ਪੰਜਾਬੀ ਟ੍ਰਿਬਿਊਨ ਨਾਲ ਤੁਰਦਿਆਂ
ਅਰਵਿੰਦਰ ਜੌਹਲ
ਅੱਜ ਤੋਂ 35 ਵਰ੍ਹੇ ਪਹਿਲਾਂ ਇਸ ਅਦਾਰੇ ਵਿਚ ਮੈਂ ਟਰੇਨੀ ਸਬ-ਐਡੀਟਰ ਵਜੋਂ ਜੁਆਇਨ ਕੀਤਾ। ਇਸ ਪੇਸ਼ੇਵਰ ਸਫ਼ਰ ਦੌਰਾਨ ਵੱਖ-ਵੱਖ ਪੜਾਵਾਂ ’ਚੋਂ ਗੁਜ਼ਰਦਿਆਂ ਕਾਰਜਕਾਰੀ ਸੰਪਾਦਕ ਦੇ ਮੁਕਾਮ ’ਤੇ ਪੁੱਜਣਾ ਨਿਸ਼ਚੇ ਹੀ ਮੇਰੇ ਲਈ ਬਹੁਤ ਤਸੱਲੀ ਅਤੇ ਖ਼ੁਸ਼ੀ ਦਾ ਸਬੱਬ ਹੈ। ਮੇਰਾ ਇਹ ਸਫ਼ਰ ਵੀ ਲਗਭਗ ਅਖ਼ਬਾਰ ਦੇ ਸਮਾਨੰਤਰ ਚੱਲਦਾ ਰਿਹਾ। ਪੰਜਾਬੀ ਪੱਤਰਕਾਰੀ ਵਿਚ ਵੱਖ-ਵੱਖ ਸਮੇਂ ’ਤੇ ਆਈਆਂ ਤਬਦੀਲੀਆਂ ਦੀ ਮੈਂ ਗਵਾਹ ਰਹੀ ਹਾਂ।
ਮੈਂ ਜਦੋਂ ਆਪਣੇ ਇਨ੍ਹਾਂ ਵਰ੍ਹਿਆਂ ’ਤੇ ਪਿੱਛੇ ਨਜ਼ਰ ਮਾਰਦੀ ਹਾਂ ਤਾਂ ਮੈਨੂੰ 23 ਕੁ ਵਰ੍ਹਿਆਂ ਦੀ ਕੁੜੀ ਨਜ਼ਰ ਆਉਂਦੀ ਹੈ ਜਿਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਅਤੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗਾਂ ਤੋਂ ਸਿੱਖਿਆ ਹਾਸਿਲ ਕਰਨ ਮਗਰੋਂ ਆਪਣੀ ਕਿਸਮਤ ਅਜ਼ਮਾਉਣ ਲਈ ਅਖ਼ਬਾਰ ਵੱਲੋਂ ਦਿੱਤੇ ਇਸ਼ਤਿਹਾਰ ’ਤੇ ਅਰਜ਼ੀ ਦੇਣ ਬਾਅਦ ਲਿਖਤੀ ਪ੍ਰੀਖਿਆ ਦੇ ਦਿੱਤੀ। ਇਹ ਲਿਖਤੀ ਪ੍ਰੀਖਿਆ ਪਾਸ ਕਰਨ ਮਗਰੋਂ ਹੁਣ ਅਗਲਾ ਪੜਾਅ ਇੰਟਰਵਿਊ ਦਾ ਸੀ। ਜਿਨ੍ਹਾਂ ਵੇਲਿਆਂ ਦੀ ਮੈਂ ਗੱਲ ਕਰ ਰਹੀ ਹਾਂ, ਉਦੋਂ ਪੰਜਾਬੀ ਨਿਊਜ਼ ਰੂਮ ਵਿਚ ਕੋਈ ਲੜਕੀ ਕੰਮ ਨਹੀਂ ਸੀ ਕਰਦੀ, ਮੁਕੰਮਲ ਮਰਦਾਂ ਦਾ ਕਬਜ਼ਾ ਸੀ। ਉਸ ਵੇਲੇ ਦੇ ਇੰਟਰਵਿਊ ਪੈਨਲ ਵਿਚ ਮਾਣਯੋਗ ਟਰੱਸਟੀ ਅਮਰੀਕਾ ’ਚ ਭਾਰਤ ਦੇ ਸਫ਼ੀਰ ਰਹਿ ਚੁੱਕੇ ਸ੍ਰੀ ਬੀ.ਕੇ. ਨਹਿਰੂ, ਪੀ.ਜੀ.ਆਈ. ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਪੀ.ਐੱਨ ਚੁਟਾਨੀ, ਜਸਟਿਸ ਆਰਐੱਸ ਪਾਠਕ, ਸ੍ਰੀ ਆਰਐੱਸ ਤਲਵਾਰ, ਐਡੀਟਰ-ਇਨ-ਚੀਫ਼ ਐੱਨ.ਕੇ. ਨਾਰਾਇਣਨ ਸਨ। ਇਨ੍ਹਾਂ ਵੱਡੀਆਂ ਸ਼ਖ਼ਸੀਅਤਾਂ ਅੱਗੇ ਇੰਟਰਵਿਊ ਲਈ ਪੇਸ਼ ਹੋਣਾ ਆਪਣੇ-ਆਪ ’ਚ ਵੱਡੀ ਚੁਣੌਤੀ ਸੀ। ਇੰਟਰਵਿਊ ਦੌਰਾਨ ਜੋ ਸਵਾਲ ਪੁੱਛੇ ਗਏ, ਉਨ੍ਹਾਂ ’ਚੋਂ ਬਹੁਤਿਆਂ ਦੇ ਮੈਂ ਫਟਾਫਟ ਜਵਾਬ ਦੇ ਦਿੱਤੇ ਅਤੇ ਜਿਹੜੇ ਇਕ ਜਾਂ ਦੋ ਸਵਾਲ ਮੈਨੂੰ ਨਹੀਂ ਆਉਂਦੇ ਸਨ ਮੈਂ ਝੱਟ ਕਹਿ ਦਿੱਤਾ ਇਹ ਮੈਨੂੰ ਨਹੀਂ ਆਉਂਦੇ ਅਤੇ ਕਿਰਪਾ ਕਰ ਕੇ ਉਹ ਮੈਨੂੰ ਉਨ੍ਹਾਂ ਦੇ ਜਵਾਬ ਦੱਸ ਦੇਣ। ਅਸਲ ’ਚ ਇੰਟਰਵਿਊ ’ਚ ਬੈਠੀਆਂ ਏਨੀਆਂ ਵੱਡੀਆਂ ਸ਼ਖ਼ਸੀਅਤਾਂ ਮੂਹਰੇ ਪੇਸ਼ ਹੋਣ ਦਾ ਨਿੱਕੇ ਉਮਰ ਦੇ ਤਾਜ਼ਾ ਤਾਜ਼ਾ ਪ੍ਰੀਖਿਆ ਦੇ ਕੇ ਨਿਕਲੇ ਕਿਸੇ ਵਿਦਿਆਰਥੀ ’ਤੇ ਕੋਈ ਬਹੁਤਾ ਦਬਾਅ ਨਹੀਂ ਹੁੰਦਾ। ਮੇਰੇ ਲਈ ਉਹ ਸਾਰੇ ਸੀਨੀਅਰ ਅਧਿਆਪਕਾਂ ਵਾਂਗ ਹੀ ਸਨ ਜਿਨ੍ਹਾਂ ਨਾਲ ਗੱਲ ਕਰਨ ਵੇਲੇ ਜਾਂ ਜਵਾਬ ਦੇਣ ਵੇਲੇ ਤੁਸੀਂ ਕਿਸੇ ਕਿਸਮ ਦੀ ਕੋਈ ਝਿਜਕ ਮਹਿਸੂਸ ਨਹੀਂ ਕਰਦੇ। ਇੰਟਰਵਿਊ ’ਚ ਉਨ੍ਹਾਂ ਅੰਗਰੇਜ਼ੀ ਭਾਸ਼ਾ ਦੇ ਕਈ ਸ਼ਬਦਾਂ ਦਾ ਅਨੁਵਾਦ ਪੁੱਛਿਆ ਜਿਨ੍ਹਾਂ ਦੇ ਸਾਰੇ ਜਵਾਬ ਮੈਂ ਠੀਕ ਹੀ ਨਹੀਂ ਦਿੱਤੇ, ਸਗੋਂ ਇਹ ਵੀ ਦੱਸ ਦਿੱਤਾ ਕਿ ਕਿਹੜਾ ਸ਼ਬਦ ਪੰਜਾਬੀ ਵਿਚ ਅੱਗਿਓਂ ਅਰਬੀ ਜਾਂ ਫਿਰ ਫਾਰਸੀ ਤੋਂ ਆਇਆ ਸੀ। ਇੰਟਰਵਿਊ ਪੈਨਲ ਮੇਰੇ ਇਨ੍ਹਾਂ ਜਵਾਬਾਂ ਤੋਂ ਜ਼ਰੂਰ ਪ੍ਰਭਾਵਿਤ ਹੁੰਦਾ ਜਾਪਿਆ। ਹਾਲਾਂਕਿ ਇਹ ਕੋਈ ਖ਼ਾਸ ਗੱਲ ਨਹੀਂ ਸੀ ਕਿਉਂਕਿ ਐੱਮ.ਏ. ਪੰਜਾਬੀ ਵਿਚ ਪੰਜਾਬੀ ਭਾਸ਼ਾ ’ਤੇ ਹੋਰਨਾਂ ਭਾਸ਼ਾਵਾਂ ਦੇ ਪਏ ਪ੍ਰਭਾਵ ਬਾਰੇ ਪੜ੍ਹਾਇਆ ਜਾਂਦਾ ਸੀ। ਖ਼ੈਰ, ਜੋ ਵੀ ਕਹੋ ਮੈਂ ਇੰਟਰਵਿਊ ਪੈਨਲ ਨਾਲ ਵਾਹਵਾ ਗੱਲੀਂ ਪਈ ਰਹੀ। ਉਨ੍ਹਾਂ ਨੇ ਮੈਨੂੰ ਕਈ ਨਿੱਜੀ ਸੁਆਲ ਵੀ ਕੀਤੇ ਜਿਨ੍ਹਾਂ ਦਾ ਮੈਂ ਪੂਰੀ ਇਮਾਨਦਾਰੀ ਨਾਲ ਜਵਾਬ ਦਿੱਤਾ। ਉਨ੍ਹਾਂ ਮੈਨੂੰ ਇਹ ਵੀ ਪੁੱਛਿਆ ਕਿ ਕੀ ਮੇਰੇ ਕੋਲ ਕੋਈ ਤਜਰਬਾ ਹੈ। ਮੈਂ ਝੱਟ ‘ਨਾਂਹ’ ਵਿਚ ਜੁਆਬ ਦੇ ਦਿੱਤਾ। ਇਸ ਤੋਂ ਬਾਅਦ ਸਹਿਜੇ ਹੀ ਪੈਨਲ ’ਚੋਂ ਕਿਸੇ ਨੇ ਸੁਆਲ ਕੀਤਾ ਕਿ ਅਖ਼ਬਾਰ ’ਚ ਤਾਂ ਰਾਤ ਦੀ ਸ਼ਿਫਟ ’ਤੇ ਵੀ ਡਿਊਟੀ ਕਰਨੀ ਪੈ ਸਕਦੀ ਹੈ, ਕੀ ਤੁਸੀਂ ਕਰ ਸਕੋਂਗੇ? ਮੈਨੂੰ ਯਾਦ ਹੈ ਕਿ ਉਸ ’ਤੇ ਮੇਰੀ ਪ੍ਰਤੀਕਿਰਿਆ ਸੀ, ‘‘ਕਿਉਂ ਨਹੀਂ।’’
ਮੇਰੇ ਇੰਟਰਵਿਊ ਖ਼ਤਮ ਕਰ ਕੇ ਉੱਠਣ ਤੋਂ ਪਹਿਲਾਂ ਉਨ੍ਹਾਂ ਇਕ ਵਾਰ ਫਿਰ ਸੁਆਲ ਕੀਤਾ, ‘‘ਬੇਟਾ, ਕੀ ਤੁਹਾਡੇ ਕੋਲ ਕਿਸੇ ਵੀ ਕਿਸਮ ਦਾ ਤਜਰਬਾ ਹੈ, ਜੇ ਹੈ ਤਾਂ ਹੀ ਅਸੀਂ ਤੁਹਾਨੂੰ ਇਸ ਨੌਕਰੀ ’ਤੇ ਰੱਖ ਸਕਾਂਗੇ।’’ ਮੇਰਾ ਫਿਰ ਅੱਗਿਓਂ ਕੋਰਾ ਜਵਾਬ ਸੀ, ‘‘ਨਹੀਂ, ਮੇਰੇ ਕੋਲ ਕਿਸੇ ਕਿਸਮ ਦਾ ਕੋਈ ਤਜਰਬਾ ਨਹੀਂ ਹੈ।’’ ਸ਼ਾਇਦ ਇਹ ਜਵਾਬ ਆਪਣੇ ਪੈਰੀਂ ਆਪ ਕੁਹਾੜੀ ਮਾਰਨ ਵਾਲਾ ਸੀ, ਪਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੇਰੀ ਇਸੇ ਸਪਸ਼ਟਤਾ ਤੇ ਸਾਫ਼ਗੋਈ ਤੋਂ ਉਹ ਜ਼ਰੂਰ ਪ੍ਰਭਾਵਿਤ ਹੋਏ ਸਨ। ਇੰਟਰਵਿਊ ਦੇਣ ਮਗਰੋਂ ਮੈਂ ਕੰਟੀਨ ’ਚ ਚਾਹ ਪੀ ਕੇ ਕੱਪ ਅਜੇ ਰੱਖਿਆ ਹੀ ਸੀ ਕਿ ਇਕ ਵਿਅਕਤੀ ਮੈਨੂੰ ਲੱਭਦਾ ਹੋਇਆ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਵਾਪਸ ਬੁਲਾਇਆ ਹੈ। ਮੈਂ ਮਨ ਵਿਚ ਸੋਚਿਆ ਕਿ ਏਨੇ ਸਾਰੇ ਸਵਾਲਾਂ ਦੇ ਜਵਾਬ ਤਾਂ ਮੈਂ ਦੇ ਆਈਂ ਹਾਂ, ਹੁਣ ਪਤਾ ਨਹੀਂ ਕੀ ਪੁੱਛਣਾ ਬਾਕੀ ਰਹਿ ਗਿਆ ਹੈ। ਮੈਂ ਅਜੇ ਕਮਰੇ ਦੇ ਦਰਵਾਜ਼ੇ ਅੰਦਰ ਦਾਖ਼ਲ ਹੀ ਹੋਈ ਕਿ ਉਨ੍ਹਾਂ ਮੈਨੂੰ ਕਿਹਾ, ‘‘ਬੇਟਾ, ਅਸੀਂ ਤੁਹਾਨੂੰ ਸਬ-ਐਡੀਟਰ ਨਿਯੁਕਤ ਨਹੀਂ ਕਰ ਸਕਦੇ, ਕਿਉਂਕਿ ਤੁਹਾਡੇ ਕੋਲ ਕੋਈ ਤਜਰਬਾ ਨਹੀਂ, ਪਰ ਹਾਂ, ਅਪਰੈਂਟਿਸ ਰੱਖ ਸਕਦੇ ਹਾਂ ਜਿਸ ਲਈ ਤੁਹਾਨੂੰ ਅੱਠ ਸੌ ਰੁਪਏ ਮਿਲਣਗੇ।’’ ਰਿਹਾਇਸ਼ ਪਟਿਆਲਾ ’ਚ ਹੋਣ ਕਰ ਕੇ ਅੱਠ ਸੌ ਰੁਪਏ ’ਤੇ ਚੰਡੀਗੜ੍ਹ ’ਚ ਨੌਕਰੀ ਕਰਨ ਬਾਰੇ ਤੱਟ-ਫੱਟ ਫ਼ੈਸਲਾ ਲੈਣਾ ਮੈਨੂੰ ਔਖਾ ਲੱਗ ਰਿਹਾ ਸੀ। ਅਜੇ ਜੱਕੋ-ਤੱਕੀ ਵਿਚ ਹੀ ਮੈਂ ਉਨ੍ਹਾਂ ਨੂੰ ਕਿਹਾ ਕਿ ਅੱਠ ਸੌ ਰੁਪਏ ਤਾਂ ਬਹੁਤ ਥੋੜ੍ਹੇ ਹਨ। ਮੈਨੂੰ ਤਸੱਲੀ ਦਿੰਦਿਆਂ ਉਨ੍ਹਾਂ ਦਾ ਜਵਾਬ ਸੀ, ‘‘ਕੋਈ ਗੱਲ ਨਹੀਂ ਛੇ ਕੁ ਮਹੀਨੇ ਅਪਰੈਂਟਿਸ ਵਜੋਂ ਕੰਮ ਕਰੋ ਅਤੇ ਇਸ ਮਗਰੋਂ ਅਸੀਂ ਤੁਹਾਨੂੰ ਰੈਗੂਲਰ ਕਰ ਦਿਆਂਗੇ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਹੁਣੇ ਹੀ ‘ਹਾਂ’ ਜਾਂ ‘ਨਾਂਹ’ ਕਰਨੀ ਪੈਣੀ ਹੈ ਕਿਉਂਕਿ ਜੇਕਰ ਮੈਂ ਨੌਕਰੀ ਜੁਆਇਨ ਨਹੀਂ ਕਰਨਾ ਚਾਹੁੰਦੀ ਤਾਂ ਉਹ ਕਿਸੇ ਹੋਰ ਨੂੰ ਮੌਕਾ ਦੇ ਦੇਣ। ਬੂਹੇ ’ਚ ਖੜ੍ਹੇ ਖੜ੍ਹੇ ਗੁਜ਼ਾਰੇ ਉਹ ਦੋ ਪਲ ਮੇਰੀ ਜ਼ਿੰਦਗੀ ’ਚ ਬਹੁਤ ਅਹਿਮ ਹੋ ਨਬਿੜੇ ਕਿਉਂਕਿ ਮੈਂ ਉਨ੍ਹਾਂ ਨੂੰ ‘‘ਹਾਂ’’ ਕਰ ਦਿੱਤੀ ਸੀ।
ਨੌਕਰੀ ਜੁਆਇਨ ਕਰਨ ਤੋਂ ਬਾਅਦ ਨਿਊਜ਼ ਰੂਮ ਦੇ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲਣ ਲਈ ਨਾ ਤਾਂ ਉੱਥੇ ਮੇਰੀ ਕੋਈ ਸਾਥਣ ਸੀ ਅਤੇ ਮੇਰੇ ਕੁਲੀਗ ਵੀ ਮੇਰੇ ਤੋਂ ਵੱਡੀ ਉਮਰ ਦੇ ਸਨ। ਉਨ੍ਹਾਂ ਦੇ ਚਿਹਰਿਆਂ ਦੇ ਹਾਵ ਭਾਵ ਦੱਸਦੇ ਸਨ ਕਿ ਨਿਊਜ਼ ਰੂਮ ’ਚ ਕਿਸੇ ਕੁੜੀ ਦੀ ਆਮਦ ਉਨ੍ਹਾਂ ਲਈ ਬਹੁਤੀ ਖੁਸ਼ਗਵਾਰ ਨਹੀਂ ਸੀ। ਕਿਸੇ ਨੇ ਵੀ ਮੈਨੂੰ ਨਾ ‘ਜੀ ਆਇਆਂ’ ਕਿਹਾ ਤੇ ਨਾ ਹੀ ਰਸਮੀ ਚਾਹ ਦਾ ਕੱਪ ਪੁੱਛਿਆ। ਯੂਨੀਵਰਸਿਟੀ ਦੇ ਮਾਹੌਲ ਤੋਂ ਸਿੱਧੇ ਦਫ਼ਤਰੀ ਮਾਹੌਲ ਅਨੁਸਾਰ ਢਲਣਾ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ। ਮੇਰੇ ਇਕ ਕੁਲੀਗ ਨੇ ਤਾਂ ਗੱਲਾਂ-ਗੱਲਾਂ ਵਿਚ ਮੈਨੂੰ ਕਿਹਾ ਕਿ ਕੁੜੀਆਂ ਲਈ ਇਹ ਨੌਕਰੀ ਕੋਈ ਬਹੁਤੀ ਠੀਕ ਨਹੀਂ, ਉਨ੍ਹਾਂ ਲਈ ਤਾਂ ਅਧਿਆਪਕ ਦੀ ਨੌਕਰੀ ਵਧੇਰੇ ਸਹੀ ਰਹਿੰਦੀ ਹੈ। ਮੈਨੂੰ ਝੱਟ ਸਮਝ ਲੱਗ ਗਈ ਕਿ ਉਸ ਦਾ ਇਸ਼ਾਰਾ ਮੈਨੂੰ ਇਸ ਨੌਕਰੀ ਨੂੰ ਅਲਵਿਦਾ ਕਹਿਣ ਦਾ ਹੈ। ਮੈਂ ਹੱਸਦਿਆਂ ਕਿਹਾ, ‘‘ਮੈਂ ਇਹ ਨੌਕਰੀ ਨਹੀਂ ਛੱਡਣੀ। ਮੇਰਾ ਤਾਂ ਇੱਥੇ ਜੀਅ ਲੱਗ ਗਿਆ ਹੈ।’’ ਮੇਰੇ ਕੁਲੀਗ ਦਾ ਜਵਾਬ ਸੀ, ‘‘ਨਹੀਂ ਮੇਰਾ ਮਤਲਬ ਇਹ ਨਹੀਂ ਸੀ।’’ ਮੈਂ ਕਿਹਾ, ‘‘ਜੋ ਵੀ ਮਤਲਬ ਸੀ, ਮੈਂ ਤਾਂ ਹੁਣ ਇੱਥੇ ਹੀ ਨੌਕਰੀ ਕਰਨੀ ਹੈ।’’
ਖ਼ੈਰ, ਉਨ੍ਹਾਂ ਦੀ ਔਖ ਨੂੰ ਮੈਂ ਸਮਝਦੀ ਸੀ। ਮੇਰੇ ਤੋਂ ਪਹਿਲਾਂ ਉਹ ਮੁਕੰਮਲ ਮਰਦਾਂ ਦੀ ਪ੍ਰਧਾਨਗੀ ਵਾਲਾ ਨਿਊਜ਼ ਰੂਮ ਸੀ ਪਰ ਬਹੁਤ ਹੀ ਥੋੜ੍ਹੇ ਸਮੇਂ ਵਿਚ ਸਚਮੁੱਚ ਮੈਂ ਉਨ੍ਹਾਂ ਸਾਰਿਆਂ ਦੀ ਕੁਲੀਗ ਘੱਟ ਅਤੇ ਲਾਡਲੀ ਛੋਟੀ ਭੈਣ ਵੱਧ ਸੀ। ਮੈਨੂੰ ਅੱਜ ਵੀ ਇਸ ਗੱਲ ’ਤੇ ਮਾਣ ਹੈ ਕਿ ਕਿਵੇਂ ਉਨ੍ਹਾਂ ਸਾਰਿਆਂ ਨੇ ਮੈਨੂੰ ਮੇਰੇ ਇਸ ਪੇਸ਼ੇਵਰ ਸਫ਼ਰ ’ਤੇ ਉਂਗਲੀ ਫੜ ਕੇ ਆਪਣੇ ਨਾਲ ਤੋਰਿਆ ਅਤੇ ਪੱਤਰਕਾਰੀ ਦੇ ਵਿਹਾਰਕ ਨੁਕਤੇ ਸਮਝਾਏ। ਮੇਰੀ ਇਹ ਸਮੁੱਚੀ ਪੇਸ਼ੇਵਰ ਸ਼ਖ਼ਸੀਅਤ ਉਨ੍ਹਾਂ ਵੱਲੋਂ ਸਿਖਾਏ ਸਬਕਾਂ ਅਤੇ ਮੇਰੀ ਆਪਣੇ ਕਿੱਤੇ ਪ੍ਰਤੀ ਦਿਲਚਸਪੀ ਅਤੇ ਜਗਿਆਸਾ ਦਾ ਕੁੱਲ ਜੋੜ ਹੈ। ਤਕਰੀਬਨ ਕੋਈ 13 ਵਰ੍ਹਿਆਂ ਤੱਕ ਪੰਜਾਬੀ ਨਿਊਜ਼ ਰੂਮ ਵਿਚ ਮੈਂ ਇਕੱਲੀ ਕੁੜੀ ਸੀ ਪਰ ਮੈਨੂੰ ਕਦੇ ਵੀ ਉਨ੍ਹਾਂ ਸਾਰੇ ਮਰਦਾਂ ’ਚ ਔਰਤ ਹੋਣ ਦਾ ਅਹਿਸਾਸ ਨਹੀਂ ਹੋਇਆ। ਹਮੇਸ਼ਾ ਇਕ ਦੂਜੇ ਲਈ ਅਸੀਂ ਚੰਗੇ ਕੁਲੀਗ ਰਹੇ। ਨਿਊਜ਼ ਰੂਮ ’ਚ ਦੂਜੀ ਲੜਕੀ ਦੇ ਆਉਣ ’ਤੇ ਉਨ੍ਹਾਂ ਮੈਨੂੰ ਬਾਕਾਇਦਾ ਉਸ ਲਈ ਚਾਹ ਦਾ ਪ੍ਰਬੰਧ ਕਰਨ ਲਈ ਕਿਹਾ। ਮੈਨੂੰ ਆਪਣਾ ਵੇਲਾ ਯਾਦ ਆ ਗਿਆ। ਮੈਂ ਉਲਾਂਭਾ ਦਿੱਤਾ, ‘‘ਹੁਣ ਤਾਂ ਤੁਹਾਨੂੰ ਬੜੀਆਂ ਚਾਹਵਾਂ ਸੁੱਝਦੀਆਂ ਹਨ, ਮੇਰੇ ਵੇਲੇ ਤਾਂ ਸੜਿਆ ਚਾਹ ਦਾ ਕੱਪ ਵੀ ਨਾ ਸਰਿਆ।’’ ਖ਼ੈਰ, ਇਹ ਮਜ਼ਾਕ ਦੀ ਗੱਲ ਸੀ ਪਰ ਚਾਹ ਦੇ ਕੱਪ ਲਈ ਮੈਂ ਸਾਰੀ ਉਮਰ ਉਨ੍ਹਾਂ ਨੂੰ ਮਿਹਣਾ ਦੇਣਾ ਨਹੀਂ ਛੱਡਿਆ।
ਅਖ਼ਬਾਰ ਦੇ ਕਿਸੇ ਵੀ ਹੋਰ ਵਿਭਾਗ ਨਾਲੋਂ ਨਿਊਜ਼ ਰੂਮ ਦੀ ਸਿਖਲਾਈ ਸਭ ਤੋਂ ਔਖੀ ਤੇ ਸਖ਼ਤ ਹੈ। ਇਹ ਤੁਹਾਨੂੰ ਘੜੀ ਦੀਆਂ ਸੂਈਆਂ ਦੇ ਨਾਲ ਦੌੜਨ ਦਾ ਵੱਲ ਸਿਖਾਉਂਦਾ ਹੈ। ਖ਼ਬਰ ਦੀ ਬਣਤਰ ਦੀਆਂ ਤਕਨੀਕੀ ਜੁਗਤਾਂ ਦੇ ਨਾਲ ਨਾਲ ਕਾਨੂੰਨੀ ਅਤੇ ਨੈਤਿਕ ਮਾਪਦੰਡਾਂ ਨੂੰ ਵੀ ਧਿਆਨ ’ਚ ਰੱਖਣਾ ਪੈਂਦਾ ਹੈ। ਨਿਊਜ਼ ਰੂਮ ਵਿਚ ਸੀਨੀਅਰ ਸਾਥੀਆਂ ਵੱਲੋਂ ਸ਼ਾਮ ਨੂੰ ਆਉਂਦੇ ਹੀ ਕੀਤੀ ਸੰਖੇਪ ਮੀਟਿੰਗ ਵਿਚ ਮੁੱਖ ਪੰਨੇ ਲਈ ਤੈਅ ਕੀਤੀ ਲੀਡ (ਮੁੱਖ ਸੁਰਖੀ), ਸੈਕਿੰਡ ਲੀਡ (ਦੂਜੀ ਸੁਰਖੀ) ਹੋ ਸਕਦੈ ਲਗਾਤਾਰ ਬਾਅਦ ’ਚ ਆਈਆਂ ਅਹਿਮ ਖ਼ਬਰਾਂ ਮਗਰੋਂ ਥੱਲੇ ਚਲੀਆਂ ਜਾਣ। ਕਈ ਵਾਰ ਸਥਿਤੀ ਇਹੋ ਜਿਹੀ ਵੀ ਹੁੰਦੀ ਕਿ ਤੁਸੀਂ ਸਾਰਾ ਮੁੱਖ ਪੰਨਾ ਬਣਾ ਲਿਆ ਤੇ ਇਸ ਨੂੰ ਛਪਣ ਲਈ ਭੇਜਣ ਵੇਲੇ ਅਚਾਨਕ ਕੋਈ ਅਹਿਮ ਖ਼ਬਰ ਆ ਗਈ ਜੋ ਲੀਡ ਬਣਨੀ ਹੈ। ਹੁਣ ਘੜੀ ਦੀਆਂ ਸੂਈਆਂ ਨੂੰ ਧਿਆਨ ’ਚ ਰੱਖ ਕੇ ਤੁਹਾਨੂੰ ਪੰਨਾ ਫਿਰ ਨਵੇਂ ਸਿਰਿਓਂ ਵਿਉਂਤਣਾ ਪਵੇਗਾ। ਹਰ ਬਦਲਦੀ ਪ੍ਰਸਥਿਤੀ ਮੁਤਾਬਿਕ ਢਲਣਾ ਅਤੇ ਸ਼ਾਂਤ ਰਹਿੰਦਿਆਂ ਨਵੇਂ ਸਿਰਿਓਂ ਕੰਮ ਨੂੰ ਅੰਜਾਮ ਦੇਣਾ ਨਿਊਜ਼ ਰੂਮ ਦਾ ਖ਼ਾਸਾ ਹੈ। ਇਸ ਕੰਮ ਨੂੰ ਸਹਿਜਤਾ, ਸੰਜਮ ਅਤੇ ਸੁਹਜ ਨਾਲ ਨੇਪਰੇ ਚਾੜ੍ਹਨ ਲਈ ਤੁਹਾਨੂੰ ਪੂਰੀ ਇਕਾਗਰਤਾ ਅਤੇ ਚੇਤੰਨਤਾ ਦੀ ਲੋੜ ਹੁੰਦੀ ਹੈ ਅਤੇ ਇਹ ਮੁਹਾਰਤ ਤਜਰਬੇ ਨਾਲ ਹੀ ਹਾਸਿਲ ਹੁੰਦੀ ਹੈ।
ਬਾਹਰੋਂ ਦੇਖਿਆਂ ਅਖ਼ਬਾਰ ’ਚ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਬਹੁਤ ਆਕਰਸ਼ਕ ਲੱਗਦੀ ਹੈ ਪਰ ਨਿਊਜ਼ ਰੂਮ ’ਚ ਕੰਮ ਕਰਨ ਵਾਲੇ ਰੋਜ਼ ਸੂਏ ਦੇ ਨੱਕੇ ’ਚੋਂ ਨਿਕਲਦੇ ਹਨ ਅਤੇ ਹਰ ਦਿਨ ਉਨ੍ਹਾਂ ਲਈ ਨਵਾਂ ਇਮਤਿਹਾਨ ਹੁੰਦਾ ਹੈ। ਹੁਣ ਸਾਰੇ ਅਖ਼ਬਾਰਾਂ ਦੇ ਨਿਊਜ਼ ਰੂਮਾਂ ’ਚ ਸ਼ਾਮ ਦੀ ਸ਼ਿਫਟ ਹੀ ਹੁੰਦੀ ਹੈ। ਸ਼ਾਮ ਤੇ ਰਾਤਾਂ ਦੀਆਂ ਡਿਊਟੀਆਂ ਹੋਣ ਕਰਕੇ ਇਨ੍ਹਾਂ ਸਾਥੀਆਂ ਨੂੰ ਢਲਦਾ ਅਤੇ ਚੜ੍ਹਦਾ ਸੂਰਜ ਦੇਖਣਾ ਨਸੀਬ ਨਹੀਂ ਹੁੰਦਾ। ਪਲ ਪਲ ਬਦਲਦੇ ਸਿਆਸੀ ਤੇ ਹੋਰ ਘਟਨਾਕ੍ਰਮ ਤੋਂ ਇਨ੍ਹਾਂ ਨੂੰ ਲਗਾਤਾਰ ਖ਼ੁਦ ਨੂੰ ਜਾਣੂ ਰੱਖਣਾ ਪੈਂਦਾ ਹੈ। ਕਿਸੇ ਇਕ ਖ਼ਬਰ ਦੇ ਵੱਖ ਵੱਖ ਪਾਸਾਰਾਂ, ਉਸ ਦੇ ਸੰਦਰਭਾਂ ਅਤੇ ਬਦਲ ਰਹੀਆਂ ਜਾਣਕਾਰੀਆਂ ’ਤੇ ਲਗਾਤਾਰ ਨਜ਼ਰ ਰੱਖਣੀ ਹੁੰਦੀ ਹੈ।
ਮੈਂ ਜਦੋਂ ਸ਼ੁਰੂਆਤੀ ਦੌਰ ਯਾਦ ਕਰਦੀ ਹਾਂ ਤਾਂ ਮੇਰੇ ਧਿਆਨ ’ਚ ਆਉਂਦਾ ਹੈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ’ਚ ਬੈਠੇ ਪੱਤਰਕਾਰ ਰੋਡਵੇਜ਼ ਦੀਆਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਲਿਖ ਕੇ ਆਪਣੀਆਂ ਖ਼ਬਰਾਂ ਦਾ ਬੰਡਲ ਦਿੰਦੇ ਸਨ ਅਤੇ ਅੱਗਿਓਂ ਉਹ ‘ਟ੍ਰਿਬਿਊਨ’ ਅਦਾਰੇ ਦੇ ਬਾਹਰ ਲੱਗੇ ਵੱਡੇ ਸਾਰੇ ਬਾਕਸ ਵਿਚ ਪਾ ਦਿੰਦੇ ਸਨ ਜਿੱਥੋਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਬਕਸਾ ਖਾਲੀ ਕਰ ਕੇ ਉਹ ਸਮੱਗਰੀ ਸਬੰਧਿਤ ਵਿਭਾਗਾਂ ਤਕ ਪਹੁੰਚਾ ਦਿੱਤੀ ਜਾਂਦੀ ਸੀ। ਕਿਸੇ ਬਹੁਤ ਹੀ ਅਹਿਮ ਘਟਨਾ ਵਾਪਰਨ ਵੇਲੇ ਸਬੰਧਿਤ ਪੱਤਰਕਾਰ ਫ਼ੋਨ ਕਰ ਕੇ ਉਹ ਖ਼ਬਰ ਸਬ-ਐਡੀਟਰ ਨੂੰ ਲਿਖਵਾਉਂਦਾ ਸੀ ਪਰ ਹੁਣ ਸੂਚਨਾ ਤਕਨੀਕ ’ਚ ਕ੍ਰਾਂਤੀਕਾਰੀ ਤਬਦੀਲੀ ਮਗਰੋਂ ਇਕ ਕਲਿੱਕ ਨਾਲ ਹੀ ਪੱਤਰਕਾਰ ਦੀ ਖ਼ਬਰ ਨਿਊਜ਼ ਰੂਮ ਤਕ ਪਹੁੰਚ ਜਾਂਦੀ ਹੈ।
ਇਉਂ ਇਨ੍ਹਾਂ 35 ਵਰ੍ਹਿਆਂ ਦੌਰਾਨ ਮੈਂ ਪੰਜਾਬੀ ਦੇ ਇਸ ਮਿਆਰੀ ਅਖ਼ਬਾਰ ’ਚ ਸਾਰੀਆਂ ਤਬਦੀਲੀਆਂ ਦੀ ਚਸ਼ਮਦੀਦ ਗਵਾਹ ਹੀ ਨਹੀਂ ਸਗੋਂ ਖ਼ੁਦ ਉਨ੍ਹਾਂ ਦਾ ਹਿੱਸਾ ਵੀ ਰਹੀ ਹਾਂ। ਸਬ-ਐਡੀਟਰ ਮਗਰੋਂ ਸੀਨੀਅਰ ਸਬ-ਐਡੀਟਰ, ਚੀਫ ਸਬ-ਐਡੀਟਰ ਅਤੇ ਡਿਪਟੀ ਨਿਊਜ਼ ਐਡੀਟਰ ਦੇ ਪੜਾਅ ਪਾਰ ਕਰਨ ਮਗਰੋਂ ਕਰੀਬ ਪੰਜ ਸਾਲ ਪਹਿਲਾਂ ਨਿਊਜ਼ ਐਡੀਟਰ ਦੀ ਜ਼ਿੰਮੇਵਾਰੀ ਮਿਲੀ ਤਾਂ ਸਮੁੱਚੇ ਕੰਮ-ਕਾਜ ’ਚ ਸ਼ਮੂਲੀਅਤ ਹੋਰ ਵੀ ਵਧ ਗਈ। ਇਸ ਨਵੀਂ ਚੁਣੌਤੀ ਲਈ ਨਵੀਂ ਊਰਜਾ ਦੀ ਲੋੜ ਸੀ। ਇਸ ਦੌਰਾਨ ਕਰੋਨਾ ਨੇ ਸਧਾਰਨ ਕਾਰਜ ਨੂੰ ਵੀ ਅਸਧਾਰਨ ਬਣਾ ਦਿੱਤਾ ਸੀ।
ਛੋਟੀ ਉਮਰੇ ਹੀ ਇਸ ਵੱਕਾਰੀ ਅਦਾਰੇ ਨਾਲ ਜੁੜਨ ਦੇ ਅਮਲ ਨੇ ਮੈਨੂੰ ਸਹਿਜ ਹੀ ਇਸ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਪ੍ਰਤੀਬੱਧਤਾਵਾਂ ਅਨੁਸਾਰ ਢਾਲ ਦਿੱਤਾ। ਵੱਖ ਵੱਖ ਸਮੇਂ ਰਹੇ ਸੰਪਾਦਕਾਂ, ਸਮਾਚਾਰ ਸੰਪਾਦਕਾਂ ਅਤੇ ਹੋਰ ਸਹਿਕਰਮੀਆਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਕਿਸੇ ਵੀ ਅਖ਼ਬਾਰ ਦੇ ਪਾਠਕ, ਲੇਖਕ ਅਤੇ ਪੱਤਰਕਾਰ ਇਸ ਦਾ ਮਿਆਰ ਨਿਰਧਾਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿੱਥੇ ਪਾਠਕਾਂ ਦੇ ਖ਼ਤ ਅਖ਼ਬਾਰ ਨੂੰ ਲਗਾਤਾਰ ਸੇਧ ਦਿੰਦੇ ਰਹਿੰਦੇ ਹਨ, ਉੱਥੇ ਲੇਖਕਾਂ ਦੀਆਂ ਲਿਖਤਾਂ ਅਤੇ ਪੱਤਰਕਾਰਾਂ ਦੀ ਨਿਰਪੱਖ ਤੇ ਸੰਤੁਲਿਤ ਰਿਪੋਰਟਿੰਗ ਅਖ਼ਬਾਰ ਦੇ ਮਿਆਰ ਦਾ ਇਕ ਪੱਧਰ ਬਣਾਈ ਰੱਖਣ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਉਮੀਦ ਹੈ ਸਾਨੂੰ ਤੁਹਾਡਾ ਸਹਿਯੋਗ ਨਿਰੰਤਰ ਮਿਲਦਾ ਰਹੇਗਾ ਅਤੇ ਅਸੀਂ ਵੀ ਤੁਹਾਡੇ ਮਿਆਰਾਂ ’ਤੇ ਖ਼ਰੇ ਉਤਰਦੇ ਰਹਿਣ ਲਈ ਲਗਾਤਾਰ ਯਤਨ ਕਰਦੇ ਰਹਾਂਗੇ।