇ ਨੇੜੇ ਆਉਣ ਲੱਗੇ ਅਤੇ ਸਰਦਾਰ ਜਾਫ਼ਰੀ ਸੁਲਤਾਨਾ ਆਪਾ ਦੇ। 1948 ਵਿੱਚ ਸਾਦੇ ਜਿਹੇ ਸਮਾਰੋਹ ਵਿੱਚ ਉਹ ਸੁਲਤਾਨਾ ਜਾਫ਼ਰੀ ਬਣ ਗਏ।
ਕਦੇ-ਕਦੇ ਮੈਂ ਲੇਖ ਲੈਣ ਲਈ ਸੋਵੀਅਤ ਇਨਫਰਮੇਸ਼ਨ ਜਾਂਦਾ ਤਾਂ ਫ਼ਰੀਦਾ ਨੂੰ ਵੀ ਲੈ ਜਾਂਦਾ। ਆਪਾ ਵਾਰ-ਵਾਰ ਪੁੱਛਦੇ, ‘‘ਓ ਬਈ, ਤੁਸੀਂ ਵਿਆਹ ਕਦੋਂ ਕਰਵਾ ਰਹੇ ਹੋ?’’ ਮੈਂ ਕਿਹਾ, ‘‘ਆਪਾ, ਏਨੀ ਘੱਟ ਤਨਖ਼ਾਹ ਹੈ, ਉਪਰੋਂ ਜਿਹੜੀ ਇਨਕਮ ਹੁੰਦੀ ਹੈ, ਉਹ ਵੀ ਤੁਸੀਂ ਜਾਣਦੇ ਹੋ। ਸਿਰ ਉਪਰ ਆਪਣੀ ਛੱਤ ਵੀ ਨਹੀਂ। ਫ਼ਰੀਦਾ ਤਾਂ ਆਪਣੇ ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਵੀ ਵਿਆਹ ਕਰਵਾਉਣ ਲਈ ਤਿਆਰ ਹੈ ਪਰ ਉਸ ਦਾ ਸੁਆਲ ਵੀ ਇਹੀ ਹੈ ਕਿ ਵਿਆਹ ਤੋਂ ਬਾਅਦ ਰਹਾਂਗੇ ਕਿੱਥੇ?’’
ਆਪਾ ਕਹਿਣ ਲੱਗੇ, ‘‘ਸਭ ਹੋ ਜਾਂਦਾ ਹੈ, ਹਿੰਮਤ ਹੋਣੀ ਚਾਹੀਦੀ ਹੈ। ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਸਰਦਾਰ ਕੋਲ ਕਿਹੜਾ ਬੰਗਲੇ ਸਨ। ਅੰਧੇਰੀ ਕਮਿਊਨ ਵਿੱਚ ਰਹਿੰਦੇ ਸਾਂ ਅਸੀਂ, ਸਰਦਾਰ ਪਾਰਟੀ ਦੇ ਫੁੱਲ ਟਾਈਮਰ ਸਨ, ਉਨ੍ਹਾਂ ਨੂੰ ਸੌ ਰੁਪਿਆ ਮਹੀਨਾ ਮਿਲਦਾ ਸੀ ਅਤੇ ਮੇਰੀ ਤਨਖ਼ਾਹ 240 ਰੁਪਏ ਸੀ।’’
ਇਹ ਹਕੀਕਤ ਹੈ ਕਿ ਵਿਆਹ ਮਗਰੋਂ ਆਪਾ ਅਤੇ ਜਾਫ਼ਰੀ ਸਾਹਿਬ ਕਾਫ਼ੀ ਭਟਕਦੇ ਰਹੇ ਪਰ ਮਾਯੂਸ ਨਹੀਂ ਹੋਏ। ਪਹਿਲਾਂ ਅੰਧੇਰੀ ਕਮਿਊਨ ਵਿੱਚ ਰਹਿੰਦੇ ਸਨ। ਫਿਰ ਸਰਦਾਰ ਜਾਫ਼ਰੀ ਦੇ ਕੰਮ ਕਰਨ ਦਾ ਹਲਕਾ ਲਾਲ ਬਾਗ਼ ਪਰੇਲ ਦੀਆਂ ਮਿੱਲਾਂ ਤੋਂ ਲੈ ਕੇ ਮਦਨਪੁਰਾ ਨਾਗਪਾੜੇ ਤੱਕ ਹੋਣ ਕਰਕੇ ਪਾਰਟੀ ਨੇ ਦਾਦਰ ਵਿੱਚ ਇੱਕ ਕਮਰਾ ਦੇ ਦਿੱਤਾ। ਫਿਰ ਬਾਅਦ ਵਿੱਚ ਉਨ੍ਹਾਂ ਨੂੰ ਖੇਤਵਾੜੀ ਵਿੱਚ ਰੈਡ ਫਲੈਗ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ।
ਸੁਲਤਾਨਾ ਜਾਫ਼ਰੀ ਰੈਡ ਫਲੈਗ ਹਾਲ ਵਿੱਚ ਲੰਘੇ ਆਪਣੇ ਦਿਨਾਂ ਦੇ ਕਿੱਸੇ ਸੁਣਾਉਂਦੇ। ਉਨ੍ਹਾਂ ਦੱਸਿਆ, ‘‘ਕੈਫ਼ੀ ਆਜ਼ਮੀ ਅਤੇ ਮੋਤੀ (ਸ਼ੌਕਤ ਕੈਫ਼ੀ) ਸਾਹਮਣੇ ਕਮਰੇ ਵਿੱਚ ਰਹਿੰਦੇ ਸਨ। ਮੋਤੀ ਬਹੁਤ ਸੁਘੜ ਹੈ। ਉਸ ਨੇ ਆਪਣੀ ਛੋਟੀ ਜਿਹੀ ਬਾਲਕੋਨੀ ਨੂੰ ਕਿਚਨ ਬਣਾ ਲਿਆ ਸੀ। ਜਦੋਂ ਵੀ ਉਸਦੇ ਕਮਰੇ ’ਚੋਂ ਖਾਣੇ ਦੀ ਖ਼ੁਸ਼ਬੂ ਆਉਂਦੀ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ।’’
‘‘ਖਾਣੇ ’ਤੇ ਗੁੱਸਾ ਕਿਉਂ ਆਉਂਦਾ ਸੀ?’’ ‘‘ਭਾਈ, ਮੈਨੂੰ ਆਮਲੇਟ ਤੋਂ ਇਲਾਵਾ ਕੁਝ ਬਣਾਉਣਾ ਨਹੀਂ ਆਉਂਦਾ। ਕਦੇ-ਕਦੇ ਕੋਰਮਾ ਅਤੇ ਕੀਮਾ ਬਣਾਉਂਦੀ ਜਾਂ ਮਾਂਹ ਦੀ ਧੁਲੀ ਦਾਲ।’’ ‘‘ਓਹ! ਤੁਸੀਂ ਕਿਹੋ ਜਿਹੇ ਲਖਨਊ ਵਾਲੇ ਹੋ। ਖਾਣਾ ਬਣਾਉਣਾ ਨਹੀਂ ਜਾਣਦੇ?’’
‘‘ਭਾਈ, ਇਹ ਸਾਡੀ ਖ਼ਾਨਦਾਨੀ ਮਜਬੂਰੀ ਹੈ। ਸਾਡੀ ਅੰਮਾ ਨੂੰ ਵੀ ਭੋਜਨ ਬਣਾਉਣਾ ਨਹੀਂ ਆਉਂਦਾ ਸੀ ਅਤੇ ਨਾ ਸਾਡੀ ਧੀ ਨੂੰ ਆਉਂਦਾ ਹੈ। ਪਰ ਲਖਨਊ ਦਾ ਏਨਾ ਅਸਰ ਜ਼ਰੂਰ ਹੈ ਕਿ ਚੰਗੇ ਖਾਣੇ ਦੇ ਸ਼ੌਕੀਨ ਹਾਂ ਅਤੇ ਇਸ ਲਾਲਚ ਵਿੱਚ ਕਿਤੇ ਵੀ ਪਹੁੰਚ ਸਕਦੇ ਹਾਂ।’’
ਇਹ ‘ਸ਼ੌਕੀਨ’ ਵਾਲੀ ਗੱਲ ਜ਼ਰਾ ਕਾਬਿਲੇ-ਗ਼ੌਰ ਹੈ। ਸੁਲਤਾਨਾ ਆਪਾ ਚੰਗੇ ਖਾਣੇ ਦੇ ਹੀ ਨਹੀਂ, ਹਰ ਤਰ੍ਹਾਂ ਦੇ ਖਾਣੇ ਦੇ ਸ਼ੌਕੀਨ ਸਨ। ਇਸਮਤ ਆਪਾ ਉਨ੍ਹਾਂ ਨੂੰ ਚਟੋਰਾ ਕਿਹਾ ਕਰਦੇ ਸਨ, ਹਾਲਾਂਕਿ ਆਪ ਇਸਮਤ ਆਪਾ ਵੀ ਬਹੁਤ ਹੀ ਚਟੋਰੇ ਸਨ।
* * *
ਇੱਕ ਦਿਨ ਆਪਾ ਫ਼ਰੀਦਾ ਦੇ ਘਰ ਪਹੁੰਚ ਗਏ ਅਤੇ ਬਹੁਤ ਦੇਰ ਤੱਕ ਬੈਠੇ ਵੀ ਰਹੇ। ਉਦੋਂ ਤੱਕ ਮੈਂ ਆਪਣਾ ਸ਼ਾਮਨਾਮਾ ਉਰਦੂ ਰਿਪੋਰਟਰ ਕੱਢਣ ਲੱਗਾ ਸਾਂ ਜਿਹੜਾ ਗੋਡਿਆਂ ਭਾਰ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਰਕਾਰ ਨੇ ਦੋ ਕਮਰਿਆਂ ਦਾ ਘਰ ਵੀ ਦੇ ਦਿੱਤਾ ਸੀ ਅਤੇ ਫ਼ਰੀਦਾ ਦੇ ਘਰ ਵਾਲੇ ਵੀ ਤਕਰੀਬਨ ਰਾਜ਼ੀ ਹੋ ਗਏ ਸਨ।
ਦੇਖਣ ਨੂੰ ਤਾਂ ਸਭ ਕੁਝ ਠੀਕ ਸੀ। ਪਰ ਸੁਲਤਾਨਾ ਜਾਫ਼ਰੀ ਦੀ ਖਿਲਾਫ਼ਤ ਹਾਊਸ ਵਿੱਚ (ਜਿੱਥੇ ਫ਼ਰੀਦਾ ਦਾ ਪਰਿਵਾਰ ਰਹਿੰਦਾ ਸੀ) ਫ਼ਰੀਦਾ ਦੇ ਖ਼ਾਨਦਾਨ ਵਾਲਿਆਂ ਨਾਲ ਮੁਲਾਕਾਤ ਮੈਨੂੰ ਇਸ ਲਈ ਡਰਾ ਰਹੀ ਸੀ ਕਿ ਆਪਾ ਇਕਦਮ ਹੀ ਮੂੰਹਫਟ ਸਨ। ਰੱਬ ਜਾਣੇ ਕੀ ਕਹਿ ਦਿੱਤਾ ਹੋਵੇ ਅਤੇ ਮੇਰੀ ਮੁਹੱਬਤ ਦੀ ਕਹਾਣੀ ਦਾ ਦੁਖਾਂਤਕ ਅੰਤ ਹੋ ਜਾਵੇ।
ਮੈਂ ਉਨ੍ਹਾਂ ਦੇ ਦਫ਼ਤਰ ਪਹੁੰਚਿਆ ਤਾਂ ਕੁਝ ਜ਼ਿਆਦਾ ਹੀ ਖ਼ੁਸ਼ ਦਿਖਾਈ ਦਿੱਤੇ। ਕੁਝ ਗੱਲਾਂ ਮਜ਼ਾਹ ਪਿੱਛੋਂ ਆਪਾ ਸੰਜੀਦਾ ਹੋ ਗਏ, “ਜਾਵੇਦ, ਹੁਣ ਤੂੰ ਆਪਣੇ ਵਿਆਹ ਦਾ ਐਲਾਨ ਕਰਦੇ। ਚੰਗਾ ਜਿਹਾ ਰਿਸੈਪਸ਼ਨ ਦੇ। ਮੈਂ ਸ਼ਹਾਬੂਦੀਨ ਦਮਨਵੀ ਨੂੰ ਕਹਿ ਦਿਆਂਗੀ, ਉਹ ਸਾਬੂ ਸਿਦੀਕ ਦਾ ਹਾਲ ਦੇ ਦੇਵੇਗਾ। ਸਰਦਾਰ ਦਾ ਦੋਸਤ ਹੈ, ਪੈਸੇ ਵੀ ਨਹੀਂ ਲਵੇਗਾ। ਦਸ ਫਰਵਰੀ ਬਹੁਤ ਚੰਗੀ ਤਾਰੀਖ਼ ਹੈ, ਬ੍ਰਤੋਲਤ ਬ੍ਰੈਖ਼ਤ ਦੀ ਵਰ੍ਹੇਗੰਢ ਹੈ।”
“ਬ੍ਰਤੋਲਤ ਬ੍ਰੈਖ਼ਤ ਨਾਲ ਮੇਰਾ ਕੀ ਸੰਬੰਧ?” “ਬ੍ਰੈਖ਼ਤ ਦਾ ਸਬੰਧ ਹਰ ਪ੍ਰਗਤੀਸ਼ੀਲ ਨਾਲ ਹੈ। ਮੈਂ ਦਮਨਵੀ ਨੂੰ ਫ਼ੋਨ ਕਰਾਂ? ਫਰਵਰੀ ਦੋ ਮਹੀਨੇ ਦੂਰ ਹੈ। ਏਨੇ ਦਿਨਾਂ ਵਿੱਚ ਬਹੁਤ ਕੁਝ ਹੋ ਸਕਦਾ ਹੈ। ਤੂੰ ਕੱਲ੍ਹ ਆਵੀਂ ਅਤੇ ਦੱਸੀਂ ਕੀ ਕਮੀ ਹੈ, ਫਿਰ ਗੱਲ ਕਰਾਂਗੇ।”
ਮੈਂ ਰਾਤ ਭਰ ਸੌਂ ਨਾ ਸਕਿਆ। ਆਪਾ ਦੀ ਮੁਹੱਬਤ ਸਿਰ-ਅੱਖਾਂ ’ਤੇ, ਪਰ ਉਨ੍ਹਾਂ ਨੇ ਤਾਂ ਅਲਟੀਮੇਟਮ ਦੇ ਦਿੱਤਾ।
ਦੂਜੇ ਦਿਨ ਪਹੁੰਚਿਆ ਤਾਂ ਆਪਾ ਮੀਟਿੰਗ ਵਿੱਚ ਸਨ। ਚਾਰ ਵਜੇ ਦੇ ਨੇੜੇ ਆਪਾ ਬਾਹਰ ਆਏ। ਰਾਤ ਭਰ ਜਾਗਣ ਅਤੇ ਪੰਜ ਘੰਟੇ ਇੰਤਜ਼ਾਰ ਕਰਨ ਦੀ ਕਹਾਣੀ ਮੇਰੇ ਚਿਹਰੇ ’ਤੇ ਲਿਖੀ ਹੋਈ ਸੀ। ਆਪਾ ਨੇ ਮੁਆਫ਼ੀ ਮੰਗੀ ਅਤੇ ਮੇਰੀ ਬਣਾਈ ਸੂਚੀ ਦੇਖੀ। ਕਹਿਣ ਲੱਗੇ, “ਸਾਰਾ ਬੰਦੋਬਸਤ ਤਾਂ ਹੈ, ਹੋਰ ਕੀ ਚਾਹੀਦਾ ਹੈ?” ਮੈਂ ਕਿਹਾ, “ਮੇਰੇ ਵੱਲੋਂ ਦੋ-ਚਾਰ ਜੋੜੇ ਅਤੇ ਕੁਝ ਗਹਿਣੇ ਵੀ ਤਾਂ ਹੋਣੇ ਚਾਹੀਦੇ ਹਨ।” “ਮਾਰਕਸਿਸਟ ਪਤਨੀਆਂ ਗਹਿਣੇ ਨਹੀਂ ਪਾਉਂਦੀਆਂ...।” ਮੈਂ ਝੁੰਜਲਾ ਕੇ ਕਿਹਾ, “ਫ਼ਰੀਦਾ ਮਾਰਕਸਿਸਟ ਨਹੀਂ ਹੈ ਅਤੇ ਨਾ ਹੀ ਉਸ ਦੇ ਪਰਿਵਾਰ ਵਾਲੇ...।” ਆਪਾ ਨੇ ਠਹਾਕਾ ਲਾਇਆ ਅਤੇ ਕਹਿਣ ਲੱਗੇ, “ਫੁੱਲਾਂ ਦੇ ਗਹਿਣੇ ਪੁਆਉ, ਫੁੱਲਾਂ ਦੇ...”
ਫੁੱਲ ਆਪਾ ਦੀ ਕਮਜ਼ੋਰੀ ਸਨ, ਖ਼ਾਸ ਤੌਰ ’ਤੇ ਮੋਗਰੇ ਦੇ। ਜਦੋਂ ਵੀ ਮੋਗਰੇ ਦੀਆਂ ਲੜੀਆਂ ਮਿਲ ਜਾਂਦੀਆਂ, ਉਨ੍ਹਾਂ ਦੇ ਕੰਗਣ ਬਣਾ ਕੇ ਪਾਉਂਦੇ, ਵਾਲਾਂ ਵਿੱਚ ਲਾਉਂਦੇ ਅਤੇ ਬਹੁਤ ਸਾਰੀਆਂ ਕਲੀਆਂ ਚਾਂਦੀ ਦੀਆਂ ਵਾਲੀਆਂ ਵਿੱਚ ਪਰੋ ਕੇ ਕੰਨਾਂ ਵਿੱਚ ਲਟਕਾ ਲੈਂਦੇ।
1995 ਦੀ ਗੱਲ ਹੈ। ਅਲੀਗੜ੍ਹ ਵਿੱਚ ਮੈਰਿਸ ਰੋਡ ’ਤੇ ਮੋਗਰਾ ਦਿੱਸਿਆ ਤਾਂ ਰਿਕਸ਼ਾ ਤੋਂ ਹੇਠਾਂ ਉਤਰ ਗਏ। ਬੁੱਕਲ ਭਰ ਕਲੀਆਂ ਖਰੀਦੀਆਂ। ਰਿਕਸ਼ੇ ਵਿੱਚ ਬੈਠ ਕੇ ਮੋਗਰੇ ਦੀਆਂ ਵਾਲੀਆਂ ਬਣਾਉਣ ਲੱਗੇ। ਝਟਕਾ ਲੱਗਿਆ। ਡਿੱਗੇ ਕੁਝ ਫੁੱਲ ਚੁੱਕਣ ਲਈ ਆਪਾ ਸੜਕ ’ਤੇ ਇੰਝ ਡਿੱਗੇ ਕਿ ਹੱਥ ਦੀ ਹੱਡੀ ਤਿੰਨ ਥਾਂ ਤੋਂ ਟੁੱਟ ਗਈ, ਪਰ ਮੋਗਰੇ ਦੇ ਫੁੱਲ ਹੱਥਾਂ ’ਚੋਂ ਨਹੀਂ ਛੁੱਟੇ।
ਇਹ ਫੁੱਲਾਂ ਵਾਲੀ ਗੱਲ ਦਾ ਤਾਂ ਐਵੇਂ ਹੀ ਜ਼ਿਕਰ ਆ ਗਿਆ। ਅਸਲ ਮਸਲਾ ਇਹ ਸੀ ਕਿ ਆਪਾ ਮੇਰਾ ਵਿਆਹ ਕਰਵਾਉਣ ’ਤੇ ਤੁਲੇ ਹੋਏ ਸਨ। ਹੱਥ ਤੰਗ ਹੋਣ ਕਰਕੇ ਮੈਂ ਰਾਤਾਂ ਨੂੰ ਜਾਗ ਕੇ ਇਹੀ ਸੋਚ ਰਿਹਾ ਸਾਂ ਕਿ ਕਿਸ ਜੰਜਾਲ ਵਿੱਚ ਫ਼ਸ ਗਿਆ ਹਾਂ। ਮੈਂ ਕਈ ਦਿਨਾਂ ਤੱਕ ਨਹੀਂ ਗਿਆ ਤਾਂ ਆਪਾ ਦਾ ਫ਼ੋਨ ਆਇਆ, “ਕੀ ਹੋਇਆ, ਬਿਮਾਰ ਹੋ?” “ਜੀ ਨਹੀਂ, ਰੁੱਝਿਆ ਸਾਂ।”
“ਮੈਂ ਦਮਨਵੀ ਨੂੰ ਫ਼ੋਨ ਕਰ ਦਿੱਤਾ ਹੈ। ਦਸ ਫ਼ਰਵਰੀ ਨੂੰ ਛੋਟਾ ਹਾਲ ਮਿਲ ਜਾਵੇਗਾ।”
ਮੇਰੇ ਹੱਥ-ਪੈਰ ਸੱਚਮੁਚ ਠੰਢੇ ਹੋ ਗਏ। ਸੋਨੇ ’ਤੇ ਸੁਹਾਗਾ ਸੀ ਕਿ ਕਾਮਰੇਡ ਹਮੀਦ ਮਿਲ ਗਏ। ਪੀਰਖ਼ਾਨ ਸਟਰੀਟ ਵਿੱਚ ਟੇਲਰਿੰਗ ਦੀ ਦੁਕਾਨ ਸੀ। ਨਮਾਜ਼ ਪਾਬੰਦੀ ਨਾਲ ਪੜ੍ਹਦੇ ਅਤੇ ਕਮਿਊਨਿਸਟ ਪਾਰਟੀ ਦੇ ਸਰਗਰਮ ਕਾਰਜਕਰਤਾ ਵੀ ਸਨ। ਮੈਨੂੰ ਦੇਖ ਕੇ ਉਨ੍ਹਾਂ ਨੇ ਮੁਸਕਰਾ ਕੇ ਪੁੱਛਿਆ, “ਤੂੰ ਵਿਆਹ ਕਰਵਾ ਰਿਹਾ ਏਂ?”
“ਤੁਹਾਨੂੰ ਕਿਸ ਨੇ ਦੱਸਿਆ?”
‘‘ਸੁਲਤਾਨਾ ਆਪਾ ਮਿਲੇ ਸਨ, ਉਹੀ ਦੱਸ ਰਹੇ ਸਨ। ਕੱਪੜਾ ਲਿਆ ਦੇਣਾ, ਸੂਟ ਅਸੀਂ ਸਿਉਂ ਦਿਆਂਗੇ। ਸਾਡੇ ਵੱਲੋਂ ਤੋਹਫ਼ਾ...।’’ ਗੱਲ ਕਾਮਰੇਡ ਹਮੀਦ ’ਤੇ ਖ਼ਤਮ ਹੋ ਜਾਂਦੀ ਤਾਂ ਵੀ ਗ਼ਨੀਮਤ ਸੀ। ਦੋ ਤਿੰਨ ਦਿਨਾਂ ’ਚ ਇਹ ਗੱਲ ਹਰ ਥਾਂ ਫੈਲ ਗਈ। ਮਾਨਯੋਗ ਸੁਲਤਾਨਾ ਜਾਫ਼ਰੀ, ਜਿਨ੍ਹਾਂ ਨੂੰ ਸੋਵੀਅਤ ਇਨਫਰਮੇਸ਼ਨ ਆਫ਼ਿਸ ਵਿੱਚ ਬੈਠ ਕੇ ਰੂਸ ਦੀ ਤਰੱਕੀ ਅਤੇ ਕਾਮਯਾਬੀ ਦੀਆਂ ਖ਼ਬਰਾਂ ਫ਼ੈਲਾਉਣੀਆਂ ਚਾਹੀਦੀਆਂ ਸਨ, ਇਨ੍ਹੀਂ ਦਿਨੀਂ ਜਾਵੇਦ ਸਿੱਦੀਕੀ ਦੇ ਵਿਆਹ ਦੀਆਂ ਖ਼ਬਰਾਂ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਸਨ।
ਮੈਂ ਬੜੇ ਖ਼ਰਾਬ ਮੂਡ ਵਿੱਚ ਆਪਾ ਦੇ ਕੋਲ ਪਹੁੰਚਿਆ। ਮੈਨੂੰ ਦੇਖਦੇ ਸਾਰ ਖਵਾਜਾ ਅਹਿਮਦ ਅੱਬਾਸ ਸਾਹਿਬ ਨੂੰ ਕਹਿਣ ਲੱਗੇ, “ਇਹ ਆਪਣੇ ਜਾਵੇਦ ਸਿੱਦੀਕੀ ਹਨ। ਦਸ ਫਰਵਰੀ ਨੂੰ ਇਨ੍ਹਾਂ ਦਾ ਵਿਆਹ ਹੈ।” ਮੈਂ ਭੜਕ ਕੇ ਕਹਿਣ ਲੱਗਾ, ‘‘ਵਿਆਹ ਕਿਵੇਂ ਹੋਵੇਗਾ, ਆਪਾ ਅਜੇ ਤੱਕ ਇੱਕ ਅੰਗੂਠੀ ਤੱਕ ਦਾ ਬੰਦੋਬਸਤ ਨਹੀਂ ਹੋਇਆ।’’
ਆਪਾ ਕੁਝ ਸੋਚਣ ਮਗਰੋਂ ਕਹਿਣ ਲੱਗੇ, ‘‘ਹੇਠਾਂ ਮੇਰਾ ਬੈਂਕ ਹੈ ਅਤੇ ਇਹ ਮੇਰਾ ਅਕਾਊਂਟ ਨੰਬਰ ਹੈ। ਜਾ ਕੇ ਪਤਾ ਕਰੋ, ਅਕਾਊਂਟ ਵਿੱਚ ਪੈਸੇ ਕਿੰਨੇ ਹਨ?’’
ਮੈਂ ਆਪਾ ਦੇ ਬੈਂਕ ਤੋਂ ਬੈਂਲੇਂਸ ਪਤਾ ਕੀਤਾ ਤਾਂ ਦਿਲ ਬੈਠ ਗਿਆ। ਅਕਾਊਂਟ ਵਿੱਚ ਸਿਰਫ਼ 800 ਰੁਪਏ ਸਨ। ਮੈਂ ਸੋਚਿਆ ਕਿ ਆਪਾ ਮੁਆਫ਼ੀ ਮੰਗ ਲੈਣਗੇ ਅਤੇ ਮੇਰੀ ਹਾਲਤ ਕੀ ਹੋਵੇਗੀ। ਮੈਂ ਦਫ਼ਤਰ ਪਹੁੰਚ ਕੇ ਥੱਕੇ ਲਹਿਜ਼ੇ ਵਿੱਚ ਕਿਹਾ, “ਤੁਹਾਡੇ ਅਕਾਊਂਟ ਵਿੱਚ ਤਾਂ ਪੈਸੇ ਹੀ ਨਹੀਂ ਹਨ, ਬੱਸ 800 ਰੁਪਏ ਪਏ ਹਨ।” ਉਨ੍ਹਾਂ ਦੇ ਮੱਥੇ ’ਤੇ ਕੋਈ ਵੱਟ ਨਾ ਪਿਆ, ਨਾ ਅੱਖਾਂ ਵਿੱਚ ਸ਼ਰਮਿੰਦਗੀ ਦਿਸੀ, ‘‘ਤਾਂ ਹੋਰ ਕਿੰਨਾ ਹੋਵੇਗਾ? ਤੁਹਾਡੀ ਕਿਸਮਤ ਚੰਗੀ ਹੈ ਕਿ ਏਨੇ ਵੀ ਬਚ ਗਏ, ਸੱਤ ਸੌ ਤੁਸੀਂ ਲੈ ਜਾਉ, ਸੌ ਰੁਪਏ ਛੱਡਣੇ ਜ਼ਰੂਰੀ ਹਨ, ਨਹੀਂ ਤਾਂ ਖਾਤਾ ਬੰਦ ਹੋ ਜਾਵੇਗਾ।’’
ਆਪਾ ਦੇ ਪੈਸਿਆਂ ਦੀ ਮਦਦ ਨਾਲ ਇੱਕ ਸੈੱਟ ਖ਼ਰੀਦਿਆ ਜਿਹੜਾ ਫ਼ਰੀਦਾ ਕੋਲ ਅੱਜ ਤੱਕ ਹੈ ਅਤੇ ਉਹ ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦਿੰਦੀ। ਇਹ ਉਸ ਦੇ ਵਿਆਹ ਦਾ ਨਜ਼ਰਾਨਾ ਹੈ ਅਤੇ ਇਸ ਨਾਲ ਆਪਾ ਦੀਆਂ ਯਾਦਾਂ ਜੁੜੀਆਂ ਹਨ। ਨਾ ਸੋਨਾ ਬੁੱਢਾ ਹੋਇਆ ਹੈ ਅਤੇ ਨਾ ਸੁਲਤਾਨਾ ਆਪਾ ਦੀ ਯਾਦ।
* * *
ਸਾਡੇ ਵਿਆਹ ਦੀ ਰਿਸੈਪਸ਼ਨ ਵਿੱਚ ਆਪਾ ਸ਼ਾਮਿਲ ਨਹੀਂ ਹੋ ਸਕੇ। ਜਾਫ਼ਰੀ ਸਾਹਿਬ ਨਾਲ ਕਿਤੇ ਬਾਹਰ ਗਏ ਹਨ। ਉਨ੍ਹਾਂ ਨੇ ਕਿਸੇ ਦੇ ਹੱਥ ਇੱਕ ਲਿਫ਼ਾਫ਼ਾ ਭੇਜਿਆ ਜਿਸ ਵਿੱਚ 51 ਰੁਪਏ ਸਨ ਅਤੇ ਇੱਕ ਕਾਗਜ਼ ’ਤੇ ਸਰਦਾਰ ਜਾਫ਼ਰੀ ਦੇ ਦੋ ਸ਼ਿਅਰ ਲਿਖੇ ਸਨ।
ਉਹ ਪਰਚਾ ਤਾਂ ਕਿਤੇ ਗੁੰਮ ਗਿਆ, ਉਹ ਸ਼ਿਅਰ ਵੀ ਹੁਣ ਯਾਦ ਨਹੀਂ। ਜਾਫ਼ਰੀ ਸਾਹਿਬ ਦੇ ਸ਼ਿਅਰ ਜ਼ਰਾ ਘੱਟ ਹੀ ਯਾਦ ਰਹਿੰਦੇ ਹਨ। ਇਸ ਗੱਲ ’ਤੇ ਸੁਲਤਾਨਾ ਆਪਾ ਨਾਲ ਕਈ ਵਾਰ ਬਹਿਸ ਹੋਈ ਕਿ ਸਰਦਾਰ ਜਾਫ਼ਰੀ ਸ਼ਾਇਰ ਚੰਗੇ ਹਨ, ਆਲੋਚਕ ਚੰਗੇ ਹਨ, ਸਾਹਿਤਕਾਰ ਚੰਗੇ ਹਨ ਜਾਂ ਲੀਡਰ ਬਹੁਤ ਚੰਗੇ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਪਾ ਦੀ ਕੀ ਰਾਇ ਹੋਵੇਗੀ। ਸਰਦਾਰ ਜਾਫ਼ਰੀ ਦਾ ਹਰ ਲਫ਼ਜ਼ ਉਨ੍ਹਾਂ ਨੂੰ ਤਾਂ ਧੁਰੋਂ ਉਤਰਿਆ ਲੱਗਦਾ ਸੀ। ਇੱਕ ਵਾਰੀਂ ਮੈਂ ਉਨ੍ਹਾਂ ਨੂੰ ਛੇੜਨ ਲਈ ਕਿਹਾ, “ਸਰਦਾਰ ਜਾਫ਼ਰੀ ਦੀ ਸ਼ਾਇਰੀ ਬੜੀ ਰੁੱਖੀ-ਫਿੱਕੀ ਸ਼ਾਇਰੀ ਹੁੰਦੀ ਹੈ। ਪੜ੍ਹ ਕੇ ਕੁਝ ਮਜ਼ਾ ਹੀ ਨਹੀਂ ਆਉਂਦਾ।” ਉਸ ਦਿਨ ਆਪਾ ਸੱਚਮੁਚ ਬੁਰਾ ਮੰਨ ਗਏ, ‘‘ਤੁਸੀਂ ਲੋਕਾਂ ਦੀਆਂ ਸੁਣੀਆਂ-ਸੁਣਾਈਆਂ ਗੱਲਾਂ ਨਾ ਦੁਹਰਾਇਆ ਕਰੋ। ਜਿਹੜੇ ਲੋਕ ਸਰਦਾਰ ਦੀ ਸ਼ਾਇਰੀ ਨੂੰ ਫਿੱਕੀ ਅਤੇ ਬੇ-ਮਜ਼ਾ ਕਹਿੰਦੇ ਹਨ, ਉਹ ਸ਼ਾਇਰੀ ਨਹੀਂ ਕਰਦੇ, ਬਰਫ਼ ਦੇ ਗੋਲੇ ਵੇਚਦੇ ਹਨ। ... ਮੇਰੇ ਖ਼ਿਆਲ ਵਿੱਚ ‘ਹਾਥੋਂ ਕਾ ਤਰਾਨਾ’ ਉਰਦੂ ਦੀਆਂ ਬੇਮਿਸਾਲ ਨਜ਼ਮਾਂ ਵਿੱਚੋਂ ਇੱਕ ਹੈ: ਇਨ ਹਾਥੋਂ ਕੀ ਤਾ’ਜ਼ੀਮ ਕਰੋ/ ਇਨ ਹਾਥੋਂ ਕੀ ਤਕਰੀਮ ਕਰੋ/ ਦੁਨੀਆ ਕੋ ਚਲਾਨੇ ਵਾਲੇ ਹੈਂ/ ਇਨ ਹਾਥੋਂ ਕੋ ਤਸਲੀਮ ਕਰੋ
ਕੀ ਤੁਸੀਂ ਇਸ ਨਜ਼ਮ ਦੀ ਅਹਿਮੀਅਤ ਅਤੇ ਵਿਸ਼ੇ ਦੀ ਸਚਾਈ ਤੋਂ ਇਨਕਾਰ ਕਰ ਸਕਦੇ ਹੋ?”
ਮੈਂ ਜੇਕਰ ਨਾਂਹ ਕਰਨਾ ਵੀ ਚਾਹੁੰਦਾ ਤਾਂ ਨਾ ਕਰਦਾ। ਆਪਾ ਦਾ ਦਿਲ ਦੁਖਾਉਣ ਤੋਂ ਵੱਡਾ ਗ਼ੁਨਾਹ ਕੋਈ ਦੂਸਰਾ ਨਹੀਂ ਹੋ ਸਕਦਾ।
ਸਰਦਾਰ ਜਾਫ਼ਰੀ ਨੇ ਇੱਕ ਥਾਂ ਲਿਖਿਆ ਹੈ, ਹਰ ਆਸ਼ਿਕ ਹੈ, ਸਰਦਾਰ ਯਹਾਂ, ਹਰ ਮਾਸ਼ੂਕਾ ਸੁਲਤਾਨਾ ਹੈ। ਪਰ ਆਪਾ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਇਹ ਝੂਠ ਹੈ। ਸੁਲਤਾਨਾ ਮਾਸ਼ੂਕਾ ਨਹੀਂ, ਆਸ਼ਕ ਸੀ। ਉਨ੍ਹਾਂ ਨੇ ਆਪਣੇ ਸਰਦਾਰ ਨੂੰ ਜਿਸ ਤਰ੍ਹਾਂ ਪਿਆਰ ਕੀਤਾ, ਉਸ ਦੀ ਕੋਈ ਮਿਸਾਲ ਮੈਨੂੰ ਤਾਂ ਦਿਸਦੀ ਨਹੀਂ। ਸੁਲਤਾਨਾ ਆਪਾ ਅਤੇ ਸਰਦਾਰ ਜਾਫ਼ਰੀ ਦਾ ਵਿਆਹ ਹੋਇਆ ਤਾਂ ਹਰ ਚੰਗੇ ਸ਼ੌਹਰ (ਪਤੀ) ਦੀ ਤਰ੍ਹਾਂ ਜਾਫ਼ਰੀ ਸਾਹਿਬ ਨੂੰ ਵੀ ਲੱਗਿਆ ਕਿ ਉਨ੍ਹਾਂ ਨੂੰ ਕੰਮ ਕਰਨਾ ਚਾਹੀਦਾ ਹੈ। ਉਹ ਨੌਕਰੀ ਹਾਸਲ ਕਰਨ ਲਈ ਥਾਂ-ਥਾਂ ਦਰਖ਼ਾਸਤਾਂ ਭੇਜਣ ਲੱਗੇ। ਆਪਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਾਰੀਆਂ ਦਰਖ਼ਾਸਤਾਂ ਪਾੜ ਕੇ ਸੁੱਟਦਿਆਂ ਕਿਹਾ, “ਤੁਸੀਂ ਪਤਨੀ-ਬੱਚਿਆਂ ਦਾ ਢਿੱਡ ਭਰਨ ਲਈ ਨੌਕਰੀ ਨਹੀਂ ਕਰੋਗੇ। ਤੁਹਾਡਾ ਕੰਮ ਸਨਮਾਨਯੋਗ ਸਿਰਜਣਾ ਹੈ, ਤੁਸੀਂ ਉਹੀ ਕਰੋ। ਘਰ ਕਿਵੇਂ ਚੱਲਗੇ, ਕਿੱਥੋਂ ਚੱਲੇਗਾ, ਕੌਣ ਚਲਾਏਗਾ, ਅੱਜ ਤੋਂ ਇਹ ਜ਼ਿੰਮੇਵਾਰੀ ਮੇਰੀ।”
ਆਪਾ ਸੱਤਰ ਸਾਲ ਦੀ ਉਮਰ ਤੱਕ ਕੰਮ ਕਰਦੇ ਰਹੇ। ਉਨ੍ਹਾਂ ਨੇ ਆਪਣਾ ਵਾਅਦਾ ਅੰਤ ਤੱਕ ਨਿਭਾਇਆ। ਆਮਦਨੀ ਘੱਟ, ਘਰ ਛੋਟਾ ਸੀ ਅਤੇ ਰਹਿਣ ਵਾਲੇ ਜ਼ਿਆਦਾ। ਦੋ ਬੱਚੇ ਪੱਪੂ ਅਤੇ ਚੁਨਮ, ਸਰਦਾਰ ਜਾਫ਼ਰੀ ਦੀਆਂ ਦੋ ਭੈਣਾਂ- ਰਬਾਬ ਅਤੇ ਸਿਤਾਰਾ, ਸਰਦਾਰ ਜਾਫ਼ਰੀ ਅਤੇ ਆਪਾ। ਮਹਿਮਾਨ ਵੀ ਆਉਂਦੇ ਰਹਿੰਦੇ ਪਰ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਕਦੇ ਫਿੱਕੀ ਨਹੀਂ ਪਈ।
ਸਰਦਾਰ ਜਾਫ਼ਰੀ ਨੇ ਫ਼ਿਲਮ ਬਣਾਈ, ਸੀਰੀਅਲ ਬਣਾਏ, ਰਸਾਲੇ ਵੀ ਕੱਢੇ। ਤਿੰਨ ਕਿਤਾਬਾਂ ਦੀਵਾਨੇ-ਮੀਰ, ਦੀਵਾਨੇ-ਗ਼ਾਲਬਿ ਅਤੇ ਕਬੀਰ ਵਾਣੀ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਵਰ੍ਹਿਆਂ ਦੀ ਖੋਜ-ਬੀਨ ਦਾ ਨਤੀਜਾ ਹਨ। ਇਹ ਤਿੰਨੇ ਕਿਤਾਬਾਂ ਹੁਣ ਤਕਰੀਬਨ ਦੁਰਲੱਭ ਹਨ, ਖ਼ਾਸ ਤੌਰ ’ਤੇ ਦੀਵਾਨੇ-ਗ਼ਾਲਬਿ। ਇੱਕ ਦਿਨ ਮੈਂ ਆਪਾ ਨੂੰ ਕਿਹਾ, ‘‘ਕਿਸੇ ਵੀ ਤਰ੍ਹਾਂ ਦੀਵਾਨੇ-ਏ-ਗ਼ਾਲਬਿ ਦੀ ਇੱਕ ਕਾਪੀ ਲਿਆ ਦਿਉ।’’ ਕਹਿਣ ਲੱਗੇ, ‘‘ਸਰਦਾਰ ਵਾਲਾ ਦੀਵਾਨ-ਏ-ਗ਼ਾਲਬਿ ਤਾਂ ਮੇਰੇ ਕੋਲ ਵੀ ਨਹੀਂ ਪਰ ਮੇਰਾ ਆਪਣਾ ਜਿਹੜਾ ਹੈ, ਉਹ ਮੈਂ ਤੈਨੂੰ ਦੇ ਦਿਆਂਗੀ।’’
ਮੈਂ ਇਹ ਗੱਲ ਭੁੱਲ ਚੁੱਕਾ ਸਾਂ ਪਰ ਆਪਾ ਨੂੰ ਯਾਦ ਸੀ। ਉਨ੍ਹਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਨੂੰ ਇੱਕ ਪੈਕੇਟ ਮਿਲਿਆ। ਖੋਲ੍ਹਿਆ ਤਾਂ ਉਸ ਵਿੱਚ ਆਪਾ ਦਾ ਜ਼ਾਤੀ ਨੁਸਖ਼ਾ (ਕਾਪੀ) ਰੱਖਿਆ ਹੋਇਆ ਸੀ ਜਿਸ ’ਤੇ ਲਿਖਿਆ ਸੀ: ਜਾਵੇਦ ਸਿੱਦੀਕੀ, ਇਹ ਦੀਵਾਨ-ਏ-ਗ਼ਾਲਬਿ ਹੈ। ਨਾ ਸਿਰਫ਼ ਤੇਰੇ ਲਈ ਸਗੋਂ ਫ਼ਰੀਦਾ ਲਈ ਵੀ ਹੈ। ਅਤੇ ਹਾਂ, ਤੁਹਾਡੀ ਔਲਾਦ ਲਈ। ਅਤੇ ਤੁਹਾਡੀ ਔਲਾਦ ਦੀ ਔਲਾਦ ਲਈ, ਬਹੁਤ ਸਾਰੇ ਪਿਆਰ ਅਤੇ ਨਿਮਰਤਾ ਦੇ ਨਾਲ...। ਸੁਲਤਾਨਾ, 1-8-2003
ਆਪਾ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਸੀ।
* * *
ਆਪਾ ਨਾ ਜ਼ਿੰਦਗੀ ਤੋਂ ਹਾਰੇ, ਨਾ ਇਨਸਾਨਾਂ ਤੋਂ। ਜਾਫ਼ਰੀ ਸਾਹਿਬ ਦੀ ਮੌਤ ਤੋਂ ਬਾਅਦ ਆਪਾ ਨੂੰ ਮੈਂ ਕਈ ਵਾਰੀ ਮਿਲਿਆ। ਇਹੀ ਅਹਿਸਾਸ ਹੋਇਆ ਕਿ ਉਨ੍ਹਾਂ ਦੀਆਂ ਅੱਖਾਂ ਦੀ ਚਮਕ ਧੂੰਆਂ ਬਣ ਚੁੱਕੀ। ਚਿਹਰੇ ਦੀ ਮੁਸਕਰਾਹਟ ਗਾਇਬ ਹੋ ਚੁੱਕੀ। ਵਾਲ ਰੁੱਖੇ ਅਤੇ ਬੇਜਾਨ ਹੋ ਚੁੱਕੇ...। ਉਹ ਆਪਣੀ ਹੀ ਕਿਸੇ ਪੁਰਾਣੀ ਧੁੰਦਲੀ ਜਿਹੀ ਤਸਵੀਰ ਵਰਗੇ ਲੱਗਦੇ ਸਨ।
ਆਪਣੇ ਸਰਦਾਰ ਤੋਂ ਵੱਖ ਹੋ ਕੇ ਉਹ ਚਾਰ ਸਾਲ ਵੀ ਨਾ ਰਹਿ ਸਕੇ ਅਤੇ 16 ਜੁਲਾਈ 2004 ਨੂੰ ਉੱਥੇ ਹੀ ਪਹੁੰਚ ਗਏ ਜਿੱਥੇ ਸਰਦਾਰ ਜਾਫ਼ਰੀ ਆਪਣੇ ਦੋਸਤਾਂ: ਸਾਹਿਰ, ਮਜਰੂਹ ਜਾਂ ਨਿਸਾਰ ਅਖ਼ਤਰ, ਅਖ਼ਤਰ-ਉਲ-ਇਮਾਨ, ਖ਼ਵਾਜਾ ਅਹਿਮਦ ਅੱਬਾਸ ਅਤੇ ਰਾਹੀ ਮਾਸੂਮ ਰਜ਼ਾ ਵਗੈਰਾ ਦੇ ਇਕੱਠ ਵਿੱਚ ਘਿਰੇ ਬੈਠੇ ਸਨ। ਉਨ੍ਹਾਂ ਨੇ ਜਿਵੇਂ ਹੀ ਸੁਲਤਾਨਾ ਨੂੰ ਦੇਖਿਆ, ਕਹਿਣ ਲੱਗੇ, ‘‘ਲਉ ਜਨਾਬ, ਉਹ ਵੀ ਆ ਗਏ, ਜਿਨ੍ਹਾਂ ਤੋਂ ਬਿਨਾ ਇਹ ਯਾਰਾਂ ਦੀ ਮਹਿਫ਼ਲ ਅਧੂਰੀ ਸੀ। ਆ ਬਈ, ਸੁਲਤਾਨਾ!...’’
- ਪੰਜਾਬੀ ਰੂਪ: ਭਜਨਬੀਰ ਸਿੰਘ
ਸੰਪਰਕ: 98556-75724