ਪੈਦਲ ਚਾਲ: ਪੰਜਾਬ ਦੇ ਅਕਸ਼ਦੀਪ ਨੇ ਆਪਣਾ ਕੌਮੀ ਰਿਕਾਰਡ ਤੋੜਿਆ
ਚੰਡੀਗੜ੍ਹ, 30 ਜਨਵਰੀ
ਪੈਰਿਸ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਪੰਜਾਬ ਦੇ ਅਕਸ਼ਦੀਪ ਸਿੰਘ ਨੇ ਕੌਮੀ ਓਪਨ ਪੈਦਲ ਚਾਲ ਮੁਕਾਬਲੇ ’ਚ ਅੱਜ ਇੱਥੇ ਪੁਰਸ਼ 20 ਕਿਲੋਮੀਟਰ ਵਰਗ ’ਚ ਆਪਣਾ ਹੀ ਕੌਮੀ ਰਿਕਾਰਡ ਤੋੜ ਦਿੱਤਾ। ਅਕਸ਼ਦੀਪ ਸਿੰਘ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ ਜੰਮਪਲ ਹੈ।
ਰਾਂਚੀ ਵਿੱਚ ਕੌਮੀ ਓਪਨ ਪੈਦਲ ਚਾਲ ਮੁਕਾਬਲਾ-2023 ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਨੇ ਅੱਜ 1 ਘੰਟਾ 19 ਮਿੰਟ ਤੇ 38 ਸਕਿੰਟਾਂ ਦਾ ਸਮਾਂ ਕੱਢਦਿਆਂ ਆਪਣਾ ਪਿਛਲਾ 1 ਘੰਟਾ 19 ਮਿੰਟ ਤੇ 55 ਸਕਿੰਟਾਂ ਦਾ ਰਿਕਾਰਡ ਤੋੜਿਆ। ਦੌੜ ਵਿੱਚ ਉੱਤਰਾਖੰਡ ਦਾ ਸੂਰਜ ਪੰਵਾਰ ਦੂਜੇ ਥਾਂ ’ਤੇ ਰਿਹਾ ਜਿਸ ਨੇ ਪੈਰਿਸ ਓਲੰਪਿਕ ਲਈ 1 ਘੰਟਾ 20 ਤੇ 10 ਸਕਿੰਟਾਂ ਦਾ ਕੁਆਲੀਫਾਇੰਗ ਮਾਰਕ ਪਾਰ ਕੀਤਾ। ਪੰਵਾਰ ਨੇ 1 ਘੰਟਾ 19 ਤੇ 43 ਸਕਿੰਟਾਂ ਦੇ ਸਮੇਂ ਨਾਲ 20 ਕਿਲੋਮੀਟਰ ਦੌੜ ਪੂੁਰੀ ਕੀਤੀ। ਸੂਰਜ ਪੰਵਾਰ ਪੁਰਸ਼ 20 ਕਿਲੋਮੀਟਰ ਪੈਦਲ ਚਾਲ ਵਰਗ ’ਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਚੌਥਾ ਭਾਰਤੀ ਹੈ। ਇਨ੍ਹਾਂ ਤੋਂ ਇਲਾਵਾ ਪਰਮਜੀਤ ਬਿਸ਼ਟ ਤੇ ਵਿਕਾਸ ਸਿੰਘ ਵੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਇੱਕ ਦੇਸ਼ ਦੇ ਤਿੰਨ ਖਿਡਾਰੀ ਹੀ ਟਰੈਕ ਐਂਡ ਫੀਲਡ ਦੇ ਵਿਅਕਤੀਗਤ ਮੁਕਾਬਲੇ ’ਚ ਹਿੱਸਾ ਲੈ ਸਕਦੇ ਹਨ ਤੇ ਹੁਣ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਤੈਅ ਕਰਨਾ ਹੈ ਕਿ ਉਕਤ ਚਾਰਾਂ ਵਿੱੋਂ ਕੌਣ ਪੈਰਿਸ ਜਾਵੇਗਾ। ਮੁੱਖ ਅਥਲੈਟਿਕਸ ਕੋਚ ਰਾਧਾਕ੍ਰਿਸ਼ਨਨ ਨਾਇਰ ਨੇ ਕਿਹਾ ਕਿ ਆਖਰੀ ਚੋਣ ਜੂਨ ਮਹੀਨੇ ਹੋਵੇਗੀ। ਇਸ ਤੋਂ ਇਲਾਵਾ ਔਰਤਾਂ ਦੀ 20 ਕਿਲੋਮੀਟਰ ਪੈਦਲ ਚਾਲ ’ਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਅਧੀਨ ਪਿੰਡ ਖੈਰਾ ਖੁਰਦ ਦੀ ਮੰਜੂ ਰਾਣੀ ਨੇ 1 ਘੰਟਾ 33 ਮਿੰਟਾਂ ਨਾਲ ਆਪਣਾ ਵਿਅਕਤੀਗਤ ਸਰਵੋਤਮ ਸਮਾਂ ਕੱਢਦਿਆਂ ਸੋਨ ਤਗ਼ਮਾ ਜਿੱਤਿਆ। ਇਸ ਮੁਕਾਬਲੇ ’ਚ ਉੱਤਰਾਖੰਡ ਦੀ ਪਾਇਲ ਤੇ ਉੱਤਰ ਪ੍ਰਦੇਸ਼ ਦੀ ਮੁਨੀਤਾ ਪ੍ਰਜਾਪਤੀ ਨੇ ਕ੍ਰਮਵਾਰ ਚਾਂਦੀ ਤੇ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇੇ। ਇਸੇ ਦੌਰਾਨ ਹਰਿਆਣਾ ਦੀ ਆਰਤੀ ਨੇ ਅੰਡਰ-20 ਔਰਤਾਂ ਦੀ 10 ਕਿਲੋਮੀਟਰ ਪੈਦਲ ਚਾਲ ’ਚ 47 ਮਿੰਟ ਤੇ 3 ਸਕਿੰਟਾਂ ਦੇ ਸਮੇਂ ਨਾਲ ਕੌਮੀ ਰਿਕਾਰਡ ਤੋੜਿਆ। ਪੁਰਸ਼ਾਂ ਦੇ ਅੰਡਰ-20 ਵਰਗ ਦੇ 10 ਕਿਲੋਮੀਟਰ ਮੁਕਾਬਲੇ ’ਚ ਉੱਤਰਾਖੰਡ ਦਾ ਹਿਮਾਂਸ਼ੂ ਕੁਮਾਰ ਜੇਤੂ ਰਿਹਾ, ਜਿਸ ਨੇ ਇਹ ਦੌੜ 41 ਮਿੰਟ ਤੇ 11 ਸਕਿੰਟਾਂ ’ਚ ਪੂਰੀ ਕੀਤੀ। -ਪੀਟੀਆਈ