ਢੱਕੀ ਸਾਹਿਬ ਤੋਂ ਚੋਲਾ ਸਾਹਿਬ ਘੁਡਾਣੀ ਕਲਾਂ ਤੱਕ ਪੈਦਲ ਮਾਰਚ
ਦੇਵਿੰਦਰ ਸਿੰਘ ਜੱਗੀ
ਪਾਇਲ, 3 ਨਵੰਬਰ
ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਤੋਂ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਤੱਕ ਪੈਦਲ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਸਸ਼ੋਭਿਤ ਸਨ ਤੇ ਗੁਰੂ ਬਖਸ਼ਿਸ ਨਿਸ਼ਾਨਾਂ, ਧੌਂਸਿਆਂ ਨਗਾਰਿਆਂ ਦੀਆਂ ਮਿੱਠੀਆਂ ਧੁਨਾਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਪੈਦਲ ਮਾਰਚ ਰਵਾਨਾ ਹੋਇਆ। ਇਸ ਮਾਰਚ ਵਿੱਚ ਘੋੜੇ ਘੋੜੀਆਂ, ਊਠਾਂ, ਰੱਥ ਬੱਘੀਆਂ, ਪੁਰਾਤਨ ਗੱਡਿਆਂ ਤੋਂ ਇਲਾਵਾ ਖਾਲਸਾਈ ਬਾਣੇ ਵਿੱਚ ਤਿਆਰ ਬਰ ਤਿਆਰ ਸਿੰਘ ਸਿੰਘਣੀਆਂ ਅਤੇ ਭੁਝੰਗੀ ਫੌਜਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਸੰਤ ਦਰਸ਼ਨ ਸਿੰਘ ਖਾਲਸਾ, ਹਜ਼ੂਰੀ ਕੀਰਤਨੀਏ ਸਿੰਘ ਤੇ ਸਮੂਹ ਸੰਗਤ ਗੁਰਬਾਣੀ ਕੀਰਤਨ ਕਰਦੇ ਹੋਏ ਤੁਰੇ। ਮਾਰਚ ਦਾ ਨਗਰ ਮਕਸੂਦੜਾ ਦੇ ਵੱਖ ਵੱਖ ਪੜਾਵਾਂ ਸਮੇਤ ਇਤਿਹਾਸਕ ਨਗਰ ਘੁਡਾਣੀ ਕਲਾਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ।