ਚੋਅ ’ਚ ਕੰਧ: ਕੰਪਨੀ ਤੇ ਕਿਸਾਨਾਂ ਦੀ ਗੱਲਬਾਤ ਬੇਸਿੱਟਾ
ਪੱਤਰ ਪ੍ਰੇਰਕ
ਲਾਲੜੂ, 20 ਜੁਲਾਈ
ਨੇੜਲੇ ਨਜ਼ਦੀਕੀ ਪਿੰਡ ਜੰਡਲੀ ਨੇੜੇ ਛਛਰੋਲੀ ਦੇ ਰਕਬੇ ਵਿੱਚ ਲੱਗੀ ਅਕੁਮਜ਼ ਲਾਈਫ ਸਾਇੰਸ ਫੈਕਟਰੀ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਕੁਦਰਤੀ ਚੋਅ ’ਚ ਦੀਵਾਰ ਕੀਤੇ ਜਾਣ ਮਗਰੋਂ ਕਿਸਾਨਾਂ ਦੀ ਫਸਲਾਂ ਤਬਾਹ ਹੋ ਗਈਆਂ ਸਨ। ਪੀੜਤ ਕਿਸਾਨਾਂ ਯੋਗ ਮੁਆਵਜ਼ਾ ਦੇਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕੰਪਨੀ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦੀ ਅੱਜ ਮੀਟਿੰਗ ਹੋਈ, ਜਿਹੜੀ ਕੰਪਨੀ ਵੱਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਬੇਸਿੱਟਾ ਰਹੀ। ਦੂਜੇ ਪਾਸੇ ਕੰਪਨੀ ਵੱਲੋਂ ਮੰਗਾਂ ਤੋਂ ਇਨਕਾਰੀ ਹੋਣ ਉਪਰੰਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਲੱਖੋਵਾਲ, ਸਿੱਧੂਪੁਰ ਅਤੇ ਕਾਦੀਆਂ ਨੇ 23 ਜੁਲਾਈ ਨੂੰ ਲਾਲੜੂ ਦੇ ਆਈਟੀਆਈ ਚੌਕ ’ਚ ਅੰਬਾਲਾ -ਚੰਡੀਗੜ੍ਹ ਮੁੱਖ ਮਾਰਗ ’ਤੇ ਜਾਮ ਲਾ ਕੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਅਤੇ ਕਾਦੀਆਂ ਗਰੁੱਪ ਦੇ ਆਗੂ ਜਵਾਲਾ ਸਿੰਘ ਖੇੜੀ ਜੱਟਾਂ ਨੇ ਅੱਜ ਵੀ ਕੰਪਨੀ ਨੇ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸ਼ਨ ਅਤੇ ਕੰਪਨੀ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ 22 ਜੁਲਾਈ ਤੱਕ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਤਾਂ 23 ਜੁਲਾਈ ਨੂੰ ਲਾਲੜੂ ਵਿੱਚ ਮੁੱਖ ਮਾਰਗ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।