ਮਲੋਟ-ਸ੍ਰੀ ਮੁਕਤਸਰ ਸਾਹਿਬ ਮਾਰਗ ਦੀ ਉਸਾਰੀ ਲਈ ਪੈਦਲ ਮਾਰਚ
ਲਖਵਿੰਦਰ ਸਿੰਘ
ਮਲੋਟ, 11 ਜੂਨ
ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਦੀ ਮੁੜ ਉਸਾਰੀ ਲਈ ਅੱਜ ਆਮ ਆਦਮੀ ਪਾਰਟੀ ਦੇ ਮੁਅੱਤਲ ਆਗੂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਪੈਦਲ ਰੋਸ ਮਾਰਚ ਕਰਨ ਲਈ ਰਵਾਨਾ ਹੋਏ। ਇਸ ਮਾਰਚ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਣੇ ਸ਼ਹਿਰ ਦੇ ਲੋਕਾਂ ਨੇ ਵੀ ਹਿੱਸਾ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਾਹਿਲ ਮੌਂਗਾ, ਰਾਜੀਵ ਉੱਪਰ ਬੱਬੂ ਅਤੇ ਗੁਰਮੇਲ ਸਿੰਘ ਸਰਾਂ ਨੇ ਦੱਸਿਆ ਕਿ ਇਹ ਰੋਡ ਵਾਹਨਾਂ ਦੇ ਚੱਲਣਯੋਗ ਨਹੀਂ ਰਿਹਾ। ਇਸ ਉੱਪਰ ਪੈਦਲ ਚੱਲ ਕੇ ਹੀ ਸਫ਼ਰ ਕੀਤਾ ਜਾ ਸਕਦਾ ਹੈ। ਸੜਕ ਦੀ ਮਾੜੀ ਹਾਲਤ ਕਰ ਕੇ ਜਾਨੀ-ਮਾਲੀ ਨੁਕਸਾਨ ਦਾ ਖ਼ਦਸ਼ਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ। ਗਰਮੀ ਦੇ ਮੱਦੇਨਜ਼ਰ ਲੋਕਾਂ ਵੱਲੋਂ ਰਾਹ ਵਿੱਚ ਲੰਗਰ ਤੇ ਜਲ ਦੀ ਸੇਵਾ ਲਈ ਛਬੀਲਾਂ ਲਗਾਈਆਂ ਗਈਆਂ ਸਨ।
ਅੱਜ ਕੀਤਾ ਜਾਵੇਗਾ ਸੜਕ ਦਾ ਕੰਮ ਸ਼ੁਰੂ: ਬਲਜੀਤ ਕੌਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਹ ਭਲਕੇ ਹੀ ਇਸ ਸੜਕ ਦਾ ਉਸਾਰੀ ਕਾਰਜ ਸ਼ੁਰੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਤਕਨੀਕੀ ਕਾਰਨਾਂ ਕਰ ਕੇ ਸੜਕ ਦੇ ਕੰਮ ਵਿੱਚ ਦੇਰੀ ਜ਼ਰੂਰ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹਨ। ਉਨ੍ਹਾਂ ਸਵੇਰੇ ਸੜਕ ਦੇ ਉਦਘਾਟਨ ਸਮਾਰੋਹ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਹੈ।
ਕਾਂਗਰਸੀ ਆਗੂ ਨੇ ਸਵਾਲਾਂ ਤੋਂ ਟਾਲਾ ਵੱਟਿਆ
ਇਸ ਰੋਸ ਮਾਰਚ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਆਪੋ-ਆਪਣੀ ਸਿਆਸਤ ਚਮਕਾਉਣ ਲਈ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕਾਂਗਰਸੀ ਆਗੂ ਰੁਪਿੰਦਰ ਕੌਰ ਰੂਬੀ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਦੀ ਸਰਕਾਰ ਨੇ ਇਸ ਸੜਕ ਵੱਲ ਧਿਆਨ ਕਿਉਂ ਨਹੀਂ ਦਿੱਤਾ ਤਾਂ ਉਨ੍ਹਾਂ ਇਸ ਦਾ ਜਵਾਬ ਦੇਣ ਤੋਂ ਟਾਲਾ ਵੱਟ ਲਿਆ।