ਇੱਕ ਤਸਵੀਰ ਨਾਲ ਤੁਰਦਿਆਂ ਤੁਰਦਿਆਂ
ਗੁਰਭਜਨ ਗਿੱਲ
ਵੱਡੇ ਭੈਣ ਜੀ ਮਨਜੀਤ ਤੋਂ ਨਿੱਕੇ ਅਸੀਂ ਤਿੰਨ ਭਰਾ ਹਾਂ। ਵੱਡੇ ਭਾ ਜੀ ਜਸਵੰਤ ਬੱਚਿਆਂ ਕੋਲ ਸਿਡਨੀ (ਆਸਟਰੇਲੀਆ) ਰਹਿੰਦੇ ਹਨ। ਵਿਚਕਾਰਲੇ ਭਾ ਜੀ ਸੁਖਵੰਤ ਬਟਾਲੇ ਤੇ ਮੈਂ ਲੁਧਿਆਣੇ ਹਾਂ।
ਸਾਡੇ ਬਾਪੂ ਜੀ 1987 ‘ਚ ਚਲੇ ਗਏ ਤੇ ਬੀਬੀ ਜੀ 2007 ਵਿੱਚ ਸਦੀਵੀ ਅਲਵਿਦਾ ਕਹਿ ਗਏ।
ਚਾਚਾ ਜੀ ਚਾਚੀ ਜੀ ਦੇ ਜਾਣ ਨਾਲ ਪਿੰਡ ਛੁੱਟ ਗਿਆ।
ਮੇਰਾ ਪਿੰਡ ਗੁਰਦਾਸਪੁਰ ਜ਼ਿਲ੍ਹੇ ‘ਚ ਬਸੰਤਕੋਟ ਹੈ ਡੇਰਾ ਬਾਬਾ ਨਾਨਕ ਤਹਿਸੀਲ ਵਿੱਚ। ਧਿਆਨਪੁਰ ਦੇ ਬਿਲਕੁਲ ਨੇੜੇ। ਸੰਘੇੜਾ ਅਕਰਪੁਰਾ ਵਾਲੇ ਰਾਹ ‘ਤੇ ਪਹਿਲਾ ਪਿੰਡ। ਪਿੰਡ ਤੋਂ ਸੜਕ ਪਾਰ ਫਿਰਨੀ ‘ਤੇ ਦੂਜਾ ਪਿੰਡ ਹੈ, ਸ਼ਾਹ ਸ਼ਮਸ। ਪੰਜਾਬੀ ਵਿਦਵਾਨ ਡਾ. ਦੀਵਾਨ ਸਿੰਘ ਤੇ ਕਹਾਣੀਕਾਰ ਭੈਣ ਜੀ ਇੰਦਰਜੀਤ ਪਾਲ ਕੌਰ ਭਿੰਡਰ ਦਾ ਪੇਕਾ ਪਿੰਡ। ਪਹਿਲਾਂ ਸਾਡੇ ਦੋਹਾਂ ਪਿੰਡਾਂ ਦੀ ਪੰਚਾਇਤ ਸਾਂਝੀ ਸੀ। ਮੇਰੇ ਪਿੰਡ ਛੱਡਣ ਮਗਰੋਂ ਦੋ ਹੋ ਗਈਆਂ।
ਸ਼ਾਹਸ਼ਮਸ ਦੇ ਸਰਦਾਰ ਬਸੰਤ ਸਿੰਘ ਵੰਡ ਮਗਰੋਂ ਲੰਮਾ ਸਮਾਂ ਸਰਪੰਚ ਰਹੇ। ਚਿੱਟੇ ਦੁੱਧ ਇਸਤਰੀ ਕੀਤੇ ਕੱਪੜੇ ਪਾਉਂਦੇ। ਧੁੰਦਲਾ ਜਿਹਾ ਚੇਤਾ ਹੈ। ਉਨ੍ਹਾਂ ਦੇ ਟੱਬਰ ਨੂੰ ਸਰਦਾਰਾਂ ਦਾ ਟੱਬਰ ਕਹਿੰਦੇ ਸਨ। ਉਦੋਂ ਲੱਗਦਾ ਸੀ ਕਿ ਜੀਹਦੇ ਲੀੜੇ ਚਿੱਟੇ ਖੁੰਬ ਹੋਣ ਉਹੀ ਸਰਦਾਰ ਹੁੰਦਾ ਹੈ। ਬਾਕੀ ਤਾਂ ਮੈਂ ਮ੍ਹਾਤੜ। ਲਿੱਬੜੇ ਤਿੱਬੜੇ। ਰੇਤ ਨਾਲ ਖੂਹ ‘ਤੇ ਗਿੱਟੇ ਮਾਂਜਣ ਵਾਲੇ। ਖਿੰਘਰ ਝਾਵੇਂ ਨਾਲ ਪਿੰਡਿਉਂ ਮੈਲ ਲਾਹੁਣ ਵਾਲੇ। ਕਾਸਟਿਕ ਸੋਢੇ ਨਾਲ ਭਿੱਜੇ ਲੀੜਿਆਂ ਨੂੰ ਥਾਪੀ ਨਾਲ ਕੁੱਟਦੀਆਂ ਮਾਵਾਂ ਦੇ ਪੁੱਤਰ। ਖਿੱਲਰੀਆਂ ਜਟੂਰੀਆਂ ਵਾਲੇ।
ਸਰਦਾਰ ਬਸੰਤ ਸਿੰਘ ਨੇ ਹੀ ਸਾਡੇ ਪਿੰਡ ਮਸੀਤੇ ਪ੍ਰਾਇਮਰੀ ਸਕੂਲ ਖੁੱਲ੍ਹਵਾਇਆ ਸੀ ਸ਼ਾਇਦ। ਉਹ ਮੇਰੇ ਚਾਚਾ ਜੀ ਸ. ਧਿਆਨ ਸਿੰਘ ਦੇ ਵੀ ਸੱਜਣ ਸਨ। ਸ਼ਾਇਦ ਪੂਣੀ ਕੀਤੀ ਚਿੱਟੀ ਪੱਗ ਚਿਣ ਕੇ ਬੰਨ੍ਹਣ ਵਾਲੇ ਸਾਬਕਾ ਫ਼ੌਜੀ ਹੋਣ ਕਾਰਨ। ਫ਼ੌਜੀ ਹੀ ਤਾਂ ਛਾਉਣੀਆਂ ‘ਚੋਂ ਪਿੰਡਾਂ ‘ਚ ਮੁਸ਼ਕਣਾ ਸਾਬਣ, ਤੌਲੀਆ, ਪੱਕਾ ਮਿੱਠਾ ਭਾਵ ਖੰਡ, ਮੱਛਰਦਾਨੀ ਤੇ ਜੂੜੇ ‘ਤੇ ਰੁਮਾਲ ਬੰਨ੍ਹਣ ਦਾ ਸਲੀਕਾ ਲਾ ਕੇ ਆਏ ਸਨ।
ਪਹਿਲੇ ਨਲਕੇ ਵੀ ਫ਼ੌਜੀਆਂ ਦੇ ਘਰੀਂ ਲੱਗੇ। ਪਹਿਲਾਂ ਸਾਈਕਲ ਤੇ ਤਸਮਿਆਂ ਵਾਲੇ ਬੂਟ ਵੀ ਫ਼ੌਜੀਆਂ ਦੇ ਘਰ ਹੀ ਹੁੰਦੇ ਸਨ। ਕੱਪੜਾ ਵੀ ਗਰਮ ਹੁੰਦਾ ਹੈ, ਪਹਿਲੀ ਵਾਰ ਚਾਚਾ ਜੀ ਦੇ ਸੰਦੂਕ ‘ਚ ਪਈਆਂ ਵਰਦੀਆਂ ਤੋਂ ਪਤਾ ਲੱਗਿਆ।
ਲੋਹੇ ਦੇ ਕਾਲੇ ਰੰਗ ਵਾਲੇ ਟਰੰਕ ਵੀ ਫ਼ੌਜੀ ਹੀ ਪਿੰਡਾਂ ‘ਚ ਲੈ ਕੇ ਆਏ। ਉੱਪਰ ਨਾਮ, ਨੰਬਰ ਤੇ ਪਲਟਣ ਦਾ ਅਤਾ ਪਤਾ ਹੁੰਦਾ।
ਪਿੰਡ ‘ਚ ਹੌਲਦਾਰ ਦਾ ਰੁਤਬਾ ਬੁਲੰਦ ਸੀ। ਮੇਰੇ ਹੁੰਦਿਆਂ ਪਿੰਡ ‘ਚ ਚਾਰ ਹੀ ਹੌਲਦਾਰ ਸਨ। ਮੇਰੇ ਚਾਚਾ ਜੀ ਧਿਆਨ ਸਿੰਘ, ਸਰਦਾਰ ਗੰਗਾ ਸਿੰਘ, ਚਾਚਾ ਵਰਿਆਮ ਸਿੰਘ ਤੇ ਭਾ ਜੋਗਿੰਦਰ ਸਿੰਘ। ਹੁਣ ਤਾਂ ਵੱਧ ਰੁਤਬੇ ਵਾਲੇ ਵੀ ਕਈ ਹੋਣਗੇ।
ਮੇਰੇ ਚਾਚੀ ਜੀ ਹਰਦੀਪ ਕੌਰ ਨੂੰ ਪਿੰਡ ‘ਚ ਹੌਲਦਾਰਨੀ ਕਹਿੰਦੇ। ਨੰਦ ਲਾਲ ਨੂਰਪੁਰੀ ਜੀ ਦਾ ਲਿਖਿਆ ਅਤੇ ਪਰਕਾਸ਼ ਕੌਰ ਦਾ ਗਾਇਆ ਗੀਤ ‘ਵੇ ਕੌਣ ਆਖੂ ਹੌਲਦਾਰਨੀ ਕਿਤੇ ਆਵੀਂ ਨਾ ਤੁੜਾ ਕੇ ਨਾਵਾਂ’ ਜਦ ਕਦੇ ਲਾਊਡ ਸਪੀਕਰ ਜਾਂ ਰੇਡੀਓ ‘ਤੇ ਵੱਜਦਾ ਤਾਂ ਲੱਗਦਾ ਕਿ ਇਹ ਮੇਰੇ ਚਾਚੀ ਜੀ ਬਾਰੇ ਹੈ।
ਮੈਨੂੰ ਬਚਪਨ ਤੋਂ ਹੀ ਗੀਤ ਪੂਰਾ ਜ਼ਬਾਨੀ ਯਾਦ ਹੈ। ਚਾਚੀ ਜੀ ਦਾ ਲਾਡਲਾ ਹੋਣ ਕਰਕੇ।
ਕੌਣ ਆਖੂ ਹੌਲਦਾਰਨੀ
ਕੌਣ ਆਖੂ ਹੌਲਦਾਰਨੀ,
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਹੌਲੀ ਜੇਹੀ ਬਾਰੀ ਖੋਲ੍ਹ ਕੇ
‘ਵਾਜ਼ਾਂ ਦੇਂਦੀਆਂ ਗੋਰੀਆਂ ਬਾਹਵਾਂ।
ਇਕੋ ਪੁੱਤ ਲੰਬੜਾਂ ਦਾ
ਕੱਲ੍ਹ ਪਾ ਕੇ ਵਰਦੀਆਂ ਲੰਘਿਆ।
ਪੈਰਾਂ ‘ਚ ਪਰੇਟ ਨੱਚਦੀ
ਉਹਦਾ ਲਾਲੀਆਂ ਨੇ ਅੰਗ ਅੰਗ ਰੰਗਿਆ।
ਮੋਢੇ ‘ਤੇ ਬੰਦੂਕ ਵੇਖ ਕੇ
ਵੇ ਮੈਂ ਵੈਰੀਆ ਨਿਘਰਦੀ ਜਾਵਾਂ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਤੇਰੇ ‘ਤੇ ਜਵਾਨੀ ਕਹਿਰ ਦੀ
ਜਦੋਂ ਪਿਛਲੀ ਲੜਾਈ ਤੂੰ ਲੜਿਆ।
ਵੱਡਾ ਸਾਹਿਬ ਦੇਵੇ ਥਾਪੀਆਂ
ਤੇਰੇ ਅੱਗੇ ਨਾ ਸ਼ੇਰ ਕੋਈ ਅੜਿਆ।
ਚਾਈਂ ਚਾਈਂ ਛੌਣੀਆਂ ਵਿੱਚੋਂ
ਤੇਰਾ ਪੁਛਦੀ ਕਵਾਟਰ ਆਵਾਂ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਤੇਰੀਆਂ ਉਡੀਕਾਂ ਵਿੱਚ ਵੇ
ਚੋਰੀਂ ਪੇਕਿਆਂ ਤੋਂ ਚਿੱਠੀਆਂ ਮੈਂ ਪਾਈਆਂ।
ਤੇਰੀਆਂ ਲੁਕੋ ਕੇ ਚਿੱਠੀਆਂ
ਪੜ੍ਹੀਆਂ ਬੁਲ੍ਹਾਂ ‘ਚ ਹੱਸਣ ਭਰਜਾਈਆਂ।
ਮਿੰਨਤਾਂ ਦੇ ਨਾਲ ਮੰਗ ਕੇ,
ਵੇ ਮੈਂ ਲੱਖ ਲੱਖ ਵਾਰ ਪੜ੍ਹਾਵਾਂ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਇੱਕ ਵਾਰੀ ਲੈ ਕੇ ਛੁੱਟੀਆਂ
ਜਦੋਂ ਪਿਛਲੇ ਵਰ੍ਹੇ ਤੂੰ ਆਇਆ।
ਹੱਥਾਂ ਉੱਤੇ ਲਾ ਕੇ ਮਹਿੰਦੀਆਂ
ਵੇ ਮੈਂ ਸੰਦਲੀ ਦੁਪੱਟਾ ਰੰਗਵਾਇਆ।
ਅੱਧਾ ਅੱਧਾ ਘੁੰਡ ਕੱਢ ਕੇ
ਸਹੁਰੇ ਸਾਹਮਣੇ ਨਾ ਖੁੱਲ੍ਹ ਕੇ ਬੁਲਾਵਾਂ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਜੋਗੀਆਂ ਦੇ ਸੱਪ ਲੜ ਗਏ,
ਸੱਪ ਰੰਗੀ ਜਾਂ ਕਮੀਜ਼ ਮੈਂ ਪਾਈ।
ਦੇਸ਼ ਬੰਗਾਲ ਦੇ ਵਿਚੋਂ
ਇੱਕ ਵਾਰੀ ਸੀ ਜਿਹੜੀ ਤੂੰ ਭਿਜਵਾਈ।
ਪੁੱਛ ਤੂੰ ਹੀ ‘ਨੂਰਪੁਰੀ’ ਤੋਂ
ਜਿਹੜਾ ਲਿਖਦਾ ਰਹਿਆ ਸਰਨਾਵਾਂ
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਇਸ ਤਸਵੀਰ ਕਾਰਨ ਯਾਦਾਂ ਨੇ ਆਣ ਘੇਰਿਆ ਹੈ। ਇਹ ਤਸਵੀਰ ਪਿਛਲੇ ਦਿਨੀਂ ਪਿੰਡ ਜਾਣ ‘ਤੇ ਭਾ ਜੀ ਸੁਖਵੰਤ ਨੇ ਖਿਚਵਾ ਕੇ ਭੇਜੀ ਹੈ।
ਸਾਡੇ ਸ਼ਰੀਕੇ ‘ਚ ਸਾਡੇ ਚਾਚਾ ਬੁੜ ਸਿੰਘ ਦਾ ਨਿੱਕਾ ਪੁੱਤਰ ਜਰਨੈਲ ਸੁਰਗਵਾਸ ਹੋਣ ਕਰਕੇ ਭਾ ਜੀ ਉਸ ਪਰਿਵਾਰ ਨਾਲ ਅਫ਼ਸੋਸ ਕਰਨ ਹੀ ਗਏ ਸਨ।
ਜਰਨੈਲ ਮੈਥੋਂ ਦੋ ਤਿੰਨ ਸਾਲ ਨਿੱਕਾ ਸੀ। ਉਸ ਦਾ ਵੱਡਾ ਵੀਰ ਚੰਨਣ ਸਿੰਘ ਮੇਰੇ ਵੱਡੇ ਭਾ ਜੀ ਦਾ ਜਮਾਤੀ ਸੀ ਤੇ ਨਿੱਕਾ ਪੂਰਨ ਪੜ੍ਹਨੇ ਹੀ ਨਹੀਂ ਸੀ ਪਿਆ। ਨਿੱਕਾ ਕਰਨੈਲ ਵੀ ਨਾ ਪੜ੍ਹਿਆ। ਪੂਰਨ ਵਾਹੀਵਾਨ ਸੀ ਤੇ ਜਰਨੈਲ ਦੇ ਦੋ ਵੱਡੇ ਵੀਰ ਚੰਨਣ ਤੇ ਕਰਨੈਲ ਫ਼ੌਜ ‘ਚ ਚਲੇ ਗਏ ਸਨ।
ਜਰਨੈਲ ਦਾ ਨਿੱਕੇ ਹੁੰਦਿਆਂ ਨਾਮ ਸਾਡੇ ਵਾਸਤੇ ਜੈਲਾ ਸੀ। ਮੈਂ ਵੀ ਤਾਂ ਭਜਨ ਹੀ ਸਾਂ। ਪੜ੍ਹਨ ਨੂੰ ਉਹ ਬਹੁਤ ਹੁਸ਼ਿਆਰ ਸੀ। ਹੱਥਾਂ ਪੈਰਾਂ ਦਾ ਵੀ ਛੋਹਲਾ ਸੀ।
ਤਸਵੀਰ ਵਿੱਚ ਮੇਰੇ ਬਾਪੂ ਜੀ ਦੇ ਤਾਏ ਦੇ ਪੁੱਤਰ ਸ. ਖ਼ਜ਼ਾਨ ਸਿੰਘ ਦੇ ਪੁੱਤਰ ਸ. ਗੁਰਦਿਆਲ ਸਿੰਘ ਫੋਟੋ ‘ਚ ਡਾਂਗ ਸਹਾਰੇ ਖੜ੍ਹੇ ਨੇ। ਮੇਰੇ ਪਰਿਵਾਰ ‘ਚ ਉਹੀ ਸਭ ਤੋਂ ਵੱਡੇ ਨੇ। ਤਾਏ ਦੇ ਪਰਿਵਾਰ ‘ਚੋਂ। ਪਿੰਡ ‘ਚ ਸਾਨੂੰ ਲੰਬੜਾਂ ਦਾ ਟੱਬਰ ਕਹਿੰਦੇ ਸਨ। ਤਾਇਆ ਜੀ ਖ਼ਜ਼ਾਨ ਸਿੰਘ ਲੰਬੜਦਾਰ ਸਨ। ਪੰਜ ਛੇ ਜਮਾਤਾਂ ਪਾਸ ਸਨ। ਜੇਬ ‘ਚ ਨਿੱਕੀ ਜਹੀ ਡਾਇਰੀ ਰੱਖਦੇ, ਚਾਚੇ ਅਨੂਪ ਸਿੰਘ ਵਾਂਗ। ਪਰ ਚਾਚਾ ਤਾਂ ਸਾਰੇ ਪਿੰਡ ਦਾ ਹੀ ਹਿਸਾਬ ਰੱਖਦਾ ਸੀ। ਕੌਣ ਕਦੋਂ ਜੰਮਿਆ? ਹੋਰ ਵੇਰਵੇ ਵੀ।
ਖੱਬੇ ਪਾਸੇ ਚਾਚੇ ਸ਼ਿੰਗਾਰ ਸਿੰਘ ਲੰਬੜਦਾਰ ਦਾ ਨਿੱਕਾ ਪੁੱਤਰ ਹਰਜੀਤ ਖੜ੍ਹਾ ਹੈ ਜਿਸ ਤੋਂ ਵੱਡਾ ਮਨਜੀਤ ਸਕੂਲ ‘ਚ ਮੇਰਾ ਸਹਿਪਾਠੀ ਸੀ। ਹੁਣ ਐਡਮਿੰਟਨ (ਕੈਨੇਡਾ) ਵੱਸਦਾ ਹੈ। ਉਸ ਤੋਂ ਵੱਡਾ ਸ. ਬਲਬੀਰ ਸਿੰਘ ਮੇਰੇ ਵੱਡੇ ਭਾ ਜੀ ਦਾ ਸਹਿਪਾਠੀ ਸੀ।
ਨੀਲੀ ਪੱਗ ਵਾਲੇ ਮੇਰੇ ਵੱਡੇ ਭਾ ਜੀ ਸੁਖਵੰਤ ਦੇ ਸੱਜੇ ਪਾਸੇ ਦਿਆਲ ਚੌਕੀਦਾਰ ਹੈ। ਦਿਆਲ ਦਾ ਨਾਂ ਵੀ ਚਾਚੇ ਇਨਾਇਤ ਮਸੀਹ ਨੇ ਗੁਰਦਿਆਲ ਮਸੀਹ ਹੀ ਰੱਖਿਆ ਹੋਊ ਪਰ ਉਸ ਦਾ ਅੱਧਾ ਨਾਂ ਗ਼ਰੀਬੀ ਖਾ ਗਈ। ਉਸ ਦੀ ਮਾਂ ਚਾਚੀ ਬੰਸੋ ਵੀ ਹੋ ਸਕਦਾ ਹੈ ਹਰਬੰਸ ਕੌਰ ਹੀ ਹੋਵੇ, ਪਰ ਉਹ ਵੀ ਸਾਰੀ ਉਮਰ ਬੰਸੋ ਹੀ ਰਹੀ।
ਚਾਚਾ ਇਨਾਇਤ ਮਸੀਹ ਭਾਵੇਂ ਪਿੰਡ ਦਾ ਚੌਕੀਦਾਰ ਸੀ ਪਰ ਸਾਡੇ ਘਰਾਂ ਦਾ ਚਾਚਾ ਇਨਾਇਤੋ ਹੀ ਸੀ। ਭਾਵੇਂ ਸਾਡੇ ਘਰ ਦਾ ਗੋਹਾ ਕੂੜਾ ਬੰਸੋ ਹੀ ਕਰਦੀ ਸੀ ਪਰ ਸਾਡੀ ਤਾਂ ਬਈ ਚਾਚੀ ਬੰਸੋ ਹੀ ਸੀ। ਘਰੋਂ ਸਬਕ ਹੀ ਇਹੀ ਮਿਲਿਆ ਸੀ ਕਿ ਸਭ ਨੂੰ ਚਾਚਾ ਚਾਚੀ ਜਾਂ ਤਾਇਆ ਤਾਈ ਕਹਿਣਾ ਹੈ। ਖੱਤਰੀਆਂ ਦੇ ਟੱਬਰ ‘ਚੋਂ ਤਾਇਆ ਗਿਆਨ ਚੰਦ ਤੇ ਚਾਚਾ ਪਰਕਾਸ਼ ਚੰਦ, ਖਰਾਇਤੀ ਲਾਲ ਤੇ ਚਾਚਾ ਸਰਦਾਰੀ ਲਾਲ ਹੁਣ ਵੀ ਪਿੰਡ ‘ਚ ਤੁਰਦੇ ਮਹਿਸੂਸ ਕਰਦਾ ਹਾਂ, ਭਾਵੇਂ ਸਭ ਚਲੇ ਗਏ ਨੇ।
ਦਿਆਲ ਚੌਕੀਦਾਰ ਮੈਥੋਂ ਇੱਕ ਸਾਲ ਅੱਗੇ ਪੜ੍ਹਦਾ ਸੀ ਪਰ ਗੁਰਬਤ ਸੁਪਨੇ ਖਾ ਗਈ। ਅੱਜ ਕਈ ਸਾਲਾਂ ਬਾਅਦ ਉਸ ਦੀ ਸੂਰਤ ਫੋਟੋ ਵਿੱਚ ਵੇਖੀ ਹੈ। ਮਨ ਬਹੁਤ ਪਿੱਛੇ ਚਲਾ ਗਿਆ ਹੈ। ਲਗਪਗ ਪਚਵੰਜਾ ਸਾਲ ਪਿੱਛੇ ਘੜੀ ਘੁੰਮ ਗਈ ਹੈ।
ਬਹੁਤ ਕੁਝ ਗੁਆਚ ਗਿਆ ਹੈ। ਪਿੰਡ ਕਵਿਤਾ ‘ਚ ਹੀ ਸਹਿਕਦਾ ਹੈ, ਸੱਚ ਪੁੱਛੋ ਤਾਂ ਪਿੰਡ ਵੜਨ ਨੂੰ ਜੀਅ ਨਹੀਂ ਕਰਦਾ। ਫਾਸਲਾ ਬਰੁਤ ਕੁਝ ਖਾ ਗਿਆ ਹੈ। 1971 ‘ਚ ਪਿੰਡ ਛੱਡਣ ਵੇਲੇ ਹੀ ਲੱਗਦਾ ਸੀ ਕਿ ਪਰਤਿਆ ਨਹੀਂ ਜਾਣਾ। ਸੱਚ ਹੋ ਗਿਆ ਹੈ। ਘਰ ਸਾਹਮਣੇ ਜਿੱਥੇ ਛੱਪੜ ਸੀ, ਉੱਥੇ ਖ਼ੂਬਸੂਰਤ ਪਾਰਕ ਹੈ। ਇਸੇ ਛੱਪੜ ‘ਚ ਮਹੀਆਂ ਨੁਹਾਉਂਦੇ ਸਾਂ। ਪੂਛਲਾਂ ਫੜ ਫੜ ਕੇ ਤਰਦੇ ਸਾਂ। ਜੋਕਾਂ ਚੰਬੜਦੀਆਂ ਸਨ ਏਸੇ ਛੱਪੜ ‘ਚੋਂ ਪਿੰਡੇ ‘ਤੇ। ਜੋਕਾਂ ਬਾਰੇ ਸੁਣਦੇ ਸਾਂ ਕਿ ਗੰਦਾ ਖ਼ੂਨ ਹੀ ਚੁਸਦੀਆਂ ਨੇ, ਪਰ ਮੁਲਕ ਨੂੰ ਚੰਬੜੀਆਂ ਜੋਕਾਂ ਤਾਂ ਸਾਰੀ ਰੱਤ ਹੀ ਪੀ ਜਾਂਦੀਆਂ ਨੇ, ਸਿਰਫ਼ ਕਰੰਗ ਬਚਦਾ ਹੈ। ਵੱਸ ਚੱਲੇ ਤਾਂ ਉਹ ਵੀ ਪੀਹ ਕੇ ਖਾ ਜਾਣ।
ਇਸੇ ਛੱਪੜ ‘ਚੋਂ ਅਸੀਂ ਗਾਰਾ ਕੱਢ ਕੇ ਘਾਣੀ ਕਰਦੇ। ਟੋਕਰਿਆਂ ਦੇ ਟੋਕਰੇ ਭਰ ਭਰ ਕੋਠੇ ‘ਤੇ ਚਾੜ੍ਹਦੇ। ਬਰਸਾਤਾਂ ਆਉਣ ਤੋਂ ਪਹਿਲਾਂ ਲਿੱਪਦੇ। ਕੰਧਾਂ ਦੇ ਖਲੇਪੜ ਉਤਾਰ ਕੇ ਨਵੀਂ ਪਰਤ ਚਾੜ੍ਹਦੀ ਸਾਡੀ ਸਚਿਆਰੀ ਮਾਂ।
ਮਾਕੋਵਾਲ ਤੋਂ ਵਿਕਣੇ ਆਇਆ ਪੋਚਾ ਪਾਟੀ ਚੁੰਨੀ ਦਾ ਪਰੋਲਾ ਬਣਾ ਕੇ ਰਸੋਈ ਤੇ ਚੁੱਲ੍ਹੇ ਚੌਂਕੇ ‘ਚ ਫੇਰਦੀ। ਜਿੱਦਣ ਕੰਮ ਮੁੱਕਦਾ, ਬੀਬੀ ਗੁੜ ਵਾਲੇ ਚੌਲ ਰਿੰਨ੍ਹਦੀ। ਮੇਰੇ ਨਾਨਕੇ ਅਮੀਪੁਰ ਤੋਂ ਮਾਮੇ ਫ਼ਕੀਰ ਸਿੰਘ ਵੱਲੋਂ ਘੱਲੇ ਬਾਸਮਤੀ ਦੇ ਚੌਲ। ਪੂਰੀ ਪੱਤੀ ‘ਚ ਮਹਿਕ ਖਿੱਲਰਦੀ। ਅਸੀਂ ਚੌਂਕੇ ਦੁਆਲੇ ਪਚਾਕੇ ਮਾਰਦੇ ਫਿਰਦੇ।
ਦੋ ਤਿੰਨ ਡੰਗ ਗੁੜ ਵਾਲੇ ਚੌਲ ਹੀ ਖਾਈ ਜਾਂਦੇ। ਪਹਿਲੇ ਡੰਗ ਘਿਉ ਮੱਖਣ ਪਾ ਕੇ, ਅਗਲੀ ਸਵੇਰ ਦਹੀਂ ਨਾਲ ਤੇ ਦੁਪਹਿਰੇ ਕਾੜ੍ਹਨੀ ਦਾ ਕੜ੍ਹਿਆ ਗੇਰੂਆ ਦੁੱਧ ਪਾ ਕੇ।
ਮੇਰੀ ਮਾਂ ਦੇ ਹੱਥਾਂ ‘ਚ ਬੜੀ ਬਰਕਤ ਸੀ। ਉਸ ਦੀ ਦਰਿਆਦਿਲੀ ਦਾ ਜ਼ਿਕਰ ਮੈਂ ਆਪਣੀਆਂ ਕਈ ਕਵਿਤਾਵਾਂ ‘ਚ ਕੀਤਾ ਹੈ, ਖ਼ਾਸ ਕਰਕੇ ਨੰਦੋ ਬਾਜ਼ੀਗਰਨੀ ਵਿੱਚ। ਨੰਦੋ ਮੇਰੀ ਮਾਂ ਦੀ ਪਸੰਦੀਦਾ ਕਿਰਤੀ ਔਰਤ ਸੀ। ਉਸ ਨਾਲ ਬਹੁਤ ਯਾਦਾਂ ਜੁੜੀਆਂ ਨੇ ਮੇਰੀਆਂ।
ਭਾ ਜੀ ਸੁਖਵੰਤ ਨੇ ਇੱਕ ਤਸਵੀਰ ਭੇਜ ਕੇ ਕਿੰਨਾ ਕੁਝ ਚੇਤੇ ਕਰਵਾ ਦਿੱਤਾ ਹੈ।
ਪਿੱਛੋਂ ਸੁੱਝੀਃ
ਇੱਕ ਗੱਲ ਹੋਰ ਵੀ ਦੱਸ ਦਿਆਂ। ਪਿਛਲੇ ਹਫ਼ਤੇ ਮੈਨੂੰ ਪਚਵੰਜਾ ਸਾਲ ਬਾਅਦ ਉਹ ਭੈਣ ਜੀ ਬਲਵਿੰਦਰ ਕੌਰ ਵੀ ਲੱਭ ਗਏ ਨੇ, ਜਿਨ੍ਹਾਂ ਕੋਲ ਮੈਂ 1968 ਵਿੱਚ ਨੌਵੀਂ ਜਮਾਤੇ ਪੜ੍ਹਦਾ ਸਾਂ। ਉਨ੍ਹਾਂ ਵੱਲੋਂ ਸਨੇਹ ਨਾਲ ਪੜ੍ਹਾਈ ਪੰਜਾਬੀ ਹੀ ਸੀ ਜਿਸ ਨੇ ਮੈਨੂੰ ਪੰਜਾਬੀ ਸਾਹਿਤ ਨਾਲ ਸਨੇਹ ਦਾ ਰਿਸ਼ਤਾ ਜੋੜਨ ਦੀ ਨੀਂਹ ਰੱਖੀ। ਕਿਵੇਂ ਦੱਸਾਂ ਕਿ ਮੈਂ ਡਾ. ਹੀਰਾ ਸਿੰਘ ਦਾ ਕਿੰਨਾ ਸ਼ੁਕਰਗੁਜ਼ਾਰ ਹਾਂ, ਜਿਸ ਮੇਰੀ ਸਿੱਕ ਨੂੰ ਸਮਝਦਿਆਂ ਭੈਣ ਜੀ ਬਲਵਿੰਦਰ ਨਾਲ ਸ਼ਬਦ ਸਾਂਝ ਪੁਆਈ। ਭੈਣ ਜੀ ਬਟਾਲੇ ਰਹਿੰਦੇ ਨੇ, ਜਲਦੀ ਚਰਨ ਬੰਦਨਾ ਕਰਨ ਜਾਵਾਂਗਾ।
ਸੰਪਰਕ: 98726-31199