ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਚੱਲੋ: ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਘੱਗਰ ਦੇ ਪੁਲ ’ਤੇ ਕੰਧ ਉਸਾਰੀ

08:36 AM Feb 13, 2024 IST
ਗੂਹਲਾ ਚੀਕਾ ਵਿੱਚ ਲੈਂਟਰ ਪਾ ਕੇ ਕੰਕਰੀਟ ਦੇ ਪੱਥਰਾਂ ਦੀ ਕੰਧ ਉਸਾਰਦੇ ਹੋਏ ਮਜ਼ਦੂਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ ਭਲਕੇ 13 ਫਰਵਰੀ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੇ ਮੱਦੇਨਜ਼ਰ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੁਲੀਸ ਨੇ ਸ਼ਾਹਬਾਦ ਵਿੱਚ ਬੈਰੀਕੇਡਿੰਗ ਕਰ ਦਿੱਤੀ ਹੈ। ਜੇਕਰ ਕਿਸਾਨ ਸ਼ੰਭੂ ਬਾਰਡਰ ਤੇ ਅੰਬਾਲਾ ਨੂੰ ਪਾਰ ਕਰਕੇ ਸ਼ਾਹਬਾਦ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਰੋਕਣ ਲਈ ਘੱਗਰ ਦਰਿਆ ਦੇ ਪੁਲ ’ਤੇ ਲਗਪਗ 6 ਫੁੱਟ ਦੀ ਆਰਸੀਸੀ ਕੰਧ ਖੜ੍ਹੀ ਕਰ ਦਿੱਤੀ ਹੈ। ਇਹ ਕੰਧ ਡੀਸੀ ਸ਼ਾਂਤਨੂੰ ਸ਼ਰਮਾ ਤੇ ਪੁਲੀਸ ਜ਼ਿਲ੍ਹਾ ਕਪਤਾਨ ਸੁਰਿੰਦਰ ਸਿੰਘ ਭੌਰੀਆ ਦੀ ਮੌਜੂਦਗੀ ਵਿਚ ਪੀਡਬਲਿਊਡੀ ਵੱਲੋਂ ਬਣਾਈ ਗਈ ਹੈ। ਇਸ ਤੋਂ ਇਲਾਵਾ ਜਲੇਬੀ ਪੁਲ ਅਤੇ ਘੱਗਰ ਦਰਿਆ ਨਾਲ ਲੱਗਦੇ ਦੋ ਹੋਰ ਪੁਲਾਂ ਦੇ ਨੇੜੇ ਸੀਮਿੰਟ ਤੇ ਲੋਹੇ ਦੇ ਬੈਰੀਕੇਡ ਲਾਉਣ ਤੋਂ ਇਲਾਵਾ ਨਾਲ ਲੱਗਦੇ ਕੱਚੇ ਰਸਤਿਆਂ ਨੂੰ ਬੰਦ ਕਰਵਾ ਦਿੱਤਾ ਹੈ।
ਡਿਪਟੀ ਕਮਸ਼ਿਨਰ ਸ਼ਾਂਤਨੂੰ ਸ਼ਰਮਾ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 14 ਫਰਵਰੀ ਤੱਕ ਧਾਰਾ 144 ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜ ਜਾਂ ਪੰਜ ਤੋਂ ਜ਼ਿਆਦਾ ਲੋਕਾਂ ਨੂੰ ਇਕ ਥਾਂ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਜੋ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲਘੰਣਾ ਕਰੇਗਾ ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਕੰਮ ਤੋਂ ਬਗੈਰ ਬਾਹਰ ਨਾ ਨਿਕਲਣ। ਦੂਜੇ ਪਾਸੇ ਸਰਕਾਰ ਵਲੋਂ ਇੰਟਰਨੈਟ ਬੰਦ ਕਰ ਦਿੱਤੇ ਜਾਣ ਕਾਰਨ ਸੋਸ਼ਲ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈੈ।

Advertisement

ਫਤਿਹਾਬਾਦ ਬਰਾਂਚ ਨਹਿਰ ਦੇ ਪੁਲ ’ਤੇ ਨੁਕੀਲੇ ਕਿੱਲ ਗੱਡੇ

ਟੋਹਾਣਾ ਵਿੱਚ ਨਹਿਰ ਦੇ ਪੁਲ ’ਤੇ ਕਿੱਲ ਗੱਡਦੇ ਹੋਏ ਮੁਲਾਜ਼ਮ।

ਟੋਹਾਣਾ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜ਼ਿਲ੍ਹਾ ਪੁਲੀਸ ਦੀ ਮਦਦ ਨਾਲ ਸੁਰੱਖਿਆ ਬਲਾਂ ਨੇ ਪੰਜਾਬ-ਹਰਿਆਣਾ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ’ਤੇ ਨਾਕਾਬੰਦੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੂਣਕ-ਟੋਹਾਣਾ ਨੂੰ ਜੋੜਨ ਵਾਲੀ ਸੜਕ ’ਤੇ ਡੂੰਘੇ ਟੋਏ ਪੁੱਟ ਦਿੱਤੇ ਹਨ ਤੇ ਨਹਿਰ ਦੇ ਪੁਲਾਂ ਨੂੰ ਬੰਦ ਕਰਨ ਲਈ ਵੱਡੇ ਪਿੱਲਰ ਰੱਖੇ ਗਏ ਹਨ। ਇਸ ਤੋਂ ਇਲਾਵਾ ਫਤਿਹਾਬਾਦ ਬ੍ਰਾਂਚ ਨਹਿਰ ਦੇ ਪੁਲ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰਕੇ ਸੜਕ ’ਤੇ ਤਿੰਨ ਕਤਾਰਾਂ ਸਟੀਲ ਦੀਆਂ ਨੁਕੀਲੇ ਕਿੱਲ ਗੱਡੇ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾਵੇਗਾ।

ਡੀਸੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਗੂਹਲਾ ਚੀਕਾ (ਪੱਤਰ ਪ੍ਰੇਰਕ): ਦਿੱਲੀ ਚੱਲੋਂ ਪ੍ਰੋਗਰਾਮ ਦੇ ਸਬੰਧ ’ਚ ਕੈਥਲ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਉਪਾਸਨਾ ਨੇ ਟਟਿਆਣਾ ਨਾਕੇ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਫ਼ਤਿਹਾਬਾਦ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਰੋਕਣ ਗੂਹਲਾ ਚੀਕਾ ਦੀਆਂ ਸੜਕਾਂ ’ਤੇ ਕੰਕਰੀਟ ਦੇ ਪੱਥਰਾਂ ਨਾਲ ਕੰਧਾਂ ਉਸਾਰੀਆਂ ਜਾ ਰਹੀ ਹਨ।

Advertisement

Advertisement