ਜਾਗਣ ਦਾ ਵੇਲਾ
ਸ਼ਿਵੰਦਰ ਕੌਰ
ਵਧਦੀ ਉਮਰ ਨਾਲ ਸਿਹਤ ਸਬੰਧੀ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ। ਉਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਡਾਕਟਰਾਂ ਵੱਲ ਜਾਂਦੇ ਹਾਂ ਪਰ ਡਾਕਟਰ ਤੋਂ ਦਵਾਈ ਲੈਣੀ ਕੋਈ ਸੌਖਾ ਕੰਮ ਨਹੀਂ। ਇਉਂ ਲੱਗਦੈ, ਜਿਵੇਂ ਹਰ ਕੋਈ ਦਵਾਈ ਲੈਣ ਹਸਪਤਾਲ ਆ ਗਿਆ ਹੋਵੇ।
ਕਈ ਦਿਨਾਂ ਤੋਂ ਮੋਢਾ ਦੁਖਦਾ ਸੀ। ਸੋਚਿਆ, ਦਵਾਈਆਂ ਖਾਣ ਨਾਲੋਂ ਫਿਜਿਓਥਰੈਪੀ ਵਿਭਾਗ ਵਿੱਚ ਜਾ ਕੇ ਥਰੈਪੀ ਕਰਵਾ ਲਵਾਂ। ਨੌਂ ਕੁ ਵਜੇ ਸਰਕਾਰੀ ਹਸਪਤਾਲ ਚਲੀ ਗਈ। ਅੱਗੇ ਜਾ ਕੇ ਕੀ ਦੇਖਦੀ ਹਾਂ, ਪਰਚੀ ਕਟਵਾਉਣ ਵਾਲੀ ਜਗ੍ਹਾ ’ਤੇ ਲੰਮੀਆਂ ਕਤਾਰਾਂ ਹਨ। ‘ਮਰਦਾ ਕੀ ਨਾ ਕਰਦਾ’ ਵਾਲੀ ਕਹਾਵਤ ਅਨੁਸਾਰ ਕਤਾਰ ਵਿੱਚ ਲੱਗ ਗਈ। ਇੱਕ ਘੰਟੇ ਬਾਅਦ ਵਾਰੀ ਆਈ। ਉੱਥੋਂ ਪਰਚੀ ਕਟਵਾ ਕੇ ਫਿਜਿਓਥਰੈਪੀ ਵਿਭਾਗ ਵਿੱਚ ਨਾਂ ਲਿਖ ਰਹੇ ਮੁੰਡੇ ਨੂੰ ਜਾ ਫੜਾਈ। ਉੱਥੇ ਵੀ ਮਰੀਜ਼ਾਂ ਦਾ ਉਹੀ ਹਾਲ! ਮਰੀਜ਼ਾਂ ਦੇ ਬੈਠਣ ਲਈ ਲਾਈਆਂ ਕੁਰਸੀਆਂ ਭਰ ਚੁੱਕੀਆਂ ਸਨ। ਉਸ ਨੇ ਨਾਂ ਲਿਖ ਕੇ ਵਾਰੀ ਆਉਣ ’ਤੇ ਡਾਕਟਰ ਕੋਲ ਜਾਣ ਲਈ ਕਿਹਾ। ਵਾਰੀ ਆਉਣ ’ਤੇ ਡਾਕਟਰ ਨੇ ਮੋਢਾ ਦੇਖਣ ਤੋਂ ਪਹਿਲਾਂ ਐਕਸਰੇ ਕਰਵਾ ਕੇ ਲਿਆਉਣ ਲਈ ਲਿਖ ਦਿੱਤਾ। ਗਿਆਰਾਂ ਨੰਬਰ ਕਮਰੇ ਵਿੱਚ ਐਕਸਰੇ ਕਰਵਾਉਣ ਗਈ... ਉੱਥੇ ਕਿਹੜਾ ਘੱਟ ਭੀੜ ਸੀ! ਵਾਰੀ ਲਈ ਮੁੜ ਲਾਈਨ ’ਚ ਲੱਗ ਗਈ। ਵਾਰੀ ਆਉਂਦਿਆਂ ਵਾਹਵਾ ਸਮਾਂ ਲੱਗ ਗਿਆ। ਜਦੋਂ ਨੂੰ ਐਕਸਰੇ ਲੈ ਕੇ ਮੁੜ ਫਿਜਿਓਥਰੈਪੀ ਵਾਲੇ ਵਿਭਾਗ ਵਿੱਚ ਪਹੁੰਚੀ, ਦੋ ਵੱਜ ਚੁੱਕੇ ਸਨ ਤੇ ਹਸਪਤਾਲ ਬੰਦ ਹੋਣ ਦਾ ਸਮਾਂ ਹੋ ਚੁੱਕਿਆ ਸੀ ਪਰ ਨੇਕ ਦਿਲ ਡਾਕਟਰ ਅਤੇ ਉਸ ਦੇ ਦੋ ਸਹਾਇਕ ਅਜੇ ਆਪਣਾ ਕੰਮ ਕਰ ਰਹੇ ਸਨ। ਮੇਰੀ ਵਾਰੀ ਆਉਣ ਤੋਂ ਪਹਿਲਾਂ ਹੀ ਡਾਕਟਰ ਨੇ ਮਰੀਜ਼ਾਂ ਨੂੰ ਹੁਣ ਕੱਲ੍ਹ ਨੂੰ ਆਉਣ ਲਈ ਕਹਿ ਦਿੱਤਾ।
ਭੀੜ ਦਾ ਇਹ ਹਾਲ ਸਿਰਫ਼ ਸਰਕਾਰੀ ਹਸਪਤਾਲਾਂ ਵਿੱਚ ਹੀ ਨਹੀਂ, ਕਿਸੇ ਵੀ ਪ੍ਰਾਈਵੇਟ ਹਸਪਤਾਲ ਚਲੇ ਜਾਉ, ਤੁਹਾਨੂੰ ਇਹੀ ਹਾਲ ਮਿਲੇਗਾ। ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ। ਕਿਸੇ ਦੇ ਚਿਹਰੇ ’ਤੇ ਰੌਣਕ ਨਹੀਂ। ਹਰ ਚਿਹਰਾ ਕੁਮਲਾਇਆ ਅਤੇ ਬੁਝਿਆ-ਬੁਝਿਆ ਲੱਗਦਾ। ਇਉਂ ਮਹਿਸੂਸ ਹੁੰਦਾ ਜਿਵੇਂ ਸਾਰਾ ਪੰਜਾਬ ਹੀ ਬਿਮਾਰ ਹੋਵੇ।
ਮਨ ਵਿਚ ਵਿਚਾਰ ਆਉਂਦਾ ਕਿ ਮਰੀਜ਼ਾਂ ਦੀ ਗਿਣਤੀ ਕਿਉਂ ਦਿਨੋ-ਦਿਨ ਵਧ ਰਹੀ ਹੈ। ਫਿਰ ਧਿਆਨ ਬਚਪਨ ਵਿੱਚ ਦੇਖੇ ਆਪਣੇ ਬਜ਼ੁਰਗਾਂ ਵੱਲ ਚਲਿਆ ਜਾਂਦਾ ਹੈ, ਉਨ੍ਹਾਂ ਦੀ ਤੰਦਰੁਸਤ ਜ਼ਿੰਦਗੀ ਯਾਦ ਆਉਂਦੀ ਹੈ, ਭਾਵੇਂ ਉਸ ਸਮੇਂ ਸਿਹਤ ਸਹੂਲਤਾਂ ਨਿਗੂਣੀਆਂ ਹੁੰਦੀਆਂ ਸਨ। ਨਾ ਤਾਂ ਐਨੇ ਹਸਪਤਾਲ ਹੁੰਦੇ ਸਨ ਤੇ ਨਾ ਹੀ ਡਾਕਟਰ। ਉਨ੍ਹਾਂ ਦੀ ਤੰਦਰੁਸਤੀ ਭਰੀ ਲੰਮੀ ਉਮਰ ਬਾਰੇ ਸੋਚਦਿਆਂ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਸਾਹਮਣੇ ਆ ਜਾਂਦੀ ਹੈ ਕਿ ਕਿਸ ਤਰ੍ਹਾਂ ਉਸ ਸਮੇਂ ਸਾਰੇ ਕੰਮ ਖੁਦ ਕਰਨ ਦਾ ਰਿਵਾਜ ਸੀ। ਉਹ ਆਪਣੀਆਂ ਘਰੇਲੂ ਲੋੜਾਂ ਘਰ ਅਤੇ ਪਿੰਡ ਵਿਚੋਂ ਹੀ ਪੂਰੀਆਂ ਕਰ ਲੈਂਦੇ ਸਨ। ਖੇਤਾਂ ਵਿਚ ਪੈਦਾ ਕੀਤਾ ਅਨਾਜ, ਸਬਜ਼ੀਆਂ, ਫਲ, ਘਰ ਰੱਖੇ ਪਸ਼ੂਆਂ ਤੋਂ ਪ੍ਰਾਪਤ ਕੀਤਾ ਦੁੱਧ ਘਿਓ ਤੇ ਲੱਸੀ, ਘਰ ਦੀ ਸਰੋਂ ਦਾ ਕਢਵਾਇਆ ਤੇਲ, ਘਰ ਦਾ ਪੈਦਾ ਕੀਤਾ ਗੁੜ, ਸ਼ੱਕਰ ਅਤੇ ਇਨ੍ਹਾਂ ਸਭ ਵਸਤਾਂ ਤੋਂ ਘਰੇ ਬਣਾਇਆ ਖਾਣ ਦਾ ਸਮਾਨ ਖੁਰਾਕ ਦਾ ਹਿੱਸਾ ਸੀ ਜੋ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਸੀ। ਮਨ ਦੀ ਤੰਦਰੁਸਤੀ ਲਈ ਸਭ ਤੋਂ ਵੱਡੀ ਗੱਲ ਭਾਈਚਾਰਕ ਸਾਂਝ ਦੀਆਂ ਜੜ੍ਹਾਂ ਡੂੰਘੀਆਂ ਸਨ। ਜੇ ਕਿਸੇ ਪਰਿਵਾਰ ਕੋਲ ਕਿਸੇ ਤਰ੍ਹਾਂ ਦੀ ਥੁੜ੍ਹ ਹੁੰਦੀ ਸੀ ਤਾਂ ਦੂਜੇ ਉਸ ਦੀ ਮਦਦ ਕਰ ਦਿੰਦੇ ਸਨ।
ਹੁਣ ਸਾਡਾ ਸਿਸਟਮ ਕਾਰਪੋਰੇਟ ਪੱਖੀ ਹੈ। ਸਾਡੇ ਸਾਹਮਣੇ ਉਹੀ ਕੁਝ ਪਰੋਸਿਆ ਜਾਂਦਾ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਨਿੱਤ ਟੀਵੀ ਚੈਨਲਾਂ ਉੱਤੇ ਦਿਖਾਏ ਜਾਂਦੇ ਖਾਣ-ਪੀਣ ਦੀਆਂ ਵਸਤਾਂ ਦੇ ਇਸ਼ਤਿਹਾਰ ਆਪਣੇ ਵੱਲ ਖਿੱਚਦੇ ਹਨ। ਫਿਲਮਾਂ ਅਤੇ ਸੀਰੀਅਲਾਂ ਵਿੱਚ ਦਿਖਾਇਆ ਜਾਂਦਾ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਢੰਗ ਵੀ ਸਾਡੇ ਉੱਤੇ ਅਸਰ ਪਾਉਂਦਾ ਹੈ। ਇਹ ਸਭ ਕੁਝ ਦੇਖਦਿਆਂ ਸਾਡਾ ਖਾਣ-ਪੀਣ ਤੇ ਰਹਿਣ-ਸਹਿਣ ਬਦਲ ਗਿਆ। ਭਾਈਚਾਰਕ ਸਾਂਝਾ ਪੇਤਲੀਆਂ ਹੋ ਗਈਆਂ। ਘਰ ਦੇ ਪੌਸ਼ਟਿਕ ਖਾਣੇ ਦੀ ਥਾਂ ਫਾਸਟ ਫੂਡ ਅਤੇ ਲਿਫਾਫਾਬੰਦ ਭੋਜਨ ਨੇ ਲੈ ਲਈ। ਇਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੇ ਸਾਡੇ ਖਾਣ-ਪੀਣ ਤੇ ਜੀਵਨ ਦੀਆਂ ਹੋਰ ਉਪਯੋਗੀ ਲੋੜਾਂ ਵਿਚੋਂ ਆਪਣੇ ਮੁਨਾਫਿਆਂ ’ਤੇ ਅੱਖ ਟਿਕਾ ਲਈ। ਸਰਮਾਏਦਾਰੀ ਤੇ ਕਾਰਪੋਰੇਟ ਘਰਾਣਿਆਂ ਦੀ ਇਜਾਰੇਦਾਰੀ ਇੰਨੀ ਹਾਵੀ ਹੋ ਗਈ ਕਿ ਉਨ੍ਹਾਂ ਖਾਲਸ ਵਸਤੂਆਂ ਦੀ ਥਾਂ ਮਨਸੂਈ ਵਸਤੂਆਂ ਪੈਦਾ ਕਰ ਕੇ ਸਾਡੀ ਜੀਵਨ ਸ਼ੈਲੀ ਹੀ ਬਦਲ ਦਿੱਤੀ। ਉਨ੍ਹਾਂ ਦੀ ਸੋਚ ਮੁਤਾਬਿਕ ਮਨੁੱਖੀ ਜੀਭ ਦੇ ਵੱਖੋ-ਵੱਖਰੇ ਸੁਆਦੀ ਖਾਣੇ ਤਿਆਰ ਕਰ ਕੇ ਪਰੋਸੇ ਜਾ ਰਹੇ ਹਨ ਜੋ ਸੁਆਦੀ ਤਾਂ ਹਨ ਪਰ ਪੌਸ਼ਟਿਕਤਾ ਪੱਖੋਂ ਉਨ੍ਹਾਂ ਵਿੱਚ ਉਹ ਗੁਣ ਕਿੱਥੇ ਜੋ ਮੋਟੇ ਅਨਾਜ ਤੋਂ ਘਰੇ ਤਿਆਰ ਕੀਤੇ ਖਾਣਿਆਂ ਵਿੱਚ ਹੁੰਦਾ ਸੀ। ਉਹ ਸਿਹਤ ਦੇ ਮਿਆਰ ’ਤੇ ਪੂਰੇ ਨਹੀਂ ਉਤਰਦੇ, ਨਾਲ ਹੀ ਲਿਫਾਫਾਬੰਦ ਭੋਜਨ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਬਿਮਾਰ ਵਿਅਕਤੀ ਹਸਪਤਾਲ ਵੱਲ ਭੱਜ ਰਹੇ ਹਨ। ਦਵਾਈਆਂ ਵਾਲੀਆਂ ਕੰਪਨੀਆਂ ਵੱਡਾ ਮੁਨਾਫਾ ਕਮਾ ਰਹੀਆਂ ਹਨ। ਹੁਣ ਤਾਂ ਹਰ ਸ਼ਹਿਰ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹਸਪਤਾਲ ਖੁੱਲ੍ਹ ਗਏ ਹਨ ਜੋ ਇਲਾਜ ਦੇ ਨਾਂ ’ਤੇ ਮਰੀਜ਼ਾਂ ਦੀ ਲੁੱਟ ਕਰਦੇ ਹਨ। ਸੂਬੇ ਦਾ ਅੱਸੀ ਫੀਸਦੀ ਸਿਹਤ ਢਾਂਚਾ ਅੱਜ ਪ੍ਰਾਈਵੇਟ ਹੱਥਾਂ ਦੀ ਜਕੜ ਵਿੱਚ ਹੈ ਜੋ ਮੁਨਾਫੇ ਨੂੰ ਤਰਜੀਹ ਦਿੰਦਾ ਹੈ।
ਸਾਡੇ ਬਜ਼ੁਰਗ ਕੁਦਰਤ ਨੂੰ ਪਿਆਰ ਕਰਨ ਵਾਲੇ ਸਨ; ਇਥੋਂ ਤਕ ਕਿ ਉਹ ਕਈ ਰੁੱਖਾਂ ਨੂੰ ਪੂਜਦੇ ਵੀ ਸਨ ਪਰ ਅੱਜ ਦਾ ਵਿਕਾਸ ਮਨੁੱਖਤਾ ਤੇ ਕੁਦਰਤ ਪੱਖੀ ਹੋਣ ਦੀ ਥਾਂ ਮੁਨਾਫ਼ਾ ਪੱਖੀ ਹੈ। ਇਸ ਨਾਲ ਕੁਦਰਤੀ ਸੰਤੁਲਨ ਨਸ਼ਟ ਹੋ ਰਿਹਾ ਹੈ; ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ; ਇਉਂ ਅਨੇਕ ਆਫ਼ਤਾਂ ਤੇ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸਾਡੀਆਂ ਸਮਾਜਿਕ ਆਰਥਿਕ ਚਿੰਤਾਵਾਂ ਵਿੱਚ ਜਿੰਨਾ ਜਿ਼ਆਦਾ ਵਾਧਾ ਹੋਇਆ ਹੈ, ਉਸ ਦਾ ਮੂਲ ਕਾਰਨ ਕੁਦਰਤ ਦਾ ਉਜਾੜਾ ਹੈ।
ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਦਰੁਸਤ ਤੇ ਰਹਿਣ ਯੋਗ ਥਾਂ ਬਣਾਉਣ ਲਈ ਹੁਣ ਜਾਗਣ ਦਾ ਵੇਲਾ ਹੈ। ਸਿਹਤਮੰਦ ਵਾਤਾਵਰਨ ਸਿਰਜਣ ਲਈ ਸਾਨੂੰ ਚਾਹੀਦਾ ਹੈ ਕਿ ਰੁੱਖਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫੜੀਏ ਅਤੇ ਧਰਤੀ ਦਾ ਅਦਬ ਕਰੀਏ। ਖਾਣ ਪੀਣ ਦੇ ਮਾਮਲੇ ਵਿੱਚ ਸੋਚ ਵਿਚਾਰ ਕਰੀਏ ਅਤੇ ਘਰ ਦੇ ਬਣੇ ਖਾਣੇ ਨੂੰ ਮਹੱਤਤਾ ਦੇਈਏ। ਅੱਜ ਲੋਕਾਂ ਨੂੰ ਇਹ ਮੰਗ ਉਠਾਉਣੀ ਪਵੇਗੀ ਕਿ ਦੇਸ਼ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦਾ ਕੌਮੀਕਰਨ ਕੀਤਾ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ, ਨਵੇਂ ਹਸਪਤਾਲ ਤੇ ਕਲੀਨਿਕ ਖੋਲ੍ਹੇ ਜਾਣ ਤੇ ਇਨ੍ਹਾਂ ਵਿੱਚ ਹਰ ਬਿਮਾਰੀ ਦਾ ਇਲਾਜ ਸਸਤੇ ਤੋਂ ਸਸਤਾ ਕੀਤਾ ਜਾਵੇ। ਉਂਝ, ਸਿਰਫ ਕਹਿਣ ਨਾਲ ਇਹ ਸਭ ਸੰਭਵ ਨਹੀਂ ਹੋਵੇਗਾ। ਇਸ ਨੂੰ ਸੰਭਵ ਬਣਾਉਣ ਵਾਸਤੇ ਲੋਕਾਂ ਨੂੰ ਖ਼ੁਦ ਹੰਭਲਾ ਮਾਰਨਾ ਪਵੇਗਾ ਅਤੇ ਲੰਮਾ ਤੇ ਵੱਡਾ ਸੰਘਰਸ਼ ਕਰਨਾ ਪਵੇਗਾ।
ਸੰਪਰਕ: 76260-63596