ਵਕਫ਼ ਬੋਰਡ ਦੇ ਮੁਲਾਜ਼ਮਾਂ ਨੂੰ ਮਿਲਣਗੇ ਬੀਮੇ ਦੇ ਸਾਰੇ ਲਾਭ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਜਨਵਰੀ
ਪੰਜਾਬ ਵਕਫ਼ ਬੋਰਡ ਨੇ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਅਜਿਹਾ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਨਾਲ ਪੰਜਾਬ ਵਕਫ਼ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਪੰਜਾਬ ਪੁਲੀਸ ਦੀ ਤਰਜ਼ ’ਤੇ ਬੀਮੇ ਦੇ ਸਾਰੇ ਲਾਭ ਮਿਲਣਗੇ। ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਕ ਤੇ ਏਡੀਜੀਪੀ ਐੱਮ.ਐੱਫ. ਫਾਰੂਕੀ ਨੇ ਦੱਸਿਆ ਕਿ ਬੋਰਡ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਬੋਰਡ ਦੀ ਨੈਤਿਕ ਜ਼ਿੰਮੇਵਾਰੀ ਹੈ। ਵਕਫ਼ ਬੋਰਡ ਵੱਲੋਂ ਐਚ.ਡੀ.ਐਫ.ਸੀ. ਬੈਂਕ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਹੁਣ ਵਕਫ਼ ਬੋਰਡ ਦੇ ਮੁਲਾਜ਼ਮਾਂ ਨੂੰ ਦੁਰਘਟਨਾ ਸਬੰਧੀ ਬੀਮੇ ਦੇ ਸਾਰੇ ਲਾਭ ਮਿਲਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵਕਫ਼ ਬੋਰਡ ਦੇ ਦੋ ਮੁਲਾਜ਼ਮਾਂ ਦੀ ਕੁਦਰਤੀ ਮੌਤ ਹੋਈ ਸੀ ਅਤੇ ਇਸ ਸਕੀਮ ਤਹਿਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਵਕਫ਼ ਬੋਰਡ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਕਰਨ ਲਈ ਇਹ ਵੱਡਾ ਕਦਮ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਕਫ਼ ਬੋਰਡ ਦੇ ਮੁਲਾਜ਼ਮਾਂ ਨੂੰ ਦੁਰਘਟਨਾ ਨਾਲ ਮੌਤ ਹੋਣ ’ਤੇ 50 ਲੱਖ ਰੁਪਏ ਤੱਕ, ਸਥਾਈ ਤੌਰ ’ਤੇ ਅਪੰਗ ਹੋਣ ’ਤੇ 50 ਲੱਖ ਰੁਪਏ ਤੱਕ ਲਾਭ, ਸਿੱਖਿਆ ਲਾਭ ਦੇ ਤਹਿਤ ਖ਼ਾਤਾਧਾਰਕ ਦੇ ਦੋ ਬੱਚਿਆਂ ਨੂੰ 4 ਲੱਖ ਰੁਪਏ ਤੱਕ ਦਾ ਲਾਭ, ਕੁਦਰਤੀ ਮੌਤ ਹੋਣ ’ਤੇ 5 ਲੱਖ ਰੁਪਏ ਦੇ ਲਾਭ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਸਹੂਲਤ ਲਈ ਰਿਲੇਸ਼ਨਸ਼ਿਪ ਮੈਨੇਜਰ ਵੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਲੈਣ-ਦੇਣ ਜਿਵੇਂ ਡਿਮਾਂਡ ਡਰਾਫ਼ਟ, ਪਲੈਟੀਨੇਮ ਡੇਬਿਟ ਕਾਰਡ, ਤਿੰਨ ਕਰੋੜ ਤੱਕ ਅੰਤਰਰਾਸ਼ਟਰੀ ਦੁਰਘਟਨਾ ਕਵਰ ਅਤੇ ਪਰਿਵਾਰਿਕ ਮੈਂਬਰਾਂ ਦਾ ਜ਼ੀਰੋ ਬੇਲੈਂਸ ਬੈਂਕ ਖ਼ਾਤਾ ਸ਼ਾਮਿਲ ਹੈ।ਐੱਚਡੀਐਫਸੀ ਬੈਂਕ ਵੱਲੋਂ ਇਸ ਲਈ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਹੈ ਜੋ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗਾ। ਇਸ ਪਾਲਿਸੀ ਤਹਿਤ ਪੰਜਾਬ ਵਕਫ਼ ਬੋਰਡ ਦੇ ਦਫ਼ਤਰੀ ਮੁਲਾਜ਼ਮਾਂ ਸਮੇਤ ਸਕੂਲ-ਕਾਲਜ ਦੇ ਹੋਰ ਕਰਮਚਾਰੀ ਵੀ ਸ਼ਾਮਲ ਹਨ।